ਨਜ਼ਮ
ਬਹੁਤ ਜ਼ਾਹਿਲ ਹੈ
ਮੇਰੀ ਮਾਂ
ਅਨਪੜ੍ਹ
ਗਵਾਰ
ਨਹੀਂ ਜਾਣਦੀ
ਕਿੰਨਾ ਗਿਆਤਾ ਹੈ ਉਸਦਾ ਪੁੱਤਰ
ਪਾਠਸ਼ਾਲਾ
ਵਿਦਿਆਲੇ
ਮਹਾਂ-ਵਿਦਿਆਲੇ ਅੰਦਰ
ਉਸਦਾ ਚਰਚਾ ਛਿੜਦਾ ਹੈ
ਵਿਦਵਾਨਾਂ ਵਿਚ
ਉਸਦੇ ਨਾਂ ਦਾ ਜ਼ਿਕਰ ਤੁਰਦਾ ਹੈ
ਉਸਦੇ ਪੁੱਤਰ ਦਾ ਕਿੰਨਾ ਠਾਠ ਹੈ
ਇਸ ਸ਼ਹਿਰ ਅੰਦਰ
ਕੋਠੀ ਕਾਰ
ਦੌਲਤ ਸ਼ੌਹਰਤ ਦਾ
ਕਿੰਨਾ ਗ਼ਰੂਰ ਹੈ ਉਸਦੇ ਕੋਲ਼
ਗ਼ਰੂਰ ਦਾ
ਕਿੰਨਾ ਸਰੂਰ ਹੈ ਉਸਦੇ ਕੋਲ਼
.........
ਮਾਂ ਨਹੀਂ ਜਾਣਦੀ
ਸੱਭਿਅਤਾ
ਦੋਗਲ਼ੀ ਭਾਸ਼ਾ
ਉਹ ਲੂਣ ਪਾ ਕੇ ਚਾਹ ਪੀਂਦੀ
ਠਹਾਕਾ ਮਾਰ ਕੇ ਹੱਸਦੀ ਹੈ
ਉੱਚੀ ਉੱਚੀ
ਗਾਲ਼੍ਹਾਂ ਦੇਂਦੀ
ਤਾਨ੍ਹੇ ਮਿਹਣੇ
ਤੇ ਹਰ ਦਮ ਲੜਦੀ ਹੈ
ਉਸਨੂੰ ਰਾਸ ਨਹੀਂ ਆਉਂਦਾ
ਮਿੰਨ੍ਹਾ ਮਿੰਨ੍ਹਾ ਮਸੁਕਰਾਉਣਾ
ਤੇ ਦੁਖਦੇ ਰਹਿਣਾ
ਚੁੱਪ-ਚੁਪੀਤੇ
ਤੇ ਧੁਖ਼ਦੇ ਰਹਿਣਾ
ਚਮਕਦਾਰ ਵਸਤਾਂ ਦੀ ਦੁਨੀਆਂ
ਤੇ ਸ਼ੱਫ਼ਾਫ਼ ਕੱਪੜੇ
...............
ਉਹ
ਹਰ ਕਿਸੇ ਕੋਲ਼
ਲੈ ਬੈਠਦੀ ਹੈ
ਆਪਣੇ ਹੀ ਦੁੱਖੜੇ
ਮਾਂ ਨਹੀਂ ਜਾਣਦੀ
ਛੁਰੀ ਕਾਂਟੇ ਟੇਬਲ
ਉਹ ਪਚਾਕੇ ਮਾਰਦੀ
ਰੋਟੀ ਖਾਣਾ ਨਹੀਂ ਜਾਣਦੀ
ਨਹੀਂ ਜਾਣਦੀ
ਮਾਂ ਬਿਲਕੁਲ ਨਹੀਂ ਜਾਣਦੀ
ਦੰਭ
ਨਕਾਬ
ਅਦਾਕਾਰੀ
ਕੂਲ਼ੇ ਕੂਲ਼ੇ ਲਫ਼ਜ਼ਾਂ ਦੀ ਵਿਆਕਰਣ
..............
