ਐਵੇਂ ਬੋਲ ਨਾ ਬਨੇਰੇ ਉੱਤੇ ਕਾਵਾਂ
ਵੇ ਸਾਡੇ ਵਿਹੜੇ ਕਿਨ੍ਹੇ ਆਉਣਾ ਏਂ।
ਇੱਥੇ ਭੁੱਲ ਕੇ ਨਾ ਆਉਂਦੀਆਂ ਹਵਾਵਾਂ,
ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...
ਐਵੇਂ ਬੋਲ ਨਾ...
-----
-----
ਭੁੱਲ ਗਿਆ ਮਾਹੀ ਸਾਨੂੰ ਜਾ ਕੇ ਪਰਦੇਸ ਵੇ।
ਯਾਦ ਆਇਆ ਕਦੇ ਵੀ ਨਾ ਉਹਨੂੰ ਸਾਡਾ ਦੇਸ ਵੇ।
ਸਾਰ ਲਈ ਕਦੇ ਭੈਣਾਂ ਨਾ ਭਰਾਵਾਂ...
ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...
ਐਵੇਂ ਬੋਲ ਨਾ...
-----
ਦਿਲ ਵਿਚ ਸਾਂਭੀ ਬੈਠੀ ਯਾਦ ਮਿੱਠੀ ਮਿੱਠੀ ਵੇ।
ਘੱਲਾਂ ਵੀ ਤਾਂ ਦੱਸ ਕਿੱਥੇ ਓਸ ਨੂੰ ਮੈਂ ਚਿੱਠੀ ਵੇ।
ਓਹਨੇ ਘੱਲਿਆ ਨਾ ਕੋਈ ਸਿਰਨਾਵਾਂ...
ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...
ਐਵੇਂ ਬੋਲ ਨਾ...
-----
ਯਾਦ ਆਵੇ ਜਦੋਂ ਉਹਦਾ ਭੱਤਾ ਲੈ ਕੇ ਜਾਂਦੀ ਸਾਂ।
ਆਪਣੇ ਮੈਂ ਹੱਥੀਂ ਉਹਨੂੰ ਚੂਰੀਆਂ ਖੁਆਂਦੀ ਸਾਂ।
ਹੁਣ ਵੱਢ-ਵੱਢ ਖਾਂਦੀਆਂ ਉਹ ਥਾਵਾਂ...
ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...
ਐਵੇਂ ਬੋਲ ਨਾ...
-----
ਉਹਨੇ ਭੁੱਲ ਕੇ ਕਦੇ ਨਾ ਕੀਤਾ ਮੈਨੂੰ ਯਾਦ ਵੇ।
ਕੀਹਦੇ ਅੱਗੇ ਕਰਾਂ ਜਾ ਕੇ ਦੱਸ ਫਰਿਆਦ ਵੇ।
ਕੀਹਨੂੰ ਦਿਲ ਦੇ ਇਹ ਜ਼ਖ਼ਮ ਵਿਖਾਵਾਂ...
ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...
ਐਵੇਂ ਬੋਲ ਨਾ...
-----
ਭੁੱਲ ਗਿਆ ਲੱਗੀਆਂ ਨਿਭਾਉਣ ਦੀ ਉਹ ਜਾਚ ਵੇ।
ਡਾਲਰਾਂ ਦੀ ਭੀੜ ਵਿਚ ਗਿਆ ਹੈ ਗੁਆਚ ਵੇ।
ਉਹਨੂੰ ਘੇਰ ਲਿਆ ਗੋਰੀਆਂ ਬਲਾਵਾਂ...
ਵੇ ਸਾਡੇ ਵਿਹੜੇ ਕਿੰਨ੍ਹੇ ਆਉਣਾ ਏਂ...
ਐਵੇਂ ਬੋਲ ਨਾ...
1 comment:
Pancchi Sahib geet baut changa lagga e.Sarl ate spasht geet ruh nu chain bakhs de ne.Rup Daburji
Post a Comment