ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, May 16, 2010

ਪ੍ਰੋ: ਮੋਹਨ ਸਿੰਘ ਔਜਲਾ - ਗ਼ਜ਼ਲ

ਦੋਸਤੋ! ਕੈਲਗਰੀ, ਕੈਨੇਡਾ ਵਸਦੇ ਗ਼ਜ਼ਲਗੋ ਪ੍ਰੋ: ਮੋਹਨ ਸਿੰਘ ਔਜਲਾ ਸਾਹਿਬ ਨੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣੀਆਂ ਸੱਤ ਕਿਤਾਬਾਂ ਆਰਸੀ ਲਈ ਘੱਲੀਆਂ ਹਨ, ਜਿਨ੍ਹਾਂ ਦਾ ਵੇਰਵਾ ਆਰਸੀ ਸੂਚਨਾਵਾਂ ਅਧੀਨ ਪੋਸਟ ਕੀਤਾ ਗਿਆ ਹੈ। ਕੈਲਗਰੀ ਤੋਂ ਹੀ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਨੇ ਪ੍ਰੋ: ਔਜਲਾ ਸਾਹਿਬ ਦੀਆਂ ਚੰਦ ਗ਼ਜ਼ਲਾਂ ਅਤੇ ਉਹਨਾਂ ਬਾਰੇ ਲਿਖਿਆ ਇਕ ਲੇਖ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ। ਮੈਂ ਸੰਧੂ ਸਾਹਿਬ ਦੀ ਮਸ਼ਕੂਰ ਹਾਂ।

-----

ਪ੍ਰੋ: ਔਜਲਾ ਸਾਹਿਬ ਨਾਲ਼ ਬਾਦਲ ਸਾਹਿਬ ਦੀ ਪਰਸੋਂ ਫ਼ੋਨ ਤੇ ਗੱਲ ਵੀ ਹੋਈ ਸੀ। ਇਹ ਸੁਣ ਕੇ ਬਹੁਤ ਅਫ਼ਸੋਸ ਹੋਇਆ ਕਿ ਉਹ ਜਿਸ ਵਕ਼ਤ ਆਪਣੀਆਂ ਸੱਤੇ ਕਿਤਾਬਾਂ ਛਪਵਾ ਕੇ ਕੈਨੇਡਾ ਵਾਪਿਸ ਆਏ, ਤਾਂ ਉਹਨਾਂ ਦੀ ਤਬੀਅਤ ਕਾਫ਼ੀ ਨਾਸਾਜ਼ ਹੋ ਗਈ। ਬਹੁਤ ਸਾਰੇ ਟੈਸਟਾਂ ਤੋਂ ਬਾਅਦ ਪਤਾ ਲੱਗਿਆ ਕਿ ਪ੍ਰੋ: ਔਜਲਾ ਸਾਹਿਬ ਨੂੰ ਪੈਨਕ੍ਰੀਆਜ਼ ਦਾ ਕੈਂਸਰ ਹੋ ਗਿਆ ਹੈ। ਅੱਜ ਕਲ੍ਹ ਉਹ ਜ਼ੇਰੇ ਇਲਾਜ ਨੇ ਤੇ ਉਹਨਾਂ ਦੀ ਕੀਮੋਥੈਰੇਪੀ ਚੱਲ ਰਹੀ ਹੈ।

-----

ਅਸੀਂ ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਸਿਹਤਯਾਬੀ ਲਈ ਦੁਆਗੋ ਹਾਂ। ਰੱਬ ਕਰੇ ਉਹ ਜਲਦੀ ਸਿਹਤਯਾਬ ਹੋ ਕੇ ਆਪਣੀਆਂ ਬਾਕੀ ਲਿਖਤਾਂ ਵੀ ਪੁਸਤਕ ਰੂਪ ਵਿਚ ਆਪਣੇ ਪਾਠਕਾਂ ਨੂੰ ਦੇਣ....ਆਮੀਨ! ਅੱਜ ਏਸੇ ਦੁਆ ਨਾਲ਼ ਉਹਨਾਂ ਦੀਆਂ ਤਿੰਨ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰ ਰਹੀ ਹਾਂ। ਕਿਤਾਬਾਂ ਭੇਜਣ ਲਈ ਔਜਲਾ ਸਾਹਿਬ ਅਤੇ ਸਾਡੇ ਤੱਕ ਪਹੁੰਚਾਉਣ ਲਈ ਉਹਨਾਂ ਦੀ ਸਰੀ ਵਸਦੀ ਸਪੁੱਤਰੀ ਸੁਖਰਾਜ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਗ਼ਜ਼ਲ

ਹੈ ਸਾਹ-ਘੋਟੂ ਮੌਸਮ ਧੁਆਂਖੀ ਫ਼ਿਜ਼ਾ ਹੈ

ਤੇ ਵਹਿਸ਼ਤ ਤੇ ਦਹਿਸ਼ਤ ਦੀ ਛਾਈ ਘਟਾ ਹੈ

------

ਨੱਚੇ ਮੌਤ ਤਾਂਡਵ ਤੇ ਖ਼ਲਕਤ ਹੈ ਸਹਿਮੀ,

ਕੋਈ ਨੀਰੋ ਧਰਤੀ ਤੇ ਫਿਰ ਜਨਮਿਆ ਹੈ

-----

ਕਹੋ ਜੰਗਬਾਜ਼ਾਂ ਨੂੰ ਸਾਰੀ ਲੁਕਾਈ,

ਬੁਰੇ ਦਾ ਸਦਾ ਅੰਤ ਹੁੰਦਾ ਬੁਰਾ ਹੈ

-----

ਇਹ ਤਾਕਤ ਦੇ ਸਿਰ ਤੇ ਜੋ ਸ਼ੋਸ਼ਣ ਨੇ ਕਰਦੇ,

ਨਾ ਬਖ਼ਸ਼ਣ ਦੇ ਕਾਬਿਲ ਇਹਨਾਂ ਦੀ ਖ਼ਤਾ ਹੈ

-----

ਇਹ ਬੰਬਾਂ ਦੇ ਤਾਜਰ ਕਦੇ ਬਣ ਨਾ ਸਕਦੇ,

ਅਮਨ ਦੇ ਮਸੀਹਾ ਸਮਾਂ ਕਹਿ ਰਿਹਾ ਹੈ

-----

ਇਹ ਖ਼ੂਨੀ ਦਰਿੰਦੇ ਇਹ ਹਿਟਲਰ ਦੇ ਵਾਰਿਸ,

ਇਨ੍ਹਾ ਸਨਕੀਆਂ ਦੇਣੀ ਦੁਨੀਆਂ ਜਲ਼ਾ ਹੈ

-----

ਅਮਨ ਲਹਿਰ ਸਿਰਜੋ ਬਚਾਵੋ ਲੁਕਾਈ,

ਕਿ ਖ਼ਤਰਾ ਤਬਾਹੀ ਦਾ ਸਿਰ ਤੇ ਖੜ੍ਹਾ ਹੈ

-----

ਜੋ ਕੁੰਭਕਰਨ ਦੀ ਨੀਂਦ ਸੁੱਤੇ ਜਗਾਵੋ,

ਕਰੋ ਏਕਤਾ ਇਸ ਸਭ ਦਾ ਭਲਾ ਹੈ

------

ਸਦਾ ਬੀਜ ਬੀਜੇ ਜੋ ਹਰ ਥਾਂ ਕਲਾ ਦੇ,

ਰਹੋ ਇਸ ਤੋਂ ਬਚਕੇ ਬਚਾ ਵਿਚ ਬਚਾ ਹੈ

=====

ਗ਼ਜ਼ਲ

ਸੁਪਨੇ ਵਿਚ ਹੀ ਆ ਜਾਇਆ ਕਰ ਕਦੇ ਕਦੇ

ਨੂਰੀ ਝਲਕ ਦਿਖਾ ਜਾਇਆ ਕਰ ਕਦੇ ਕਦੇ

-----

ਪਿਆਰ- ਪਿਆਸੇ ਹੀ ਨਾ ਜਗ ਤੋਂ ਟੁਰ ਜਾਈਏ,

ਧਾ ਗਲਵਕਤੀ ਪਾ ਜਾਇਆ ਕਰ ਕਦੇ ਕਦੇ

-----

ਦੀਦ ਦਾ ਰੋਜ਼ਾ ਖੁੱਲ੍ਹੇ ਕਿੰਝ ਦੀਦਾਰ ਬਿਨਾ,

ਇਹ ਤਾਂ ਕਰਮ ਕਮਾ ਜਾਇਆ ਕਰ ਕਦੇ ਕਦੇ

-----

ਦਿਲ ਤੇਰੇ ਬਿਨ ਬੁਝਿਆ ਬੁਝਿਆ ਰਹਿੰਦਾ ਹੈ,

ਆ ਇਸ ਨੂੰ ਬਹਿਲਾ ਜਾਇਆ ਕਰ ਕਦੇ ਕਦੇ

-----

ਸਾਕੀ ਜਾਮ ਸੁਰਾਹੀਆਂ ਦੀ ਕੋਈ ਲੋੜ ਨਹੀਂ,

ਨੈਣ ਮਿਲਾ ਨਸ਼ਿਆ ਜਾਇਆ ਕਰ ਕਦੇ ਕਦੇ

-----

