ਪ੍ਰਕਾਸ਼ਿਤ ਕਿਤਾਬਾਂ – ਕਾਵਿ-ਸੰਗ੍ਰਹਿ (ਪੰਜਾਬੀ ) – ਅੰਤਰ ਝਾਤੀ, ਅੰਤਰ ਜੋਤੀ, ਬੂੰਦ ਸਮੁੰਦਰ, ਮਿੱਟੀ-ਮਿੱਟੀ, ( ਹਿੰਦੀ ) – ਸਾਕਸ਼ੀ, (ਅੰਗਰੇਜ਼ੀ ) Wonderstand, The Dot & The Dot’s, The Seer ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਯੂ.ਕੇ ਵਸਦੇ ਸੁਪ੍ਰਸਿੱਧ ਲੇਖਕ ਅਮਰਜੀਤ ਚੰਦਨ ਅਤੇ ਕਾਦਰੀ ਸਾਹਿਬ ਦਰਮਿਆਨ ਹੋਈਆਂ ਗੱਲਬਾਤਾਂ ਵੀ ਕਿਤਾਬੀ ਰੂਪ ‘ਚ ‘ਹੁਣ-ਖਿਣ’ ਦੇ ਤਹਿਤ ਛਪ ਚੁੱਕੀਆਂ ਹਨ।
-----
ਦੋਸਤੋ! ਸੰਸਾਰ-ਪ੍ਰਸਿੱਧ ਚਿਤਰਕਾਰ ਅਤੇ ਲੇਖਕ ਕਾਦਰੀ ਸਾਹਿਬ ਯੋਗੀ ਵੀ ਸਨ। ਉਹਨਾਂ ਨੇ ਗੁਰੂ ਭੀਖਮ ਗਿਰੀ ਅਤੇ ਅਹਿਮਦ ਅਲੀ ਸ਼ਾਹ ਕਾਦਰੀ ਤੋਂ ਤੰਤਰ ਅਤੇ ਯੋਗ ਵਿੱਦਿਆ ਹਾਸਿਲ ਕਰਕੇ 1953-1955 ਤੱਕ ਹਿਮਾਲਯ ਅਤੇ ਤਿੱਬਤ ਦੇ ਮੰਦਿਰਾਂ ਦੀ ਯਾਤਰਾ ਅਤੇ ਕਠਿਨ ਸਾਧਨਾ ਕੀਤੀ। ਉਹਨਾਂ ਦੀਆਂ ਕਲਾ-ਕ੍ਰਿਤਾਂ ਅਤੇ ਨਜ਼ਮਾਂ ਅਧਿਆਤਮਕਤਾ ਵੱਲ ਵਿਸ਼ੇਸ਼ ਰੁਚੀ ਹੋਣ ਦਾ ਸੰਕੇਤ ਹਨ। 1955-1960 – ਸ਼ਿਮਲਾ ਦੇ ਗੌਰਮਿੰਟ ਕਾਲੇਜ ਔਫ ਆਰਟਸ ਤੋਂ ਫਾਈਨ ਆਰਟਸ ‘ਚ ਮਾਸਟਰਜ਼ ਡਿਗਰੀ ਪ੍ਰਾਪਤ ਕੀਤੀ। ਪੜ੍ਹਾਉਣ ਅਤੇ ਫਰੀਲਾਂਸ ਆਰਟਿਸਟ ਦੇ ਤੌਰ ਤੇ ਕੰਮ ਕਰਨ ਤੋਂ ਬਾਅਦ, ਕਾਦਰੀ ਸਾਹਿਬ ਨੇ 1966 ਵਿਚ ਈਸਟ ਅਫਰੀਕਾ, ਯੌਰਪ ਅਤੇ ਉੱਤਰੀ ਅਮਰੀਕਾ ਦੀ ਯਾਤਰਾ ਕੀਤੀ। 1966-1970 ਤੱਕ ਪੈਰਿਸ ਅਤੇ ਜ਼ਿਊਰਿਖ, ਉਸ ਤੋਂ ਬਾਅਦ ਕੋਪਨਹੈਗਨ ਅਤੇ ਟਰਾਂਟੋ ‘ਚ ਵਿਚ ਰਹੇ ਅਤੇ ਕਲਾ ਸਾਧਨਾ ਕੀਤੀ। ਬਹੁਤ ਸਾਰੇ ਮਾਣ-ਸਨਮਾਨਾਂ ਦੇ ਨਾਲ਼-ਨਾਲ਼, 1968 ‘ਚ ਲਲਿਤ ਕਲਾ ਅਕੈਡਮੀ ਵੱਲੋਂ, ਅਤੇ 1982 ‘ਚ ਇਆਪਾ ਵੱਲੋਂ ਕਲਾ ਅਤੇ ਸਾਹਿਤ ਦੇ ਖੇਤਰ ‘ਚ ਪਾਏ ਯੋਗਦਾਨ ਕਰਕੇ ਸਨਮਾਨਿਆ ਗਿਆ।
