ਨਵਾਂ ਸਾਥੀ ਬਣਾਉਂਦੇ ਹੋ ਕਦੇ ਕੋਈ ਕਦੇ ਕੋਈ।
ਬਦਲਵਾਂ ਸੂਟ ਪਾਉਂਦੇ ਹੋ ਕਦੇ ਕੋਈ ਕਦੇ ਕੋਈ।
-----
ਬਣਾ ਛੱਡਿਐ ਤੁਸੀਂ ਹੁਣ ਤਾਂ ਰਕ਼ੀਬਾਂ ਦੀ ਸਰਾਂ ਇਸ ਨੂੰ,
ਮੇਰੇ ਘਰ ਲੈ ਲੈ ਆਉਂਦੇ ਹੋ ਕਦੇ ਕੋਈ ਕਦੇ ਕੋਈ।
-----
-----
ਇਹਦਾ ਮਤਲਬ ਰਕ਼ੀਬਾਂ ਨੂੰ ਤੁਸੀਂ ਮਿਲ਼ਦੇ ਹੋ ਰੋਜ਼ਾਨਾ,
ਸੁਨੇਹਾ ਲੈ ਲੈ ਆਉਂਦੇ ਹੋ ਕਦੇ ਕੋਈ ਕਦੇ ਕੋਈ।
-----
ਤੁਹਾਡੇ ਕੰਮ ਨਹੀਂ ਮੁਕਣੇ ਤੁਹਾਥੋਂ ਆ ਨਹੀਂ ਹੋਣਾ,
ਬਹਾਨਾ ਰੋਜ਼ ਲਾਉਂਦੇ ਹੋ ਕਦੇ ਕੋਈ ਕਦੇ ਕੋਈ।
-----
ਖ਼ੁਦਾ ਨੂੰ ਢੂੰਡਣਾ ਸੌਖਾ ਤੁਹਾਨੂੰ ਢੂੰਡਣਾ ਔਖਾ,
ਨਵੀਂ ਠਾਹਰ ਬਣਾਉਂਦੇ ਹੋ ਕਦੇ ਕੋਈ ਕਦੇ ਕੋਈ।
-----
ਪਵੇ ਗਲ਼ ਗ਼ੈਰ ਅੱਜ ਮੇਰੇ ਫੜਾਂ ਕਲ ਮੈਂ ਗਲ਼ੋਂ ਉਹਨੂੰ,
ਪਵਾੜਾ ਰੋਜ਼ ਪਾਉਂਦੇ ਹੋ ਕਦੇ ਕੋਈ ਕਦੇ ਕੋਈ।
-----
ਤੁਹਾਨੂੰ ਕਦ ਕਿਹੈ ਝੂਠੇ ਚਲੋ ਸਚ ਆ ਗਿਆ ਮੈਨੂੰ
ਕਸਮ ਝੂਠੀ ਉਠਾਉਂਦੇ ਹੋ ਕਦੇ ਕੋਈ ਕਦੇ ਕੋਈ।
-----
ਤੁਸੀਂ ਇਹਸਾਨ ਜੋ ਕੀਤੇ ਉਹ ਸਾਰੇ ਯਾਦ ਨੇ ਮੈਨੂੰ
ਜਦੋਂ ਮਿਲ਼ੀਏ ਜਤਾਉਂਦੇ ਹੋ ਕਦੇ ਕੋਈ ਕਦੇ ਕੋਈ।
-----
ਮਨਾ ਲੈ ਯਾਰ ਨੂੰ ਬੇਚੈਨ ਦਿਲ ਨੂੰ ਚੈਨ ਆ ਜਾਏ,
ਮਨ ਨਾ ਪੀਰ ਬੇਚੈਨਾ ਕਦੇ ਕੋਈ ਕਦੇ ਕੋਈ।
-----
ਸੁਣੀ ਜਾਂਦੀ ਨਹੀਂ ‘ਉਲਫ਼ਤ’ ਨਵੀਂ ਨਿਤ ਦਾਸਤਾਂ ਮੈਥੋਂ,
ਗਲ਼ਾ ਭਰ ਭਰ ਸੁਣਾਉਂਦੇ ਹੋ ਕਦੇ ਕੋਈ ਕਦੇ ਕੋਈ।
No comments:
Post a Comment