ਜਨਮ: 5 ਅਕਤੂਬਰ, 1940 ( ਕੋਟਕਪੂਰਾ, ਪੰਜਾਬ ਵਿਖੇ) – 9 ਫਰਵਰੀ, 2011 ( ਦਿੱਲੀ )
ਸਿੱਖਿਆ: ਅੰਗਰੇਜ਼ੀ ਅਤੇ ਪੰਜਾਬੀ ‘ਚ ਐਮ.ਏ. ਕਰਨ ਤੋਂ ਬਾਅਦ 1976 ‘ਚ ਪੀ.ਐੱਚ. ਡੀ ਕਰਕੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ‘ਚ ਅਧਿਆਪਨ ਦਾ ਕਿੱਤਾ ਅਪਣਾਇਆ। 1991 – 1994 ਤੱਕ ਵਿਭਾਗ ਦੇ ਮੁਖੀ ਵੀ ਰਹੇ।
-----
ਨੂਰ ਸਾਹਿਬ ਸਾਹਿਤ ਅਕੈਡਮੀ ਦੇ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਲ਼-ਨਾਲ਼ ਕਈ ਹੋਰ ਉੱਚ ਅਹੁਦਿਆਂ ‘ਤੇ ਵੀ ਸੇਵਾਵਾਂ ਨਿਭਾਉਂਦੇ ਰਹੇ। 1981 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਵਰਲਡ ਪੰਜਾਬੀ ਕਾਨਫਰੰਸਾਂ ਅਤੇ ਬੁੱਕ ਫੇਅਰਜ਼ ਵਿਚ ਵੀ ਸ਼ਮੂਲੀਅਤ ਕੀਤੀ। ਉਹਨਾਂ ਨੂੰ ਪੰਜਾਬੀ ਆਲੋਚਨਾ ਐਵਾਰਡ, ਸ਼੍ਰੋਮਣੀ ਪੰਜਾਬੀ ਸਾਹਿਕਾਰ ਐਵਾਰਡ, ਇਆਪਾ ਐਵਾਰਡ, ਸ਼ਫ਼ਦਰ ਹਾਸ਼ਮੀ ਐਵਾਰਡ, ਸਾਹਿਤ ਅਕੈਡਮੀ ਐਵਾਰਡ ਸਹਿਤ ਅਨੇਕਾਂ ਐਵਾਰਡਾਂ ਨਾਲ਼ ਸਾਹਿਤ ਦੇ ਖੇਤਰ ‘ਚ ਸੇਵਾਵਾਂ ਲਈ ਸਨਮਾਨਿਆ ਗਿਆ।
-----
ਨੂਰ ਸਾਹਿਬ ਦੀਆਂ 15 ਕਵਿਤਾ-ਸੰਗ੍ਰਹਿ: ਜਿਨ੍ਹਾਂ ‘ਚੋਂ ਪੰਜਾਬੀ ‘ਚ ਬਿਰਖ ਨਿਪੱਤਰੇ, ਕਵਿਤਾ ਦੀ ਜਲਾਵਤਨੀ, ਸਰਦਲ ਦੇ ਆਰ-ਪਾਰ, ਮੌਲਸਰੀ, ਨਾਲ਼-ਨਾਲ਼ ਤੁਰਦਿਆਂ, ਇੱਕ ਹਿੰਦੀ ‘ਚ, ਅਤੇ ਨੌਂ ਸੰਪਾਦਿਤ ਅਤੇ ਅਨੁਵਾਦਿਤ ਕਾਵਿ-ਸੰਗ੍ਰਹਿ ਸ਼ਾਮਿਲ ਹਨ। ਇਸ ਤੋਂ ਇਲਾਵਾ 26 ਕਿਤਾਬਾਂ ਦਾ ਆਲੋਚਨਾ ਦੇ ਖੇਤਰ ‘ਚ ਯੋਗਦਾਨ ਪਾਇਆ। ਸਾਹਿਤਕ ਮੈਗਜ਼ੀਨਾਂ ਸਮਦਰਸ਼ੀ ਅਤੇ ਇਕੱਤੀ ਫਰਵਰੀ ਦਾ ਸੰਪਾਦਨ ਵੀ ਕੀਤਾ।
----
ਦੋਸਤੋ! ਨੂਰ ਸਾਹਿਬ ਦੇ ਜਾਣ ਨਾਲ਼ ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਲਿਆ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਯਾਦ ਕਰਦੇ ਹੋਏ, ਸ਼ਰਧਾਂਜਲੀ ਦੇ ਰੂਪ ਵਿਚ ਉਹਨਾਂ ਦੀ ਕਿਤਾਬ ‘ਚੋਂ ਦੋ ਨਜ਼ਮਾਂ ਆਰਸੀ ‘ਚ ਸ਼ਾਮਿਲ ਕਰ ਰਹੇ ਹਾਂ, ਜਿਹੜੀਆਂ ਟਰਾਂਟੋ, ਕੈਨੇਡਾ ਵਸਦੇ ਨੂਰ ਸਾਹਿਬ ਦੇ ਭਾਈ ਸਾਹਿਬ ਸੁਖਿੰਦਰ ਜੀ ਨੇ ਘੱਲੀਆਂ ਨੇ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਸ ਵਿਛੋੜੇ ਨੂੰ ਸਹਿਣ ਦਾ ਬਲ ਬਖ਼ਸ਼ੇ।
ਅਦਬ ਸਹਿਤ
ਤਨਦੀਪ ਤਮੰਨਾ
======
ਉਹ ਹੋਰ ਸਨ
ਨਜ਼ਮ
ਮੇਰੇ ਗੁਰੂ !
