ਗੁਰਦੀਪ ਸਿੰਘ ਪੁਰੀ – 28 ਜੂਨ,1957 ( ਮੋਗਾ, ਪੰਜਾਬ ) – 8 ਫਰਵਰੀ, 2011 ( ਗਲਾਸਗੋ, ਯੂ.ਕੇ. )
ਪ੍ਰਕਾਸ਼ਿਤ ਕਿਤਾਬਾਂ: ਤਿੰਨ ਕਹਾਣੀ ਸੰਗ੍ਰਿਹ: ‘ਉਦਾਸੇ ਫੁੱਲ ਬਹਾਰ ਦੇ’, ਖ਼ਾਹਿਸ਼’, ਇੱਕ ਰਾਤ ਦਾ ਕ਼ਤਲ’, ਕਵਿਤਾ ਸੰਗ੍ਰਹਿ: ‘ ਹਾਸੇ ਵਿਲਕ ਪਏ’, ‘ਸੱਖਣੇ ਹੱਥ’, ‘ਵਾਪਸੀ ਦਾ ਸਫ਼ਰ’, ‘ ਤੇਰੀ ਉਡੀਕ ਵਿਚ’ ਰੇਖਾ ਚਿੱਤਰ: ‘ਬਿਨ ਤੁਸਾਂ ਅਸੀਂ ਸੱਖਣੇ’ ਪ੍ਰਕਾਸ਼ਿਤ ਹੋਈਆਂ। ਮੋਗੇ ਦੀ ਮੁਸਕਾਣ, ਬ੍ਰਿਜਬਾਨੋ, ਕੀ ਜਾਣਾਂ ਮੈਂ ਕੌਣ , ਦਰਦ ਨਾ ਜਾਣੇ ਕੋਇ , ਦਰਦ ਭਿੱਜੇ ਬੋਲ, ਹੰਸਨੀਆਂ ਤ੍ਰਿਹਾਈਆਂ, ਅਮਲਤਾਸ ਦੇ ਫੁੱਲ, ਪ੍ਰਦੇਸੋਂ ਪਰਿੰਦੇ ਪਰਤ ਆਏ...ਤੇ ਹੋਰ ਬਹੁਤ ਸਾਰੀਆਂ ਪੱਤ੍ਰਿਕਾਵਾਂ ਤੇ ਮੈਗਜ਼ੀਨਾਂ ਦਾ ਸੰਪਾਦਨ ਅਤੇ ਸਹਿ-ਸੰਪਾਦਨ ਕੀਤਾ।
-----
ਦੋਸਤੋ! ਗਲਾਸਗੋ, ਯੂ.ਕੇ. ਵਸਦੇ ਡੈਡੀ ਜੀ ਦੇ ਪਰਮ ਮਿੱਤਰ ਲੇਖਕ ਗੁਰਦੀਪ ਸਿੰਘ ਪੁਰੀ ਜੀ ਵੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਯਕੀਨ ਹੀ ਨਹੀਂ ਸੀ ਆ ਰਿਹਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਬਾਦਲ ਸਾਹਿਬ ਨੂੰ ਚਿੱਠੀ ਅਤੇ ਇਕ ਨਵੀਂ ਕਿਤਾਬ ‘ਤੇਰੀ ਉਡੀਕ ਵਿਚ’ ਡਾਕ ਵਿਚ ਆਈ ਸੀ। ਪੁਰੀ ਸਾਹਿਬ ਮਹੀਨੇ ਵਿਚ ਦੋ-ਤਿੰਨ ਖ਼ਤ ਜ਼ਰੂਰ ਲਿਖਿਆ ਕਰਦੇ ਸਨ, ਜਿਨ੍ਹਾਂ ਵਿਚ ਉਹਨਾਂ ਦੇ ਕਈ ਬੀਮਾਰੀਆਂ ਤੋਂ ਪੀੜਿਤ ਹੋਣ ਦਾ ਜ਼ਿਕਰ ਹੁੰਦਾ ਸੀ, ਪਰ ਸੋਚਿਆ ਨਹੀਂ ਸੀ ਕਿ ਉਹ ਏਨੀ ਜਲਦੀ ਸਭ ਨੂੰ ਅਲਵਿਦਾ ਆਖ ਜਾਣਗੇ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਯਾਦ ਕਰਦੇ ਹੋਏ, ਸ਼ਰਧਾਂਜਲੀ ਦੇ ਰੂਪ ਵਿਚ ਉਹਨਾਂ ਦੀ ਕਿਤਾਬ ‘ਤੇਰੀ ਉਡੀਕ ਵਿਚ’ ‘ਚੋਂ ਇਕ ਗੀਤ ਅਤੇ ਇਕ ਨਜ਼ਮ ਆਰਸੀ ‘ਚ ਸ਼ਾਮਿਲ ਕਰ ਰਹੇ ਹਾਂ। ਪ੍ਰਮਾਤਮਾ ਪਰਿਵਾਰ ਨੂੰ ਇਸ ਵਿਛੋੜੇ ਨੂੰ ਸਹਿਣ ਦਾ ਬਲ ਬਖ਼ਸ਼ੇ।
ਅਦਬ ਸਹਿਤ
ਤਨਦੀਪ ਤਮੰਨਾ
======
ਨਜ਼ਮ
ਤਨਹਾਈ ਦੂਰ ਤੱਕ ਫ਼ੈਲਿਆ
ਅੱਖਾਂ ‘ਚ ਰੇਗਿਸਤਾਨ ਹੈ
ਅਜਿਹਾ ਕਬਰਿਸਤਾਨ ਹੈ
ਜਿੱਥੇ ਮੁਹੱਬਤ ਯਾਰ ਦੇ
ਦੀਦਾਰ ਕਰਨ ਹਿੱਤ
ਮੋਮ ਵਾਂਗ ਕ਼ਤਰਾ ਕ਼ਤਰਾ ਜਲ਼ਦੀ ਹੈ
ਨਾ ਜਿਉਂਦੀ ਹੈ, ਨਾ ਮਰਦੀ ਹੈ
ਤਨਹਾਈ ਅੱਖਾਂ ਦੇ ਸਮੁੰਦਰ ਦਾ
ਟੁੱਟਿਆ ਬੰਨ੍ਹ ਹੈ
ਦਿਲ ਦੇ ਘਰ ਵਿਚ ਲੱਗੀ ਅਜਿਹੀ ਸੰਨ੍ਹ ਹੈ
ਜਿੱਥੋਂ ਖ਼ੁਸ਼ੀਆਂ....
ਘੁਣ ਵਾਂਗ ਕਿਰਦੀਆਂ ਹਨ
ਤੇ ਗ਼ਮ...
ਸੰਘਣੇ ਬੱਦਲ਼ਾਂ ਵਾਂਗ ਫ਼ੈਲ ਜਾਂਦੇ ਹਨ....
..........
ਤਨਹਾਈ ਦਿਲ ‘ਚੋਂ ਨਿਕਲ਼ੀ
ਅਜਿਹੀ ਚੀਕ ਹੈ
ਜਿਸਨੂੰ ਮੀਲਾਂ ਤੱਕ ਕੋਈ ਨਹੀਂ ਸੁਣਦਾ
ਸ਼ਾਇਦ ਸੁਣਨ ਵਾਲ਼ਿਆਂ ਨੇ
ਕੰਨਾਂ ‘ਚ ਰੂੰ ਦੇ ਰੱਖੀ ਹੁੰਦੀ ਹੈ
ਇਹੀ ਸਮਝੋ ਕਿ...
ਇਕ ਤਨਹਾ ਨੂੰ ਮਿਲ਼ਿਆ
ਇਹ ਤਾਂ ਇ ਸਰਾਪ ਹੈ
ਬਦਲੇ ਉਸਦੇ ਜੋ ਵੀ ਕੀਤਾ ਉਸ ਪਾਪ ਹੈ
ਪਰ ਤਨਹਾਈ ਤਾਂ ਇਕ ਵਿਰਲਾਪ ਹੈ....
...........
ਤਨਹਾਈ ਘਾਇਲ ਹੋਏ ਪੰਛੀ ਦੀ ਪਰਵਾਜ਼ ਹੈ
ਮਰ ਰਹੇ ਆਦਮੀ ਦੀ ਦਰਦ ਭਰੀ ਆਵਾਜ਼ ਹੈ
ਸਿਸਕੀਆਂ ਤੇ ਹਾਉਕਿਆਂ ਦਾ ਖ਼ਜ਼ਾਨਾ ਹੈ
ਆਪਣੀ ਹੀ ਜ਼ਿੰਦਗੀ ਦਾ
ਉਲ਼ਝਿਆ ਤਾਣਾ-ਬਾਣਾ ਹੈ
ਗ਼ਮ-ਦਰ-ਗ਼ਮ ਦਾ ਸਫ਼ਰ ਹੈ
ਜਿਸ ਤੋਂ ਹਰ ਖ਼ੁਸ਼ੀ ਬੇਖ਼ਬਰ ਹੈ....
