ਪਿੰਜਰੇ ਦਾ ਮੂੰਹ ਹਵਾ ਵਿਚ ਅੱਡਿਆ ਹੀ ਰਹਿ ਗਿਆ।
ਸੱਤਰੰਗੀ ਪੀਂਘ ‘ਤੇ ਚਿੜੀਆਂ ਦਾ ਚੰਬਾ ਬਹਿ ਗਿਆ।
-----
ਫਿਰ ਕਰੂੰਬਲ ਫੁਟ ਪਈ ਝੱਖੜ ਦੇ ਝੰਬੇ ਬਿਰਖ਼ ‘ਤੇ,
ਵਹਿਮ ਸੀ ਝੱਖੜ ਨੂੰ ਉਹ ਸਭ ਕੁਝ ਉਡਾ ਕੇ ਲੈ ਗਿਆ।
-----
ਦਰਦ ਟੁੱਟੇ ਚੂੜਿਆਂ ਦਾ ਜਦ ਨਾ ਹੋ ਸਕਿਆ ਬਿਆਨ,
ਇਕ ਪਰਿੰਦਾ ਉੱਡ ਕੇ ਬਲ਼ਦੀ ਚਿਤਾ ‘ਤੇ ਬਹਿ ਗਿਆ।
-----
ਧਰਤ ਵਰਗਾ ਆਸਰਾ ਉਹ ਖੁਸ ਗਿਆ ਤਾਂ ਘਰ ਮੇਰਾ,
ਸੀ ਅਜੇ ਅੱਧਾ ਵੀ ਨਾ ਬਣਿਆ ਜੋ ਪੂਰਾ ਢਹਿ ਗਿਆ।
-----
ਲਾਸ਼ ਹੈ ਨ੍ਹੇਰੇ ਦੀ ਇਹ, ਨ੍ਹੇਰਾ ਨਹੀਂ ਦੀਵੇ ਤਲੇ,
ਲੋਅ ਨੂੰ ਲਾਵਾਰਿਸ ਜਿਹਾ ਮੁਰਦਾ ਉਠਾਉਣਾ ਪੈ ਗਿਆ।
-----
ਬੱਦਲ਼ਾਂ ਵਿਚ ਨਕਸ਼ ਤੇਰੇ ਬਣਦੇ ਬਣਦੇ ਰਹਿ ਗਏ,
ਪੌਣ ਦਾ ਬੁੱਲਾ ਮੇਰਾ ਸਭ ਕੁਝ ਉਡਾ ਕੇ ਲੈ ਗਿਆ।
-----
ਲਾਪਤਾ ਉਹ ਹੋ ਗਿਆ ਦਿਲ ਤੋੜ ਕੇ ਮੇਰਾ ਮਗਰ,
ਅਕਸ ਅੱਖਾਂ ਵਿਚ ਉਹਦਾ ਤਸਵੀਰ ਬਣ ਕੇ ਰਹਿ ਗਿਆ।
-----
ਦਿਲ ਤਾਂ ਮਜ਼ਦੂਰਾਂ ਦੇ ਰੋਏ ਪਰ ਵਗਣ ਹੰਝੂ ਕਿਵੇਂ?
ਵਹਿ ਗਿਆ ਹਰ ਅੱਥਰੂ ਬਣ ਕੇ ਪਸੀਨਾ ਵਹਿ ਗਿਆ।
-----
ਰੰਗ ਮੇਰਾ ਵੀ ਵਗੇ ਰੰਗਾਂ ਦੇ ਇਸ ਦਰਿਆ ਦੇ ਵਿਚ,
ਰੰਗ ਦੀ ਤੌਹੀਨ ਹੈ ਜੇ ਮੈਨੂੰ ਕਹਿਣਾ ਪੈ ਗਿਆ।
2 comments:
Kang Sahib,pehlan waang chha gai-Rup Daburji
ਬਹੁਤ ਸੁਹਣੇ ਬਿੰਬ ਵਰਤੇ ਹਨ.....ਕੰਗ ਸਾਹਿਬ, ਗ਼ਜ਼ਲ ਬਹੁਤ ਸੁੰਦਰ ਹੈ.....|
Post a Comment