ਜਨਮ : 1955 ਮੁਕੇਰੀਆਂ (ਜ਼ਿਲ੍ਹਾ ਹੁਸ਼ਿਆਰਪੁਰ) ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਅਜੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।
******
ਦੋਸਤੋ! ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਨੇ ਤਰਸੇਮ ਨੂਰ ਜੀ ਦੀਆਂ ਲਿਖੀਆਂ ਗ਼ਜ਼ਲਾਂ ਦਾ ਭੇਜ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਇਕਵਿੰਦਰ ਜੀ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਨੂਰ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਤਿੰਨੇ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਦੀ ਪੋਸਟ ‘ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*****
ਗ਼ਜ਼ਲ
ਖ਼ਸਤਾ ਹਾਲ ਮਕਾਨਾਂ ਵਰਗੇ।
ਆਪਾਂ ਹਾਂ ਮਹਿਮਾਨਾਂ ਵਰਗੇ।
-----
ਹਰ ਗੱਲ ਅੰਦਰ ਸੌਦੇ-ਬਾਜ਼ੀ,
ਹੁਣ ਨੇ ਲੋਕ ਦੁਕਾਨਾਂ ਵਰਗੇ।
-----
ਦਾਨ ਵੀ ਦੇਵੇ ਨਾਂ ਲਿਖਵਾ ਕੇ,
ਪੁੰਨ ਕਰੇ ਅਹਿਸਾਨਾਂ ਵਰਗੇ।
-----
ਨੱਚ ਪਈਂ ਨਾਂ ਦੇਖਦਿਆਂ ਹੀ,
ਸੁਖ ਹੁੰਦੇ ਮਹਿਮਾਨਾਂ ਵਰਗੇ।
-----
ਹਾਲੇ ਵੀ ਨੇ ਕਿਧਰੇ-ਕਿਧਰੇ,
ਕੁਝ ਬੰਦੇ ਇਨਸਾਨਾਂ ਵਰਗੇ।
-----
ਫ਼ਰਜ਼ਾਂ ਦੀ ਅੱਗ ਬਲ਼ਦੀ ਰਹਿੰਦੀ,
ਕੁਝ ਰਿਸ਼ਤੇ ਸ਼ਮਸ਼ਾਨਾਂ ਵਰਗੇ।
-----
ਜੀਵਨ ਦੇ ਕੁਝ ਰਸਤੇ ਸੋਹਣੇ,
ਕੁਝ ਕੋਲੇ ਦੀਆਂ ਖਾਨਾਂ ਵਰਗੇ।
-----
ਦਾਨੇ ਬਣ ਕੇ ‘ਨੂਰ’ ਕੀ ਖੱਟਿਆ,
ਚੰਗੇ ਸੀ ਨਾਦਾਨਾਂ ਵਰਗੇ।
=====
ਗ਼ਜ਼ਲ
ਕੀ ਹੋਇਆ ਜੇ ਪਾਣੀ ਨਹੀਓਂ।
ਦਿਲ ਦੀ ਅੱਗ ਬੁਝਾਣੀ ਨਹੀਓਂ।
-----
ਤੇਰੀ ਜ਼ੁਲਫ਼ ਦੀ ਖ਼ੁਸ਼ਬੂ ਅੱਗੇ,
ਕੁਝ ਵੀ ਰਾਤ ਦੀ ਰਾਣੀ ਨਹੀਓਂ।
-----
ਕੀ ਹੈ ਦਿਲ ਵਿਚ ਅੱਜ ਮਲਾਹਾ!
