ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, March 29, 2010

ਗੁਰਚਰਨ ਰਾਮਪੁਰੀ - ਨਜ਼ਮ

ਦੋਸਤੋ! ਅੱਜ ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਗੁਰਚਰਨ ਰਾਮਪੁਰੀ ਸਾਹਿਬ ਦੀਆਂ ਉਹਨਾਂ ਦੀ 1972 ਚ ਛਪੀ ਕਾਵਿ-ਪੁਸਤਕ ਅੰਨ੍ਹੀ ਗਲ਼ੀ ਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ। ਆਸ ਹੈ ਪਸੰਦ ਕਰੋਗੇ। ਹਸਪਤਾਲ ਚੋਂ ਵੀ ਉਹਨਾਂ ਨੇ ਫ਼ੋਨ ਕਰਕੇ ਮੇਰੀ ਸਦਾ ਹੌਸਲਾ-ਅਫ਼ਜ਼ਾਈ ਕੀਤੀ ਹੈ ਅਤੇ ਵਡਮੁੱਲੇ ਸੁਝਾਓ ਦਿੱਤੇ ਹਨ। ਅੱਜ ਇਹਨਾਂ ਨਜ਼ਮਾਂ ਨਾਲ਼ ਹੀ ਉਹਨਾਂ ਦੀ ਸਿਹਤਯਾਬੀ ਲਈ ਦੁਆ ਵੀ ਕਰਦੇ ਹਾਂ....ਆਮੀਨ!

ਅਦਬ ਸਹਿਤ

ਤਨਦੀਪ ਤਮੰਨਾ

*******

ਸੋਚ

ਨਜ਼ਮ

ਸੋਚ ਇੱਕ ਕਾਟੋ ਹੈ ਪਾਰੇ ਦੀ ਬਣੀ

ਜੋ ਹੁਣੇ ਧੁੱਪੇ ਜੜ੍ਹਾਂ ਦੇ ਕੋਲ਼ ਬੈਠੀ

ਨੀਝ ਲਾ ਆਲ਼ੇ-ਦੁਆਲ਼ੇ ਦੇਖਦੀ,

ਦੂਸਰੇ ਪਲ ਬਿਰਛ ਦੀ ਟੀਸੀ ਤੇ ਹੈ

ਪਹੁੰਚ ਗਈ ਮਿੱਟੀ ਨੂੰ ਛੱਡ ਮਹਿਬੂਬ ਕੋਲ਼ੇ।

...........

ਸਮਾਂ ਆਪਣੀ ਤੋਰ ਤਿੱਖੀ ਯੁੱਗਾਂ ਤੋਂ ਤੁਰਦਾ ਰਿਹਾ

ਪਰ ਕਦੇ ਨਾ ਮੇਲ਼ ਸਕਿਆ ਪੈਰ ਆਪਣਾ ਸੋਚ ਨਾਲ਼।

ਰੂਪ ਨੂੰ ਚੜ੍ਹਦੀ ਜਵਾਨੀ ਨਵੀਂ ਨਿੱਤੇ

ਫਿਰ ਵੀ ਉਹ ਨਾ ਸੋਚ ਦੀ ਹਾਨਣ ਬਣੀ

ਇਹ ਤਾਂ ਮਾਇਆ ਹੈ ਸਦਾ ਅਸਥਿਰ ਰਹੇ।

...........

ਇਹ ਪੁਜਾਰੀ ਹੈ

ਜੋ ਤੀਰਥ ਦੇ ਸਫ਼ਰ ਵਿਚਕਾਰ ਹੀ

ਕਈ ਉਦਿਆਲਕ ਸਮਾਧੀ ਦੀ ਜ਼ੰਜੀਰ

ਉਮਰ ਭਰ ਘੜਦੇ ਰਹੇ

ਨੈਣ ਖੁੱਲ੍ਹਦੇ ਹੀ ਤ੍ਰਿਸ਼ਨਾ ਚੁੰਗੀਆਂ ਭਰਦੀ ਮਿਲ਼ੀ।

...........

