ਰਾਤੀਂ ਲੰਘੀ ਪੌਣ ਨਦੀ ‘ਚੋਂ ਦਾਗ਼ ਲਹੂ ਦੇ ਧੋ ਕੇ।
ਡਰ ਦੇ ਮਾਰੇ ਪਾਰ ਕੀਤੀਆਂ ਸੜਕਾਂ ਜ਼ਖ਼ਮੀ ਹੋ ਕੇ।
-----
ਪਿੰਜ ਸੁੱਟੀ ਏ ਧੁੱਪ ਵਿਚਾਰੀ ਜਦ ਵੀ ਲੰਘੀਆਂ ਏਦਾਂ,
ਸਾਜ਼ਿਸ਼ ਭਰੀਆਂ ਜ਼ਾਲਿਮ ਨਜ਼ਰਾਂ ਰਿਸ਼ਮਾਂ ਵਿੱਚੀਂ ਹੋ ਕੇ।
-----
ਨ੍ਹੇਰੇ ਵਿੱਚ ਜਦ ਆਸ ਨਿਮਾਣੀ ਭੁੱਲੀ ਰਾਹ ਖ਼ੁਸ਼ੀਆਂ ਦਾ,
ਸੌਂ ਗਈਆਂ ਫਿਰ ਥੱਕੀਆਂ ਸਧਰਾਂ ਦਰ ਪਲਕਾਂ ਦੇ ਢੋ ਕੇ।
-----
ਹੰਝੂਆਂ ਨੂੰ ਜਦ ਮੋਤੀ ਬਣਨਾ ਆਇਆ, ਫੇਰ ਅਸਾਂ ਨੇ,
ਮਾਲ਼ਾ ਇੱਕ ਬਣਾਈ ਦਿਲ ਦੇ ਸਾਰੇ ਦਰਦ ਪਰੋ ਕੇ।
-----
ਬਾਰ ਜਦੋਂ ਨਾ ਖੋਲ੍ਹੇ ਤਾਂ ਫਿਰ ਘਰ ਨੂੰ ਪਰਤੇ ਆਖਰ,
ਥੱਕੇ-ਹਾਰੇ ਸੁਪਨੇ ਉਸ ਦੀ ਸਰਦਲ ਉੱਪਰ ਰੋ ਕੇ।
-----
ਝੱਲ ਸਕੇ ਨਾ ਜਦ ਉਹ ਮੇਰੀ ਭਟਕਣ ਤਾਂ ਫਿਰ ਆਪੇ,
ਮੇਰੇ ਨਾਲ਼ ਤੁਰੇ ਸਨ ਰਸਤੇ ਮੇਰੀ ਮੰਜ਼ਿਲ ਹੋ ਕੇ।
2 comments:
ਰਾਤੀਂ ਲੰਘੀ ਪੌਣ ਨਦੀ ਚੋਂ ਦਾਗ ਲਹੂ ਦੇ ਧੋ ਕੇ
ਡਰ ਦੇ ਮਾਰੇ ਪਾਰ ਕੀਤੀਆਂ ਸੜਕਾਂ ਜਖਮੀ ਹੋ ਕੇ
ਭਾਅ ਜੀ ! ਬਹੁਤ ਹੀ ਖੂਬ ਗਜ਼ਲ ਹੈ ਜੀ ਇੰਨੀ ਵਧਿਆ ਰਚਨਾ ਲਈ ਮੁਬਾਰਕਾਂ
sawad aa giya..........Darshan Darvesh
Post a Comment