ਬੀਮਾਰ ਮਾਂ
ਨਜ਼ਮ
ਮਾਂ...!!
ਮੈਨੂੰ ਕੀ ਪਤਾ ਸੀ
ਕਿ ਤਪਦਿਕ
ਕੀ ਹੁੰਦੀ ਹੈ।
ਕਿਉਂ ਮੈਨੂੰ
ਰੋਕਿਆ ਜਾਂਦਾ ਤੈਨੂੰ ਮਿਲ਼ਣ ਤੋਂ।
.............
ਤੂੰ ਚੁਬਾਰੇ ‘ਚ ਇਕੱਲੀ
ਸ਼ਾਇਦ ਉਡੀਕਦੀ ਹੋਵੇਂਗੀ
ਤੇਰੇ ਕੰਨ ਸ਼ਾਇਦ ਸਾਰਾ ਦਿਨ
ਆਵਾਜ਼ਾਂ ਦੇ ਝੁਰਮਟ ‘ਚੋਂ
ਸਿਆਨਣ ‘ਚ ਮਸਰੂਫ਼ ਹੁੰਦੇ ਹੋਣਗੇ
ਮੇਰੇ ਨਿੱਕੇ ਨਿੱਕੇ ਪੈਰਾਂ ਦੀ ਆਹਟ।
.............
ਤੂੰ ਤੜਪਦੀ ਹੋਵੇਂਗੀ
ਕਿ ਹਜ਼ਾਰ ਮੰਨਤਾਂ ਬਾਅਦ
ਮਿਲ਼ਿਆ ਪੁੱਤ
ਹੁਣ ਤੈਨੂੰ
ਮਿਲ਼ਣ ਕਿਉਂ ਨਹੀਂ ਆਉਂਦਾ।
.............
ਇਸ ‘ਚ ਮੇਰਾ ਕੋਈ ਦੋਸ਼ ਨਹੀਂ ਸੀ ਮਾਂ
ਚੁਬਾਰੇ ਨੂੰ ਚੜ੍ਹਦੀ ਪੌੜੀ ਦੇ
ਪਹਿਲੇ ਡੰਡੇ ‘ਤੇ
ਪੈਰ ਧਰਦਿਆਂ ਹੀ
ਦਾਦੀ ਦੀ ਕੁਰੱਖਤ ਚੀਕ
ਰੋਕ ਦੇਂਦੀ ਸੀ ਮੇਰੇ ਪੈਰ...
..........
“ਨਹੀਂ ਜਾਣਾ ਤੂੰ ਉੱਪਰ ਚੁਬਾਰੇ ‘ਚ ”
ਉਹ ਤੇਰੀ ਮਾਂ ਨਹੀਂ
ਡੈਣ ਹੈ
ਖਾ ਜਾਵੇਗੀ ਤੈਨੂੰ ਤੇ
ਇਸ ਘਰ ਦੇ ਹਰ ਇੱਕ ਜੀਅ ਨੂੰ
ਨਾਮੁਰਾਦ
ਪਤਾ ਨਹੀਂ ਕਿਉਂ ਮੇਰੇ ਪੁੱਤ ਦੇ
ਮੱਥੇ ਦੀਆਂ ਲਕੀਰਾਂ ‘ਚ
ਹੋਣਾ ਸੀ ਇਸਦਾ ਪ੍ਰਵੇਸ਼...”
................
ਦਾਦੀ ਵੀ ਤਾਂ ਮਾਂ ਸੀ।
ਮਾਂ ਵੀ ਏਡੀ ਕਰੋਪੀ ਹੋ ਸਕਦੀ ਹੈ
ਮੈਂ ਹਾਲੀ ਤੱਕ ਵੀ ਸਮਝ ਨਹੀਂ ਸਕਿਆ।
.............