ਮਾਂ
ਕੁਝ ਵੀ ਨਹੀਂ ਜਾਣਦੀ
ਸਭ ਕੁਝ ਜਾਣਦਾ ਹਾਂ ਮੈਂ
ਜੇ ਨਹੀਂ ਆਇਆ
ਤਾਂ ਉਹਦੇ ਵਾਂਗ
ਖ਼ੁਸ਼ੀ ਵਿਚ ਹੱਸ ਲੈਣ ਦਾ
ਵੱਲ ਨਹੀਂ ਆਇਆ
ਪੀੜ ਵਿਚ
ਦੱਸ ਲੈਣ ਦਾ
ਵੱਲ ਨਹੀਂ ਆਇਆ...।
5 comments:
ਤਨਦੀਪ ਜੀ,
ਮਾਂ ਦਿਵਸ ਦੀ ਲੱਖ-ਲੱਖ ਵਧਾਈ ਹੋਵੇ।
ਬਹੁਤ ਹੀ ਖੂਬਸੂਰਤ ਰਚਨਾ ਹੈ ਇਹ।
ਓਸ ਜ਼ਾਹਿਲ ਨੂੰ ਆਖੋ ਕਿ ਤੂੰ ਪੈਸੇ ਦੁਨੀਆਂ 'ਚ ਸਭ ਕੁਝ ਹਾਸਲ ਕਰ ਸਕਦਾ ਹੈਂ ਪਰ ਮਾਂ ਨਹੀਂ । ਤੂੰ ਹਰ ਗੁਣ ਅਖਤਿਆਰ ਕਰ ਲਵੇਂ ਭਾਵੇਂ ਪਰ ਮਾਂ ਦੀ ਬੁੱਕਲ਼ ਦਾ ਨਿੱਘ ਤੇਰੇ ਪੱਲੇ ਫਿਰ ਵੀ ਨਹੀਂ ਹੋਣਾ। ਤੂੰ ਲੱਖ ਕੋਸ਼ਿਸ਼ ਕਰ ਲਾ ਭਾਵੇਂ ਪਰ ਮਾਂ ਤੋਂ ਉੱਪਰ ਦਾ ਦਰਜਾ ਨਹੀਂ ਪਾ ਸਕਦਾ।
ਸਭ ਤੋਂ ਉੱਚੀ ਰੱਬ ਦੀ ਥਾਂ
ਦੂਜੇ ਥਾਂ 'ਤੇ ਆਉਂਦੀ ਮਾਂ
ਕੀ ਹੋਇਆ ਜੇ ਰੱਬ ਨਹੀਂ ਤੱਕਿਆ
ਰੱਬ ਵਰਗੀ ਸਾਡੀ ਮਾਂ ਤਾਂ ਹੈ
ਉਸ ਦੀਆਂ ਦਿੱਤੀਆਂ ਦੁਆਵਾਂ ਦੀ
ਸਾਡੇ ਸਿਰ 'ਤੇ ਛਾਂ ਤਾਂ ਹੈ
ਪੰਜਾਬੀ ਵਿਹੜੇ ਵਲੋਂ ਮਦਰਜ਼ ਡੇ 'ਤੇ ਵਧਾਈ ਕਬੂਲ ਕਰੋ।
ਹਰਦੀਪ ਸੰਧੂ
ਆਸਟ੍ਰੇਲੀਆ
ਦੀਪੀ ਜੀ! ਬਲੌਗ 'ਤੇ ਫੇਰੀ ਪਾਉਣ ਅਤੇ ਟਿੱਪਣੀ ਲਿਖਣ ਲਈ ਸ਼ੁਕਰੀਆ। ਤੁਸੀਂ ਨਜ਼ਮ ਤਾਂ ਪੜ੍ਹ ਲਈ ਹੈ, ਪਰ ਉਸਦੀ ਰੂਹ ਤੱਕ ਨਹੀਂ ਉੱਤਰੇ। ਇਸ ਵਿਚ ਕਵੀ ਨੇ ਆਪਣੇ ਆਪ 'ਤੇ 'ਤਨਜ਼' ਕੀਤਾ ਹੈ ਕਿ ਉਸਦੀ ਮਾਂ ਚਾਹੇ ਅਨਪੜ੍ਹ, ਪੇਂਡੂ ਸੀ, ਪਰ ਜ਼ਿੰਦਗੀ ਨੂੰ ਹਰ ਪਲ ਮਾਣਦੀ ਸੀ। ਜਦਕਿ ਉਸਦਾ ਪੁੱਤ ਡਿਗਰੀਆਂ ਦੇ ਬੋਝ/ਹੰਕਾਰ ਥੱਲੇ ਦੱਬਿਆ ਪਿਆ ਹੈ। ਸਮਾਜਿਕ ਸ਼ਿਸ਼ਟਾਚਾਰਾਂ ਦੀ ਪਰਵਾਹ ਕਰਦਿਆਂ, ਉਹ ਆਮ ਜ਼ਿੰਦਗੀ ਦਾ ਰਸ ਮਾਨਣ ਤੋਂ ਮਹਿਰੂਮ ਰਹਿ ਗਿਆ ਹੈ। ਮਾਂ ਦਿਵਸ 'ਤੇ ਮਾਂ ਲਈ ਇਸ ਤੋਂ ਵਧੀਆ ਨਜ਼ਮ ਕੋਈ ਹੋਰ ਹੋ ਹੀ ਨਹੀਂ ਸਕਦੀ। ਮੇਰੇ ਖ਼ਿਆਲ 'ਚ ਬਾਕੀ ਲੇਖਕ/ਪਾਠਕ ਸਾਹਿਬਾਨ ਵੀ ਮੇਰੇ ਨਾਲ਼ ਸਹਿਮਤ ਹੋਣਗੇ। ਆਸੀ ਸਾਹਿਬ 1964 ਵਿਚ ਜਨਮੇ ਤੇ 2001'ਚ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਉਹਨਾਂ ਦਾ ਨਾਮ ਪੰਜਾਬੀ ਦੇ ਸਿਰਮੌਰ ਕਵੀਆਂ 'ਚ ਮਾਣ ਨਾਲ਼ ਲਿਆ ਜਾਂਦਾ ਹੈ। ਫੇਰੀ ਪਾਉਂਦੇ ਰਹਿਣਾ। ਤੁਹਾਨੂੰ ਵੀ ਇਸ ਦਿਵਸ ਦਿਆਂ ਵਧਾਈਆਂ।
ਅਦਬ ਸਹਿਤ
ਤਨਦੀਪ
ਤਨਦੀਪ ਜੀ ਕਵਿਤਾ ਤਾਂ ਬਹੁਤ ਹੀ ਸੌਖੀ ਸੀ ਪਤਾ ਨਹੀ ਹਰਦੀਪ ਜੀ ਨੂੰ ਕਿਉਂ ਨਹੀ ਸਮਝ ਆਈ। ਕੋਈ ਨਹੀ, ਕਈ ਵਾਰ ਇਸ ਤਰਾਂ ਵੀ ਹੋ ਜਾਂਦਾ ਹੈ।
ਆਸੀ ਜੀ ਦੀ ਇਹ ਕਵਿਤਾ ਵੀ ਪਹਿਲਾਂ ਦੀ ਤਰਾਂ ਵਧੀਆ ਲੱਗੀ ।
ਤੰਦੀਪ,ਤੁਸੀ ਸੋਲਾਂ ਆਨੇ ਸਹੀ ਹੋ,ਬਤੌਰ ਪਾਠਕ ਸਾਡਾ ਲੇਖਕ ਦੀ ਰਮਜ਼ ਨੂੰ ਸਮਝਣਾ ਅਤੀ ਜਰੂਰੀ ਹੈ,ਲਹਿਜੇ ਦੀ ਪਹਿਚਾਣ ਬਹੁਤ ਜਰੂਰੀ ਹੈ,ਨਹੀਂ ਤਾਂ ਅਰਥ ਦਾ ਅਨਰਥ ਵੀ ਹੋ ਸਕਦਾ ਹੈ..ਬਹੁਤ ਖੂਬਸੂਰਤ ਰਚਨਾ..
ਆਸੀ ਸਾਹਿਬ ਦੀ ਨਜ਼ਮ ਨੇ ਮੈਨੂੰ ਧੁਰ ਅੰਦਰ ਤੀਕ ਹਿਲਾ ਕੇ ਰੱਖ ਦਿੱਤਾ। ਬਹੁਤ ਉੱਚੇ-ਪੱਧਰ ਦੀ ਨਜ਼ਮ ਹੈ। ਹਰਦੀਪ ਨੂੰ ਦੋਬਾਰਾ ਪੜ੍ਹਨੀ ਚਾਹੀਦੀ ਹੈ।
ਹਿਤੂ
ਸੁਰ ਖ਼ੁਆਬ
Post a Comment