ਜਗਜੀਤ ਜੀ! ਤੁਹਾਡੇ ਬੇਹੱਦ ਖ਼ੂਬਸੂਰਤ ਹਾਇਕੂ ਆਰਸੀ ‘ਚ ਸ਼ਾਮਿਲ ਕਰਦਿਆਂ ਉਸੇ ਦਿਲੀ ਪ੍ਰਸੰਨਤਾ ਦਾ ਅਨੁਭਵ ਕਰ ਰਹੀ ਹਾਂ, ਜਿਹੜਾ ਤੁਹਾਡਾ ਸ਼ਾਹਕਾਰ ਹਾਇਕੂ ‘ਕਾਲ਼ੀ ਬੋਲ਼ੀ ਰਾਤ / ਮਾਉਰੀ* ਕੁੜੀ ਦੇ ਪੈਰੀਂ/ ਜੁਗਨੂੰਆਂ ਦੀ ਪਾਜ਼ੇਬ ’ ਪੜ੍ਹ ਕੇ ਹੋਇਆ ਸੀ। ਨਹੀਂ ਤਾਂ ਪੰਜਾਬੀ ‘ਚ ਰਚੇ ਜਾ ਰਹੇ ਹਾਇਕੂ ਦਾ ਜੋ ਹਾਲ ਅੱਜ ਹੋ ਰਿਹਾ ਹੈ, ਤੁਸੀਂ, ਮੈਂ, ਤੇ ਦਵਿੰਦਰ ਪੂਨੀਆ ਜੀ ਭਲੀ-ਭਾਂਤ ਵਾਕਿਫ਼ ਹਾਂ। ਉਹ ਦਿਨ ਦੂਰ ਨਹੀਂ ਜਦੋਂ ਕਿਤਾਬਾਂ 'ਚ ਕਹਿਣ ਨੂੰ ( ਜਾਂ ਆਖ ਲਵੋ ਕਿ ਦਿਖਾਵਾ ਕਰਨ ਨੂੰ ) ਹਜ਼ਾਰਾਂ ਹਾਇਕੂ ਹੋਣਗੇ, ਪਰ ਹਾਇਕੂ ਦੀ ਰੂਹ ਗ਼ਾਇਬ ਹੋਵੇਗੀ, ਕਿਉਂਕਿ ਬਹੁਤੇ ਹਾਇਜਨ ( ਹਾਇਕੂ ਕਵੀ ) ਤੁਕਬੰਦੀਆਂ ਕਰ ਰਹੇ ਹਨ, ਬਿੰਬ ਦਾ ਸਰਲ ਅਤੇ ਸੰਖੇਪ ਵਰਣਨ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ। ਮੈਨੂੰ ਪੂਰਨ ਆਸ ਹੈ ਕਿ ਤੁਹਾਡੇ ਅਤੇ ਪੂਨੀਆ ਸਾਹਿਬ ਦੇ ਹਾਇਕੂ, ਹਾਇਕੂ ਦੇ ਨਾਂ ‘ਤੇ ਤੁਕਬੰਦੀ ਕਰਨ ਵਾਲ਼ਿਆਂ ਨੂੰ ਸਹੀ ਦਿਸ਼ਾ ਅਤੇ ਸੇਧ ਜ਼ਰੂਰ ਪ੍ਰਦਾਨ ਕਰਨਗੇ। ਤੁਹਾਡੀ ਕਲਮ ਨੂੰ ਮੇਰੇ ਵੱਲੋਂ ਇਕ ਵਾਰੀ ਫੇਰ ਸਲਾਮ। ਬਹੁਤ-ਬਹੁਤ ਸ਼ੁਕਰੀਆ।ਅਦਬ ਸਹਿਤ
ਤਨਦੀਪ ਤਮੰਨਾ
******
ਪੰਛੀ ਚਹਿਕ ਪਿਆ
ਉੱਠ ਵੇ ਮਨਾ ਸੁੱਤਿਆ
ਸਰਘੀ ਨੇ ਵਾਕ ਲਿਆ
=====
ਕਾਲ਼ੀ ਬੋਲ਼ੀ ਰਾਤ
ਮਾਉਰੀ* ਕੁੜੀ ਦੇ ਪੈਰੀਂ
ਜੁਗਨੂੰਆਂ ਦੀ ਪਾਜ਼ੇਬ
.......
*ਨਿਊਜ਼ੀਲੈਂਡ ਦੇ ਮੂਲਵਾਸੀ
=====
ਸਾਹਮਣੇ ਪਹਾੜ ‘ਤੇ
ਕਿਸ ਨੇ ਲਟਕਾਏ
ਰੰਗ ਬਿਰੰਗੇ ਘਰ
=====
ਹਾਰੀ ਵਿਚੋਂ ਨਿਕਲ਼
ਥਮਲੇ ਨੂੰ ਜਾ ਲਿਪਟੀ
ਧੂਏਂ ਦੀ ਵੇਲ
=====
ਪੰਡਾਲ ‘ਤੇ ਬਰਸਾਤ-
ਕਵਿਤਾ ਮਗਰੋਂ
ਤਾੜੀਆਂ ਦੀ ਅਵਾਜ਼
=====
ਉਸ ਖੋਲ੍ਹਿਆ
ਵਾਈਨ ਬੋਤਲ ਦੇ ਸੰਗ
ਭਰੇ ਹੋਏ ਮਨ ਨੂੰ
=====
ਨਹੀਂ ਜੀ ਨਹੀਂ…
ਮੈਂ ਟਾਰਚ ਨਹੀਂ ਭੁੱਲਾ
ਨੀਂਦ ‘ਚ ਚੱਲ ਰਿਹਾਂ
=====
ਮੇਰੇ ਬੁੱਲ੍ਹਾਂ ਉੱਤੇ
ਉਸਨੇ ਉਂਗਲ਼ ਰੱਖੀ
ਸੰਤਰੇ ਨਾਲ਼ ਮਹਿਕੀ
=====
ਰੁੱਤ ਬਦਲੀ
ਸੰਗਤਰੀ ਸੂਰਜ
ਬੁੱਲ੍ਹ ਸੁਕਾਵੇ
=====
ਇੱਕ ਸਿਰਹਾਣਾ ਥਿੰਧਾ
ਮਾਂ ‘ਤੇ ਦਾਦੀ ਲੜੀਆਂ
ਦੋ ਸਿਰਹਾਣੇ ਸਿੱਲ੍ਹੇ
1 comment:
Bahut khoobsoorat ... ... ...
Post a Comment