ਦੁਨੀਆਂ ਏਦਾਂ ਬਦਲੀ ਵੇਖੀ।
ਮਾਰੂਥਲ ਵਿਚ ਕਿਸ਼ਤੀ ਵੇਖੀ।
-----
ਨੀਰ ਬਿਨਾ ਮੈਂ ਰੋਂਦੀ ਯਾਰੋ,
ਅੱਖ ‘ਚ ਖ਼ਾਬ ਦੀ ਮਛਲੀ ਵੇਖੀ।
----
----
ਸਾਰਾ ਮੁਲਕ ਮੈਂ ਰੋਂਦਾ ਤੱਕਿਆ,
ਬਸ ਇਕ ਕੁਰਸੀ ਹੱਸਦੀ ਵੇਖੀ।
-----
ਦੁਨੀਆਂ ਦੀ ਹਰ ਸ਼ੈਅ ‘ਤੇ ਤਾਲੇ,
ਪੈਸੇ ਦੇ ਹੱਥ ਚਾਬੀ ਵੇਖੀ।
-----
ਰੂਹ ਦਾ ਮੌਸਮ ਤੌਬਾ ਤੌਬਾ,
ਜਿਸਮ ਦੀ ਰੁੱਤ ਉਦਾਸੀ ਵੇਖੀ।
-----
ਜੋਬਨ ਜੀਵਨ ਦਾ ਉਤਸਵ ਹੈ,
ਇਹ ਗੱਲ ਮੈਂ ਬੱਸ ਗੱਲ ਹੀ ਵੇਖੀ।
-----
ਚਾਰ ਦਿਨਾਂ ਦਾ ਖੇਡ ਤਮਾਸ਼ਾ,
ਜ਼ਿੰਦਗੀ ਉਹ ਵੀ ਰੁਲ਼ਦੀ ਵੇਖੀ।
-----
ਇਕ ਤਨਹਾਈ ਨਾਲ਼ ਉਦਾਸੀ,
ਚਾਰੇ ਪਾਸੇ ਛਾਈ ਵੇਖੀ।
=====
ਗ਼ਜ਼ਲ
ਅੱਜ ਦੇ ਬੰਦੇ ਦਾ ਦੁਖਾਂਤ।
ਸਭ ਕੁਝ ਹੈ, ਪਰ ਹੈ ਇਕਾਂਤ।
-----
ਹਾਲ ਕਹਿਣ ਸਭ ਠੀਕ ਠਾਕ,
ਅੰਦਰੋਂ ਐਪਰ ਮਨ ਅਸ਼ਾਂਤ।
-----
ਸਮਝ ਨਹੀਂ ਆਉਂਦੀ ਹਯਾਤ,
ਕਿੱਥੇ ਲੱਗੇ ਕੀ ਸਿਧਾਂਤ?
-----
ਰੌਲ਼ਾ ਰੱਪਾ ਭੱਜ ਦੌੜ,
ਤਹਿ ਦਰ ਤਹਿ ਮਨ ਹੈ ਅਸ਼ਾਂਤ।
-----
ਮਨ ਨੂੰ ਲੈਂਦੀ ਸੋਚ ਘੇਰ,
ਜੇਕਰ ਮਿਲ਼ ਜਾਵੇ ਇਕਾਂਤ।
-----
ਜੀਵਨ ਹੋਵੇ ਸ਼ਾਨਦਾਰ,
ਪਿਆਰ ਜੇ ਹੋ ਜਾਵੇ ਸਿਧਾਂਤ।
-----
ਇਕ ਪਲ ਹੋਵੇ ਖੱਪ ਸ਼ੋਰ,
ਅਗਲਾ ਹੋਵੇ ਚੁੱਪ ਸ਼ਾਂਤ।
-----
ਇਕ ਸਮਝੋ ਸਭ ਨਾਸ਼ਵਾਨ,
ਉਪਰੋਂ ਇੱਛਾ ਭਾਂਤ ਭਾਂਤ।
-----
ਬਚ ਹੀ ਜਾਂਦੇ ਦੁੱਖ ਅਨੇਕ,
ਅੰਤ ਨਹੀਂ ਬਣਦਾ ਸੁਖਾਂਤ।
1 comment:
ਬਹੁਤ ਖੂਬ ਪੂਨੀਆ ਜੀ।।।ਛੋਟੀ ਬਹਿਰ 'ਚ ਕਮਾਲ ਦੀ ਗ਼ਜ਼ਲ ਹੈ।।ਨਪੀ ਤੁਲੀ ਸ਼ਬਦਾਵਲੀ ਤੇ ਪ੍ਰਭਾਵ ਬਹੁਤ ਗਹਿਰਾ।।ਮੁਬਾਰਕ ਜਨਾਬ
ਦੀਪ ਨਿਰਮੋਹੀ
Post a Comment