..............
ਤਨਹਾਈ ਪਿੰਜਰੇ ਵਿਚ ਤੜੇ ਪੰਛੀ ਦੀ ਹੂਕ ਹੈ
ਬਿਨਾ ਸਿਰ ਬੰਸਰੀ ‘ਚ ਮਾਰੀ ਫੂਕ ਹੈ
ਪਲਾਂ ਨੂੰ ਸਦੀਆਂ ਵਿਚ ਬਦਲ਼ਣ ਦੀ ਰੀਤ ਹੈ
ਜ਼ਖ਼ਮੀ ਅੱਖਰਾਂ ਦਾ ਰੋ ਰਿਹਾ ਗੀਤ ਹੈ
ਜਿਸਦਾ ਮਰ ਰਿਹਾ ਸੰਗੀਤ ਹੈ
ਤੇ ਮਰ ਰਹੀ ਪ੍ਰੀਤ ਹੈ....
.............
ਤਨਹਾਈ ਰੋਹੀ ‘ਚ ਉੱਗਿਆ ਰੁੱਖ ਹੈ
ਜਿਸਦਾ ਦਾ ਦਮ ਤੋੜ ਚੁੱਕਿਆ ਹਰ ਸੁੱਖ ਹੈ
ਜਿਸਦਾ ਸਾਥੀ ਬਸ ਦੁੱਖ ਅਤੇ ਦੁੱਖ ਹੈ
ਜਿਸਦੀ ਹਰ ਕਹਾਣੀ ਦਾ
ਬੁਲਾਰਾ ਵੀ ਉਹ ਆਪ ਹੈ
ਤੇ ਸਰੋਤਾ ਵੀ ਆਪ
ਇਕੱਲਾ ਤਨਹਾ ਵੀ
ਤੇ ਖ਼ੁਦ ਇੱਕ ਕਾਫ਼ਿਲਾ ਵੀ....
................
ਤਨਹਾਈ, ਦਰਿਆ ‘ਚ ਠੇਲ੍ਹਿਆ
ਕੱਚੀ ਮਿੱਟੀ ਦਾ ਘੜਾ ਹੈ
ਜਿਸਦਾ ਪੰਧ ਲੰਮੇਰਾ
ਪਰ ਵਜੂਦ ਅਕਹਿਰਾ ਹੈ
ਜਿਸਦੇ ਉੱਪਰ ਜ਼ਿੰਦਗੀ
ਅਤੇ ਥੱਲੇ ਮੌਤ ਹੈ
ਜਿਸਨੇ ਧਾਰੀ ਮਹਿਬੂਬ ਨੂੰ
ਮਿਲ਼ਣ ਦੀ ਮਨੌਤ ਹੈ....
...........
ਤਨਹਾਈ ਪੱਤਝੜ ਦੀ ਰੁੱਤੇ
ਬਾਗ਼ੀਂ ਬੋਲਦੀ
ਬੁਲਬੁਲ ਦੀ ਪੁਕਾਰ ਹੈ
ਬਹਾਰ ਨੂੰ ਲੱਭਦੀ ਪਰਵਾਜ਼ ਹੈ
ਖ਼ੁਦਾ ਨੂੰ ਕੋਸਦੀ ਆਵਾਜ਼ ਹੈ
ਦਿਲ ‘ਚ ਨੱਪਿਆ ਇਕ ਰਾਜ਼ ਹੈ
ਅਧੂਰਾ ਪਿਆ ਅਜਿਹਾ ਕਾਜ ਹੈ
ਜੋ ਪੂਰਾ ਹੋਣ ਦੀ ਉਮੀਦ ਲੈ
ਤਿੱਖੜ ਦੁਪਹਿਰੇ
ਰੋਹੀਆਂ, ਬੀਆਬਾਨਾਂ ਵਿਚ
ਸੂਲ਼ੀ ‘ਤੇ ਲਟਕਦਾ ਹੈ....