ਢਾਲ਼ ਲਈਆਂ ਲੋਹ-ਸਲਾਖਾਂ ਤਾਂ ਅਟੁੱਟ ਹਰਨਾਕਸ਼ਾਂ

ਸਿਰਜ ਲਏ ਕਾਨੂੰਨ ਲੱਖ ਤਨ ਦੇ ਲਈ

ਪਰ ਕੋਈ ਬੇਝੀਤ ਪਿੰਜਰਾ

ਬਣ ਨਹੀਂ ਸਕਿਆ ਅਜੇ ਮਨ ਦੇ ਲਈ।

=====

ਕਿੱਲਾ

ਨਜ਼ਮ

ਮੈਂ ਅਪਣੇ ਵਾਕਿਫ਼ ਥਾਵਾਂ ਤੇ ਹੀ ਮੁੜ ਮੁੜ ਕੇ ਨਿੱਤ ਜਾਂਦਾ ਹਾਂ

ਮੈਂ ਅਪਣੇ ਵਾਕਿਫ਼ ਲੋਕਾਂ ਨੂੰ ਹੀ ਮਿਲ਼ਦਾ ਹਾਂ

ਮੈਂ ਨਿੱਤਨੇਮੀ ਲੱਖਾਂ ਵਾਰੀ ਇੱਕੋ ਬਾਣੀ

ਪੜ੍ਹ ਬੈਠਾ ਹਾਂ, ਪਰ ਜਿਊਂਇਆਂ ਨਹੀਂ

ਇੱਕ ਵਿਸ਼ਵਾਸ ਸਦਾ ਲਈ ਕਾਫ਼ੀ!

............

ਮੈਂ ਜਦ ਜੰਗਲ਼ ਵੀ ਘੁੰਮਿਆਂ

ਕੋਈ ਡੰਡੀ ਪਾਈ

ਮੈਂ ਲੀਹਾਂ ਦਾ ਸਿਰਜਣਹਾਰਾ ਵੀ ਕ਼ੈਦੀ ਵੀ

ਕਿੱਲੇ ਨਾਲ਼ ਬੰਨ੍ਹਿਆਂ ਮੈਂ ਮਹਿਫ਼ੂਜ਼ ਬੜਾ ਹਾਂ।

=====

ਸੀਖ਼ਾਂ

ਨਜ਼ਮ

ਪੰਛੀ ਨੂੰ ਪਿੰਜਰੇ ਦੀ ਰੱਖਿਆ ਕਾਹਤੋਂ ਬਖ਼ਸ਼ੋ?

.........

ਅਪਣੇ ਵਿਹੜੇ ਦੀ ਨਿੰਮ ਉੱਤੇ

ਇਸ ਨੂੰ ਉੱਡਣ ਚਹਿਕਣ ਦੇਵੋ

ਇਹ ਭਗੌੜਾ ਨਹੀਂ ਹੋਵੇਗਾ

ਮੈਂ ਜ਼ਾਮਨ ਹਾਂ।

...............

ਜੇਕਰ ਇੱਕ ਸੁਰੀਲੀ ਕੋਇਲ

ਅਪਣੇ ਅੰਬ ਦੇ ਉੱਤੋਂ ਉੱਡ ਕੇ

ਗੁਆਂਢੀ ਚਮਨ ਚ ਗਾ ਆਏਗੀ

ਕੁਝ ਰੂਹਾਂ ਚਹਿਕਾ ਆਏਗੀ।

ਓਸ ਚਮਨ ਦੀ ਕੋਈ ਬੁਲਬੁਲ

ਜੇ ਏਧਰ ਫੇਰਾ ਪਾਏਗੀ

ਦੋਵੇਂ ਵਿਹੜੇ ਗੀਤਾਂ ਨਾਲ਼ ਜਿਊਂ ਉੱਠਣਗੇ।

............

ਘੁੰਮਰ ਪਾਉਂਦੀ ਘੁੱਗੀ ਦੇ ਪੱਥਰ ਨਾ ਮਾਰੋ

ਸ਼ਿਬਲੀ ਦਾ ਤਾਂ ਫੁੱਲ ਵੀ ਚੁਭਦਾ।

No comments: