ਨਜ਼ਮ
ਮੈਂ ਆਪਣੇ ਪੜ੍ਹਨ-ਕਮਰੇ ‘ਚ ਬੈਠਾ
ਬਾਹਰ ਵੱਲ ਤੱਕਦਿਆਂ, ਵੇਖਦਾ
ਰੋਜ਼ ਦੁਪਹਿਰੇ ਸੜਕ ਕਿਨਾਰੇ
ਨਿੰਮ ਹੇਠਾਂ ਸ਼ਾਮੂ ਦਾ ਰਿਕਸ਼ਾ ਰੋਕਦਾ
ਸੀਟ ‘ਤੇ ਬੈਠ, ਪੋਟਲੀ ਖੋਲ੍ਹਦਾ
ਕਦੇ ਅਚਾਰ, ਆਲੂ ਜਾਂ
ਗੁੜ ਦੀ ਰੋੜੀ ਨਾਲ਼
ਰੋਟੀ ਖਾਣੀ ਸ਼ੁਰੂ ਕਰ ਦਿੰਦਾ
............
ਮੈਂ ਉਸਦੀ ਗੁਰਬਤ ਦੀ ਅੱਗ
ਦੇ ਸੇਕ ਨੂੰ ਆਪਣੇ ਅੰਦਰ
ਦੂਰੋਂ-ਦੂਰੋਂ ਮਹਿਸੂਸ ਕਰਦਾ
ਮੈਂ ਨਜ਼ਰਾਂ ਨਜ਼ਰਾਂ ਰਾਹੀਂ
ਉਸ ਵੱਲ ਹਮਦਰਦੀ ਦੀ
ਭਾਨ ਸੁੱਟਦਾ ਰਹਿੰਦਾ
ਮੈਂ ਸੋਚਦਾ ਉਸਦਾ ਵੀ
ਹੋਵੇਗਾ ਕੋਈ ਪਰਿਵਾਰ
ਨਿੱਕਾ ਜਿਹਾ ਇਕ ਸੰਸਾਰ।
..............
ਹੁਣ ਏਥੇ ਮੈਂ ਕਿਸੇ
ਗਲ਼ੀ ਦੀ ਨੁੱਕਰੇ ਆਪਣੀ
ਟੈਕਸੀ ਰੋਕ ਜਦੋਂ
ਲੰਚ ਬਾਕਸ ਖੋਲ੍ਹਦਾ ਹਾਂ
ਸ਼ਾਮੂ ਰਿਕਸ਼ੇ ਵਾਲ਼ਾ
ਮੇਰੇ ਨਾਲ਼ ਪੋਟਲੀ ਲੈ ਕੇ
ਬੈਠ ਜਾਂਦਾ ਹੈ
..............
ਮੈਂ ਹੀਣ ਭਾਵਨਾ ਦੇ
ਅਹਿਸਾਸ ‘ਚ ਡੁੱਬ ਜਾਂਦਾ ਹਾਂ
ਕਿ ਕਿਸੇ
ਘਰ ਦੀ ਖਿੜਕੀ ਦੇ ਸ਼ੀਸ਼ੇ ‘ਚੋਂ
ਮੈਨੂੰ ਕੋਈ ਵੇਖ ਰਿਹਾ ਹੈ
ਮੇਰੇ ਬਾਰੇ ਸੋਚ ਰਿਹਾ ਹੈ...
1 comment:
Diwana Sahib, nazam parbhawshali e
Post a Comment