=====
ਗੀਤ
ਹਾਸੇ ਵਿਲਕ ਪਏ।
ਹਾਸੇ ਤਿਲ੍ਹਕ ਪਏ।
-----
‘ਵਾਰਿਸ’ ਨੂੰ ਬੁਲਾਇਆ ਜਦੋਂ
‘ਸ਼ਿਵ’ ਨੂੰ ਵੰਡਾਇਆ ਜਦੋਂ
ਸੁੱਚੇ ਜਿਹੇ ਸੱਚ ਨੂੰ
ਸੂਲ਼ੀ ‘ਤੇ ਚੜ੍ਹਾਇਆ ਜਦੋਂ
ਹਾਸੇ ਵਿਲਕ ਪਏ....
-----
ਖਿੰਡਿਆ ਪੰਜਾਬ ਜਦੋਂ
ਮਿੱਧਿਆ ਗੁਲਾਬ ਜਦੋਂ
ਪਾਟੀ ਏ ਕਿਤਾਬ ਜਦੋਂ
ਰੁਲ਼ੇ ਨੇ ਖ਼੍ਵਾਬ ਜਦੋਂ...
ਹਾਸੇ ਵਿਲਕ ਪਏ....
-----
ਚਿੱਟਾ ਹੋਇਆ ਖ਼ੂਨ ਜਦੋਂ
ਚੜ੍ਹਿਆ ਜਨੂੰਨ ਜਦੋਂ
ਮਿੱਟੀ ਹੋਈ ਜੂਨ ਜਦੋਂ
ਵਿਕ ਗਏ ਕਾਨੂੰਨ ਜਦੋਂ...
ਹਾਸੇ ਵਿਲਕ ਪਏ....
-----
ਹਿਜਰਤ ਹੋਈ ਜਦੋਂ
ਸ਼ਰਾਫ਼ਤ ਮੋਈ ਜਦੋਂ
ਮੁਹੱਬਤ ਰੋਈ ਜਦੋਂ
ਮਿਲ਼ੀ ਨਾ ਢੋਈ ਜਦੋਂ...
ਹਾਸੇ ਵਿਲਕ ਪਏ....
-----
ਸੁਣੀ ਨਾ ਬਾਤ ਜਦੋਂ
ਮੁੱਖ ਹੋਈ ਜਾਤ ਜਦੋਂ
ਗਵਾਚਾ ਹਰ ਦਿਨ ਜਦੋਂ
ਰੁਲ਼ੀ ਹਰ ਰਾਤ ਜਦੋਂ....
ਹਾਸੇ ਵਿਲਕ ਪਏ...
-----
ਸੋਚ ਜਦ ਖੜ੍ਹ ਗਈ
ਸਾਹਾਂ ਨੂੰ ਲੜ ਗਈ
ਸਦੀਆਂ ਦੇ ਮੋਹ ਦੀ
ਪੁੱਟੀ ਗਈ ਜੜ੍ਹ ਜਦੋਂ
ਹਾਸੇ ਵਿਲਕ ਪਏ...
-----
ਰੋਵਣ ਲੱਗੇ ਹਾਸੇ ਜਦੋਂ
ਲੱਗਣ ਕਿਆਸੇ ਜਦੋਂ
ਮੁਲਖ਼ ਤਬਾਹੀ ਵੱਲ
ਮਾਰੇ ਪਾਸੇ ਜਦੋਂ
ਹਾਸੇ ਵਿਲਕ ਪਏ...
2 comments:
ਤਮੰਨਾ ਤਾ ਇਹ ਸੀ ਕੇ ਸਾਥ ਨਿਬ ਜਾਂਦਾ ਪਰ ਕੀ ਕਰਦਾ ਪਰਿੰਦਾ ਸੀ ਉੜੇ ਬਿਨਾ ਨਾ ਰਹ ਸਕੇਯਾ
ਪੁਰੀ ਜੀ ਦਾ ਸੁਣ ਕੇ ਬਹੁਤ ਦੁੱਖ ਹੋਇਆ ਹੈ। ਪ੍ਰਮਾਤਮਾਂ ਉਹਨਾਂ ਦੇ ਪਰਿਵਾਰ ਨੂੰ ਭਾਣਾਂ ਮੰਨਣ ਦਾ ਬਲ ਬਖਸ਼ੇ। ਡਾਢੇ ਦੁੱਖ ਨਾਲ ਦੇਵਿੰਦਰ ਕੌਰ
Post a Comment