ਚਰਨ ਮੁਬਾਰਕ ਪਾ ਕੇ ਉੱਜੜੇ ਵਿਹੜੇ ਦੇ,

ਸੁੱਤੇ ਭਾਗ ਜਗਾ ਜਾਇਆ ਕਰ ਕਦੇ ਕਦੇ

-----

ਰੱਬ ਦੀਆਂ ਕਸਮਾਂ ਖਾ ਖਾ ਕੇ ਜੋ ਕੀਤੇ ਸਨ,

ਉਹ ਤਾਂ ਕੌਲ ਨਿਭਾ ਜਾਇਆ ਕਰ ਕਦੇ ਕਦੇ

-----

ਜਾਨ ਨਾ ਲੈ ਲਏ ਔਤ ਕਿਤੇ ਇਹ ਵਸਲਾਂ ਦੀ,

ਮਿਹਰ ਦਾ ਮੀਂਹ ਵਰਸਾ ਜਾਇਆ ਕਰ ਕਦੇ ਕਦੇ

-----

ਕੁੱਲ ਮਾਜ਼ੀ ਭੁੱਲ ਜਾਣਾ ਅਪਣਾ ਠੀਕ ਨਹੀਂ,

ਰੰਗਲੇ ਪਲ ਦੁਹਰਾ ਜਾਇਆ ਕਰ ਕਦੇ ਰਦੇ

=====

ਗ਼ਜ਼ਲ

ਮਿਲਾਏ ਖ਼ਾਕ ਵਿਚ ਸੁਪਨੇ ਤੇ ਜ਼ਿੰਦਗੀ ਰੋਲ ਦਿੱਤੀ ਏ

ਮਿਰੇ ਜੀਵਨ ਚ ਕੈਸੀ ਜ਼ਹਿਰ ਮਾਰੂ ਘੋਲ ਦਿੱਤੀ ਏ

-----

ਸਦੀਵੀ ਦਰਦ, ਚੀਸਾਂ, ਗ਼ਮ ਤੇ ਸਾਰੀ ਉਮਰ ਦਾ ਝੋਰਾ,

ਨਿਸ਼ਾਨੀ ਪਿਆਰ ਦੀ ਮਿਤਵਾ ਬੜੀ ਅਨਮੋਲ ਦਿੱਤੀ ਏ

-----

ਭੁਲਾ ਦੇਵੀਂ ਤੂੰ ਹੁਣ ਮੈਨੂੰ ਕਿਹਾ ਤੇ ਹੋ ਗਇਉਂ ਰੁਖ਼ਸਤ,

ਕਿਵੇਂ ਰੂਹਾਂ ਦੀ ਗਲਵਕੜੀ ਤੂੰ ਸਹਿਵਨ ਖੋਲ੍ਹ ਦਿੱਤੀ ਏ

-----

ਭਲਾ ਕੀ ਹੈ ਗੁਨਾਹ ਮੇਰਾ ਕਿ ਸਭ ਮੂੰਹ ਮੋੜ ਬੈਠੇ ਨੇ,

ਹਮੇਸ਼ਾ ਕਰਨ ਲਈ ਮੇਰੇ ਕਠਨ ਪੜਚੋਲ ਦਿੱਤੀ ਏ

-----

ਮਿਰੇ ਵਾਂਗੂੰ ਹੀ ਮਹਿਲਾਂ ਨੂੰ ਤੂੰ ਕਰਦਾ ਸੀ ਸਦਾ ਨਫ਼ਰਤ,

ਕਿਵੇਂ ਸੋਨੇ ਦੀ ਤੱਕੜੀ ਫਿਰ ਹਿਯਾਤੀ ਤੋਲ ਦਿੱਤੀ ਏ

-----

ਵਿਛਾਏ ਰਾਹ ਤੇਰੀ ਫੁੱਲ ਮੈਂ ਸ਼ੁਭ-ਕਾਮਨਾਵਾਂ ਦੇ,

ਤੂੰ ਪਾ ਕੇ ਖ਼ੈਰ ਖ਼ਾਰਾਂ ਦੀ ਮਿਰੀ ਭਰ ਝੋਲ ਦਿੱਤੀ ਏ

-----

ਤਿਰੀ ਖ਼ਾਤਿਰ ਸੁਣੇ ਮੈਂ ਉਮਰ ਭਰ ਤਾਹਨੇ ਜ਼ਮਾਨੇ ਦੇ,

ਹੰਢਾਈ ਪੀੜ ਦੀ ਵਿਥਿਆ ਗ਼ਜ਼ਲ ਵਿਚ ਫੋਲ ਦਿੱਤੀ ਏ

1 comment:

Anonymous said...

Ajula Sahib,Wah.....-Rup Daburji