ਉਹ ਹੋਰ ਸਨ
ਜਿਨ੍ਹਾਂ ਨੇ ਬੇਦਾਵਾ ਲਿਖਿਆ ਸੀ
ਜਿਨ੍ਹਾਂ ਨੂੰ ਤੂੰ ਮਾਫ਼ ਕਰ ਦਿੱਤਾ ਸੀ
ਤੇ ਉਹ ਸਾਰੇ ਦੇ ਸਾਰੇ
ਤੇਰੇ ਲਈ ਕ਼ੁਰਬਾਨ ਹੋ ਗਏ ਸਨ
..........
ਹੁਣ ਉਹ ਹਨ
ਜਿਨ੍ਹਾ ਨੇ ਬੇਦਾਵਾ ਨਹੀਂ ਲਿਖਿਆ
ਤੇ ਤੈਨੂੰ ਕੁਰਬਾਨ ਕਰ ਚੁੱਕੇ ਹਨ
ਇਹ ਬੇਦਾਵਾ ਨਹੀਂ ਲਿਖਦੇ
ਸਗੋਂ ਦਾਅਵਾ ਲਿਖਦੇ ਹਨ
ਕੁਰਸੀਆਂ ਲਈ
ਤੇ ਅਰਦਾਸ ਕਰਦੇ ਹਨ
ਯੁੱਗੋ ਯੁਗ ਉੱਚੀਆਂ ਮੰਮਟੀਆਂ ਲਈ
..........
ਉਹ ਲਗਾਤਾਰ ਯੁੱਧ ਲੜਦੇ ਸਨ
ਪਰ ਹੁਣ ਯੁੱਧ ਹੁੰਦਾ ਹੈ
ਆਪਸ ਵਿਚ
ਆਪਣੇ ਆਪ ਨੂੰ ਹੋਰ
ਸੁਰੱਖਿਅਤ ਰੱਖਣ ਲਈ
ਆਪਣੇ ਭਵਿੱਖ ਲਈ
ਆਪਣੇ ਬਾਲਾਂ ਤੇ ਲਾਲਾਂ ਲਈ
..............
ਮੇਰੇ ਗੁਰੂ !
ਇਨ੍ਹਾਂ ਨੂੰ ਮਾਫ਼ ਕਰ ਦੇਵੀਂ
ਮਾਫ਼ ਕਰੀਂ
ਮੁਕਤਸਰ ਦੀ ਢਾਬ ‘ਤੇ ਲੱਗੇ
ਇਨ੍ਹਾਂ ਦੇ ਸ਼ਿਲਾਲੇਖ
ਮਾਫ਼ ਕਰੀਂ
ਖੇੜਿਆਂ ਸੰਗ ਇਨ੍ਹਾਂ ਦੀ ਯਾਰੀ
ਇਹ ਨਹੀਂ ਜਾਣਦੇ
ਕੀ ਹੁੰਦਾ ਹੈ
ਸੂਲ ਸੁਰਾਹੀ ਖੰਜਰ ਪਿਆਲਾ
ਇਹ ਨਹੀਂ ਜਾਣਦੇ
ਹਾਲ ਮੁਰੀਦਾਂ ਦਾ
...........
