ਆਪਣੇ ਪਥਰਾ ਗਏ ਚਿਹਰੇ ਦਾ ਮੰਜ਼ਰ ਵੇਖ ਕੇ।
ਡਰ ਗਿਆ ਸ਼ੀਸ਼ੇ ਤੋਂ ਮੈਂ, ਸ਼ੀਸ਼ੇ ‘ਚ ਪੱਥਰ ਵੇਖ ਕੇ।
-----
ਜਗਮਗਾਉਂਦੀ ਰੌਸ਼ਨੀ ਦਾ ਸ਼ਹਿਰ ਧੁੰਦਲ਼ਾ ਜਾਪਿਆ,
ਨ੍ਹੇਰ ਦੇ ਸਾਗਰ ‘ਚ ਡੁਬਿਆ ਆਪਣਾ ਘਰ ਵੇਖ ਕੇ।
-----
ਸੋਚਦਾ ਰਹਿਨਾਂ ਮਿਟਾਵਾਂਗਾ ਕਿਵੇਂ ਮੈਂ ਪਿਆਸ ਨੂੰ,
ਰਾਤ ਭਰ ਬਲ਼ਦੀ ਨਦੀ ਖ਼ਾਬਾਂ ਦੇ ਅੰਦਰ ਵੇਖ ਕੇ।
-----
ਡਰ ਕਿਤੇ ਨਾ ਟੁੱਟ ਜਾਵਾਂ ਧਰਤ ਦੇ ਰਿਸ਼ਤੇ ਤੋਂ ਹੀ,
ਜੀਅ ਕਰੇ ਉੱਚਾ ਉੜਾਂ, ਮੈਂ ਨੀਲ ਅੰਬਰ ਵੇਖ ਕੇ।
-----
ਦਿਲ ਤਾਂ ਆਖਰ ਦਿਲ ਹੀ ਸੀ ਹੋਣਾ ਹੀ ਸੀ ਉਸਨੇ ਉਦਾਸ,
ਖੰਡਰਾਂ ਵਿਚ ਡੁੱਬਦੇ ਸੂਰਜ ਦਾ ਮੰਜ਼ਰ ਵੇਖ ਕੇ।
----
ਸੁਰਖ਼ ਫੁਲ ਸੜਦੇ, ਧੁਆਂਖੇ ਖ਼ਾਬ ਤੇ ਝੁਲ਼ਸੇ ਬਦਨ,
ਯਾਦ ਕੀ ਕੀ ਆ ਰਿਹਾ ਹੈ ਜਲ਼ ਰਿਹਾ ਘਰ ਵੇਖ ਕੇ।
-----
ਸੋਚਿਆ, ਕਮਜ਼ੋਰ ਦਿਲ ਦਾ ਵੀ ਸਮੁੰਦਰ ਹੈ ਬੜਾ,
ਮੈਂ ਸਮੁੰਦਰ ਦੇ ਕਿਨਾਰੇ ਰੇਤ ਦਾ ਘਰ ਵੇਖ ਕੇ।
-----
ਤੁਰ ਪਿਆ ਸਾਂ ਛੱਡ ਕੇ ਸਭ ਰਿਸ਼ਤਿਆਂ ਨੂੰ ਉਮਰ ਭਰ,
ਰੁਕ ਗਿਆ ਪਰ ਤੇਰਿਆਂ ਪੈਰਾਂ ‘ਚ ਝਾਂਜਰ ਵੇਖ ਕੇ।
2 comments:
ਇੱਕ ਵਧੀਆ ਗ਼ਜ਼ਲ.
Kulwinder Sahib,udari kamaal di hai-Rup Daburji
Post a Comment