ਮੈਂ ਜਦੋਂ ਵੀ ਦਾਦੀ ਤੋਂ ਚੋਰੀ
ਪੌੜੀਆਂ ਚੜ੍ਹ ਤੈਨੂੰ ਮਿਲ਼ਣ ਆਉਂਦਾ
ਤੇਰੀਆਂ ਅੱਖਾਂ ਦੀ ਤਲਖ਼ੀ ਤੇ
ਤੇਰੀ ਘੂਰ ਮੈਥੋਂ ਝੱਲੀ ਨਾ ਜਾਂਦੀ।
.......
“ਕਿਉਂ ਨਹੀਂ ਆਉਂਦਾ ਤੂੰ
ਮੈਨੂੰ ਮਿਲ਼ਣ..?”
ਤੂੰ ਗ਼ੁੱਸੇ ‘ਚ ਮੈਨੂੰ ਆਪਣੇ ਕੋਲ਼ੇ ਖਿੱਚ ਕੇ ਕਹਿੰਦੀ।
ਪਰ
ਆਪਣੇ ਸਾਹਾਂ ਤੋਂ ਸਦਾ ਪਰੇ ਹੀ ਰੱਖਦੀ
ਸ਼ਾਇਦ ਤੇਰੇ ਅੰਦਰ ਵੀ ਕੋਈ ਡਰ ਸੀ
ਕਿ ਤੇਰੀ ਬੀਮਾਰੀ
ਕਿਧਰੇ ਤੇਰੇ ਪੁੱਤ ਨੂੰ ਨਾ ਲੱਗ ਜਾਵੇ।
............
ਤੇਰਾ ਹਿਰਖ ਜਾਇਜ਼ ਸੀ।
ਪਰ-ਤੈਨੂੰ ਗ਼ੁੱਸੇ ਨਾਲ ਭਰੀ ਵੇਖ
ਮੈਂ ਤੈਥੋਂ ਹੋਰ ਡਰਨ ਲਗਦਾ
ਤੇ ਤੂੰ ਮੈਨੂੰ ਸੱਚੀਂ
ਦਾਦੀ ਵਾਲੀ ਡੈਣ ਲੱਗਣ ਲਗਦੀ ।
ਤੇ ਮਨ ਹੀ ਮਨ ‘ਚ ਕਹਿੰਦਾ
ਨਹੀਂ ਆਉਣਾ ਹੁਣ ਫੇਰ ਮੈਂ ਇਸਨੂੰ ਮਿਲ਼ਣ।
ਤੂੰ ਗ਼ੁੱਸਾ ਕਰਦੀ ਕਿ ਮੈਂ ਕਿਉਂ
ਮਿਲ਼ਣ ਨਹੀਂ ਆਉਂਦਾ
ਤੇ ਮੈਂ ਤੈਥੋਂ ਡਰਦਾ ਪੌੜੀਆਂ ਚੜ੍ਹਨ
ਤੋਂ ਸਹਿਮਿਆ ਰਹਿੰਦਾ।
............
ਪਰ ਅੱਜ ਸੋਚਦਾ ਹਾਂ
ਤੇ ਜਾਣ ਗਿਆ ਹਾਂ
ਕਿ ਕਿਉਂ ਘੂਰਦੀ ਸੀ ਤੂੰ ਮੈਨੂੰ
ਤੇ ਉਹ ਤੇਰੀ ਘੂਰ
ਬਹੁਤ ਪਿਆਰੀ ਲਗਦੀ ਹੈ ਹੁਣ।
............
ਕਾਸ਼!
ਮੈਂ ਉਦੋਂ ਬੁੱਢਾ ਹੋ ਚੁੱਕਿਆ ਹੁੰਦਾ
ਦਾਦੀ ਦੇ ਰੋਕਣ ‘ਤੇ ਵੀ
ਤੇ ਤੇਰੇ ਗ਼ੁੱਸੇ ਹੋਣ 'ਤੇ ਵੀ
ਮੈਂ ਤੈਨੂੰ
ਰੋਜ਼ ਮਿਲਣ ਆਉਂਦਾ।