ਬੇੜੀ ਕੰਢੇ ਲਾਣੀ ਨਹੀਓਂ।
-----
ਮੈਂ ਵੀ ਠੂਠੇ ਤੋਂ ਕੀ ਲੈਣਾ,
ਉਸ ਨੇ ਖ਼ੈਰ ਜੇ ਪਾਣੀ ਨਹੀਓਂ।
-----
ਧੂੜ ਗ਼ਮਾਂ ਦੀ ਹੈ ਇਸ ਉੱਤੇ,
ਇਹ ਤਸਵੀਰ ਪੁਰਾਣੀ ਨਹੀਓਂ।
-----
ਐਸੇ ਖੂਹ ਨੂੰ ਖੂਹ ਵਿਚ ਸੁੱਟੋ,
ਜਿਸ ਨੇ ਪਿਆਸ ਬੁਝਾਣੀ ਨਹੀਓਂ।
-----
ਸੋਚ-ਸਮਝ ਕੇ ਤੁਰਨਾ ਪੈਣਾ,
ਜੇਕਰ ਠੋਕਰ ਖਾਣੀ ਨਹੀਓਂ ।
-----
ਏਦਾਂ ਲਗਦਾ ‘ਨੂਰ’ ਦਾ ਏਥੇ,
ਹੁਣ ਤਾਂ ਦਾਣਾ-ਪਾਣੀ ਨਹੀਓਂ।
=====
ਗ਼ਜ਼ਲ
ਭਾਵੇਂ ਜਾਨ ਗਵਾ ਕੇ ਨਿਕਲ਼ੇ।
ਅਪਣੀ ਗੱਲ ਸੁਣਾ ਕੇ ਨਿਕਲ਼ੇ।
-----
ਸੋਹਣੇ ਕਪੜੇ ਪਾ ਕੇ ਨਿਕਲ਼ੇ,
ਲਗਦਾ ਈਦ ਮਨਾ ਕੇ ਨਿਕਲ਼ੇ।
-----
ਅਪਣੇ ਘਰ ਵਿਚ ਮਾਰੀ ਚੁੱਭੀ,
ਦੂਜੇ ਘਰ ਵਿਚ ਜਾ ਕੇ ਨਿਕਲ਼ੇ।
-----
ਮੇਰੀਆਂ ਅੱਖਾਂ ਵਿੱਚੋਂ ਹੰਝੂ,
ਮੇਰੀ ਅੱਖ ਬਚਾ ਕੇ ਨਿਕਲ਼ੇ।
-----
ਅਪਣੇ-ਅਪਣੇ ਘਰ ’ਚੋਂ ਲੋਕੀਂ,
ਖ਼ਬਰੇ ਕਿਓਂ ਘਬਰਾ ਕੇ ਨਿਕਲ਼ੇ।
-----
ਹੋਰ ਵੀ ਚੰਗਾ ਲੱਗੇ ਜੇਕਰ,
ਚੰਨ ਜ਼ਰਾ ਸ਼ਰਮਾ ਕੇ ਨਿਕਲ਼ੇ।
-----
‘ਨੂਰ’ ਭਰੋਸੇ ਦੇ ਘਰ ਵਿੱਚੋਂ,
ਸਾਰੇ ਧੋਖਾ ਖਾ ਕੇ ਨਿਕਲ਼ੇ।
6 comments:
Noor Sahib,bahut khub......kia udari e-Rup Daburji
wah ਫ਼ਰਜ਼ਾਂ ਦੀ ਅੱਗ ਬਲ਼ਦੀ ਰਹਿੰਦੀ,
ਕੁਝ ਰਿਸ਼ਤੇ ਸ਼ਮਸ਼ਾਨਾਂ ਵਰਗੇ।
Punjabi de nal nal Noor sahab di urdu ghazal vi kamaal di hundi hai. oh shair hon de nal nal shakhs vi bahut vadhia han.Ghazal bare ohna di jankari vi kabil i tareef hai.
Tarsem noor ji nu pahilan tan Aarsi te khush-Aamdeed !
pahili vaar ajhiaan gazlan parhan nu milian ne !
chhoti behir vich likhi gazal da suaad hi vakhara hunda hai !
ihna sataran vich kia shidatt hai .!?!
ਹਾਲੇ ਵੀ ਨੇ ਕਿਧਰੇ-ਕਿਧਰੇ,
ਕੁਝ ਬੰਦੇ ਇਨਸਾਨਾਂ ਵਰਗੇ।
****************
ਤੇਰੀ ਜ਼ੁਲਫ਼ ਦੀ ਖ਼ੁਸ਼ਬੂ ਅੱਗੇ,
ਕੁਝ ਵੀ ਰਾਤ ਦੀ ਰਾਣੀ ਨਹੀਓਂ।
-----
ਕੀ ਹੈ ਦਿਲ ਵਿਚ ਅੱਜ ਮਲਾਹਾ!
ਬੇੜੀ ਕੰਢੇ ਲਾਣੀ ਨਹੀਓਂ।
***********
ਸੋਹਣੇ ਕਪੜੇ ਪਾ ਕੇ ਨਿਕਲ਼ੇ,
ਲਗਦਾ ਈਦ ਮਨਾ ਕੇ ਨਿਕਲ਼ੇ।
-----
ਅਪਣੇ ਘਰ ਵਿਚ ਮਾਰੀ ਚੁੱਭੀ,
ਦੂਜੇ ਘਰ ਵਿਚ ਜਾ ਕੇ ਨਿਕਲ਼ੇ।
************
'lukan-meechian' O V umar di sikhar dupihar vich !!
very nice NOOR SAAB
" daan v deve naa likhwaake"
"pun kare ehsaana warge"
and
"dhood gama di hai is utte"
" eh tasvir puraani nahiyo"
mindblowing punjabi poetry in simple words thts giving the new identity to our maa boli punjabi..
how can i contact with u ?
wah noor saab kya baat...
Post a Comment