ਮੇਰੇ ਗੁਰੂ !
ਉਹ ਹੋਰ ਸਨ
ਜਿਨ੍ਹਾਂ ਨੇ ਬੇਦਾਵਾ ਲਿਖਿਆ ਸੀ
=====
ਪੰਜਾਬ ਦੇ ਪੰਜ ਦਰਿਆ
ਨਜ਼ਮ
ਪੰਜਾਬ ਦੇ ਪੰਜ ਦਰਿਆ
ਕਦੇ ਕਦੇ ਖ਼ਾਬ ਵਿਚ ਮਿਲਦੇ
ਇਕ ਦੂਜੇ ਨੂੰ ਆਖਦੇ ਨੇ
ਵਿਛੜਣ ਤੋਂ ਬਾਅਦ
ਸਾਡਾ ਖ਼ੂਨ ਸੁੱਕ ਗਿਐ
ਹੱਡੀਆਂ ਸੁਕੜ ਗਈਆਂ ਨੇ
ਅਸੀਂ ਬੁੱਢੇ ਹੋ ਗਏ ਆਂ
ਹੁਣ ਸਾਡਾ ਪਾਣੀ
ਧਰਤ ਨੂੰ ਜ਼ਰਖ਼ੇਜ਼ ਨਹੀਂ ਕਰਦਾ
ਪੰਛੀ ਸਾਡੇ ਕੋਲ ਆ ਕੇ ਨਿਰਾਸ਼ ਮੁੜਦੇ ਨੇ
ਅਸੀਂ ਜਾਂ ਤਾਂ ਅੰਨ੍ਹੇ ਹੌਂਕੇ ਹੜ੍ਹਦੇ ਆਂ
ਜਾਂ ਪੈਲੀਆਂ ਸਾਡੇ ਲਈ ਸਹਿਕਦੀਆਂ ਨੇ
ਸਾਡਾ ਆਲ਼ ਦੁਆਲ਼ ਨਾਲ਼
ਕਿਤੇ ਰਿਸ਼ਤਾ ਤਿੜਕ ਗਿਐ
............
ਹੁਣ ਸੱਕ ਮਲ਼ਦੀਆਂ ਰਾਵੀ ਦੇ ਪੱਤਣਾਂ ਨੂੰ ਅੱਗ ਲਾਉਣ
ਲਾਹੌਰਨਾਂ ਨਹੀਂ ਆਉਂਦੀਆਂ
ਹੁਣ ਕੋਈ ਸੋਹਣੀ ਝਨਾਂ ‘ਚ ਨਹੀਂ ਠਿਲ੍ਹਦੀ
ਹੁਣ ਸਤਲੁਜ ਨੂੰ ਲੋਕ
ਆਪੇ ਹੀ ਬੁੱਢਾ ਦਰਿਆ ਆਖਦੇ ਨੇ
ਹੁਣ ਦਰਿਆਵਾਂ ‘ਤੇ ਮੇਲੇ ਨਹੀਂ ਲਗਦੇ
.........
ਹੁਣ ਦਰਿਆ ਦੂਰ ਪਰ੍ਹੇ ਜਾਂਦੇ
ਰਾਹੀਆਂ ਨੂੰ ‘ਵਾਜਾਂ ਮਾਰਦੇ ਨੇ
ਪੰਜਾਬ ਦੇ ਪੰਜ ਦਰਿਆ
ਕਦੇ ਕਦੇ ਖ਼ਾਬ ਵਿਚ ਮਿਲ਼ਦੇ
ਇਕ ਦੂਜੇ ਨੂੰ ਆਖਦੇ ਨੇ
2 comments:
ਸਤਿੰਦਰ ਜੀ ਮੇਰੇ ਛਾਹੇਤੇ ਲੇਖਕ ਹਨ ਲੇਖਕ ਕਦੇ ਨਹੀ ਮਰਦਾ
ਤਮੰਨਾ ਤਾ ਇਹ ਸੀ ਕੇ ਸਾਥ ਨਿਬ ਜਾਂਦਾ ਪਰ ਕੀ ਕਰਦਾ ਪਰਿੰਦਾ ਸੀ ਉੜੇ ਬਿਨਾ ਨਾ ਰਹ ਸਕੇਯਾ
ਜਿਨਾ ਨੇ ਬੇਦਾਵਾ ਲਿਖਯਾ ਉਹ ਹੋਰ ਸੀ ........
ਬਹੁਤ ਖੂਬ
Post a Comment