----
ਅੱਜ ਆਰਸੀ ਪਰਿਵਾਰ ਵੱਲੋਂ ਕਾਦਰੀ ਸਾਹਿਬ ਨੂੰ ਯਾਦ ਕਰਦੇ ਹੋਏ, ਉਹਨਾਂ ਦੀ ਕਲਾ ਅਤੇ ਸਾਹਿਤ ਸਾਧਨਾ ਨੂੰ ਸਲਾਮ ਕਰਦਿਆਂ, ਸ਼ਰਧਾਂਜਲੀ ਦੇ ਰੂਪ ਵਿਚ ਉਹਨਾਂ ਦੀ ਕਿਤਾਬ ‘ਅੰਤਰ ਝਾਤੀ’ ‘ਚੋਂ ਚੰਦ ਨਜ਼ਮਾਂ ਆਰਸੀ ‘ਚ ਸ਼ਾਮਿਲ ਕਰ ਰਹੇ ਹਾਂ, ਜਿਹੜੀਆਂ ਟੈਰੇਸ, ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਸਾਹਿਬ ਨੇ ਮੇਰੀ ਇਕ ਈਮੇਲ ਦਾ ਮਾਣ ਰੱਖਦਿਆਂ ਘੱਲੀਆਂ ਨੇ, ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਸ ਵਿਛੋੜੇ ਨੂੰ ਸਹਿਣ ਦਾ ਬਲ ਬਖ਼ਸ਼ੇ।
ਅਦਬ ਸਹਿਤ
ਤਨਦੀਪ ਤਮੰਨਾ
======
ਨਜ਼ਮਾਂ
1)ਇਹ ਅੱਖੀਆਂ ਦੇਖਣ ਦਾ ਚਾਓ
ਮੁੜ-ਮੁੜ ਵੇਖਣ ਜਗਤ ਤਮਾਸ਼ਾ
ਰੀਝ ਰਝਾਵੇ ਹਲ਼ਕਾਈ ਆਸ਼ਾ
ਉੱਚ ਨਜ਼ਾਰਾ ਦਰਸ਼ਣ ਦ੍ਰਸ਼ਟਾ
ਚੇਤਨ ਚਕਸ਼ੂ ਦੇਖਦਾ
ਹੱਦ ਦਿਸਹੱਦੋਂ ਪਾਰ
ਰੂਹ ਰੁਸ਼ਨਾਈ ਚਿਮਟਾ ਮਾਰ...
=====
2)ਮਿੱਟੀ ਨੇ ਅੰਗੜਾਈ ਲੀਤੀ
ਕਣ-ਕਣ ਹੋਸ਼ ਸੰਭਾਲ਼ੀ
ਅੰਦਰ ਬਾਹਰ ਦਮਾਮਾ ਵੱਜਿਆ
ਨਾਚੀ ਨਾਚੇ ਕਰਮਾਂ ਵਾਲ਼ੀ
ਚਿਤਵਨ ਦੋ ਧਾਰੀ ਤਲਵਾਰ
ਹੁਣ-ਖਿਣ ਮੋਖ ਦੁਆਰ...
=====
3) ਗੁਪਤ-ਗਿਆਨ ਗੁੱਝਾ ਸਾਰ
ਚੇਤਨ ਚਕਸ਼ੂ ਦੇਖਣਹਾਰ
ਮਨ ਦੀ ਮਾਇਆਂ ਸੰਸਾਰ ਹੰਢਾਇਆ
ਅੱਧ-ਉਘੜਿਆ ਅੱਧ ਛੁਪਾਇਆ
ਸ਼ਬਦਾਂ ਦੀ ਚਾਦਰ ਤਾਣ ਲੁਕਾਇਆ
ਤੁਰਾਂ ਤਾਂ ਪਿੱਛੇ ਤੁਰਦਾ ਸਾਇਆ
ਮੈਂ ਤੁਰਦਾ-ਤੁਰਦਾ ਬਹਿ ਗਿਆ
ਜੋ ਕਹਿਣਾ ਸੀ ਉਹ ਰਹਿ ਗਿਆ
ਹੁਣ ਚੁੱਪੀ ਦਾ ਸੰਚਾਰ
ਚੇਤਨ ਚਕਸ਼ੂ ਪਹਿਰੇਦਾਰ...
=====
4) ਯੋਗੀ ਉਤਰ ਪਹਾੜੋਂ ਆ ਗਿਆ
ਜਿੰਦ ਟਪਕ ਚੁਬਾਰੇ ਜਾ ਚੜ੍ਹੀ
ਅੱਖੀ ਨਾਲ਼ ਅੱਖੀ ਆ ਲੜੀ
ਮੱਧ ਮਾਹਿ ਮੇਲਾ ਹੋ ਗਿਆ
ਜੀਅ ਤੁਪਕਾ-ਤੁਪਕਾ ਚੋ ਗਿਆ
ਇਕ ਐਸਾ ