ਸਿਰ ਦੀ ਮੰਨਦੈਂ ਤੂੰ ਸਦਾ, ਮਾੜੀ ਨਹੀਂ ਇਹ ਗੱਲ।
ਜਿੱਧਰ ਨੂੰ ਦਿਲ ਤੋਰਦਾ, ਕਦੇ ਤਾਂ ਓਧਰ ਵੱਲ।
-----
ਦੇਖੇ ਦੁੱਖ ਬੇਗਾਨੜੇ, ਮੱਤਾਂ ਦਿੱਤੀਆਂ ਢੇਰ।
ਜਦ ਅਪਣੇ ‘ਤੇ ਆ ਪਈ, ਮੱਤ ਮਾਰੀ ਗਈ ਫੇਰ।
-----
-----
ਪਰਖਹੀਣ ਵਿਸ਼ਵਾਸ ਹੈ, ਪਰਖੋਂ ਡਰੇ ਫ਼ਰੇਬ।
ਪਰਖ ਨਾ ਕਰਦਾ ਲਾਈ-ਲੱਗ, ਨੂਰੋਂ ਖ਼ਾਲੀ ਜੇਬ।
-----
ਸਿਆਣੇ ਸੱਜਣ ਸਾਹਮਣੇ ਅਪਣਾ ਸੀਸ ਝੁਕਾ।
ਕਰਕੇ ਖੁਣਸੀ ਈਰਖਾ, ਹਿਰਦਾ ਨਾ ਤੜਪਾ।
-----
ਅਪਣਾ ਆਪ ਪਛਾਣ ਕੇ, ਅੱਧੀ ਜੰਗ ਤਾਂ ਜਿੱਤ।
ਮਿਥ ਕੇ ਟੀਚਾ ਫ਼ਤਿਹ ਦਾ, ਫੇਰ ਟਿਕਾ ਲੈ ਚਿੱਤ।
-----
ਗ਼ਰਜ਼ ਸੁਰੀਲਾ ਬੋਲਦੀ, ਧਰ ਨ ਉਸ ‘ਤੇ ਕੰਨ।
ਅੰਤਕਹਨ ਪੁਕਾਰਦਾ, ਉਸਦਾ ਕਹਿਣਾ ਮੰਨ।
-----
ਹਾਜ਼ਰ ਨਾਜ਼ਰ ਸੁੰਦਰਤਾ, ਦਰਸ਼ਨ ਹੁੰਦੇ ਝੱਬ।
ਸਾਥ, ਸ਼ਾਂਤੀ, ਸਿਹਤ, ਸੁਖ, ਮਿਲ਼ਦੇ ਨਾਲ਼ ਸਬੱਬ।
-----
ਸੁਪਨੇ ਨੂੰ ਨਾ ਬੁਝਣ ਦੇ, ਮੱਸਿਆ ਵਕ਼ਤੀ ਹਾਰ।
ਤਾਰਾ-ਮੰਡਲ ਟਿਮਕਦਾ, ਕੋਈ ਨਾ ਅੰਤ ਸ਼ੁਮਾਰ।
-----
ਸਾਹ ਬੀਤੇ ਸੱਜਣ ਗਏ, ਪਰਛਾਵੇਂ ਭਰਮਾਉਣ।
ਮੇਰੇ ਮਨ ਦੀਆਂ ਉਲਝਣਾਂ, ਸੁਪਨੇ ਬਣ ਕੇ ਆਉਣ।
-----
ਨੀਂਦਰ, ਮਾਇਆ, ਮਾਣ, ਮੋਹ, ਕੁਝ ਨਾ ਸੁਪਨੇ ਤੁੱਲ।
ਸੁਪਨਾ ਅਸੀਂ ਖ਼ਰੀਦਿਆ, ਡਾਢੇ ਮਹਿੰਗੇ ਮੁੱਲ।
-----
ਹਸ ਨਾ ਪਹਿਲਾਂ ਸਮੇਂ ਤੋਂ, ਮੁੱਕਣ ਤਾਂ ਦੇ ਗੱਲ।
ਸ਼ਾਇਦ ਹੁੰਝੂ ਵਹਿ ਤੁਰਨ, ਡੂੰਘਾ ਅੰਤੇ ਸੱਲ।
-----
ਸ਼ਾਇਰ ਨਾ ਪੜ੍ਹ, ਸ਼ੇਅਰ ਪੜ੍ਹ, ਭੁੱਲ ਕਰਤਾ ਦੀ ਜ਼ਾਤ।
ਪਰਖਣ ਪਾਠਕ ਪੁਰਖ ਜਦ, ਹੁਨਰੀ ਬਾਜ਼ੀ ਮਾਤ।
-----
ਤਾਰੇ ਜੁਗਨੂੰ ਸ਼ਾਸਤਰ, ਤੇਰੇ ਆਲ਼ ਦੁਆਲ਼।
ਜੇ ਚਾਹੇਂ ਮਨ ਚਾਨਣਾ, ਅਪਣਾ ਦੀਵਾ ਬਾਲ਼।
------
ਗ਼ੁੱਸਾ ਪਾਪ ਗਿਆਨ ਲਈ, ਝੂਠਾ ਗ਼ੁੱਸੇ-ਖ਼ੋਰ।
ਲੱਭੇ ਜਦੋਂ ਦਲੀਲ ਨਾ, ਸਿੱਧੜ ਭੜਕੇ ਹੋਰ।
-----
ਮਨ ਕਪਟੀ ਮਿਥਿਆ ਕਥਨ, ਸਿੱਧੀ ਅੱਖ ਵੀ ਕਾਣ।
ਸਾਹਵੇਂ ਤੱਕ ਵੀ ਮੁੱਕਰੇ, ਨੀਤੀ ਖੋਟੀ ਬਾਣ।
1 comment:
ਗੁਰਚਰਨ ਰਾਮਪੁਰੀ ਜੀ ਦੋਹੇ ਸੱਚ ਬਿਆਨਣ 'ਚ ਕਾਮਜਾਬ ਰਹੇ ਨੇ -ਰੂਪ ਦਬੁਰਜੀ
Post a Comment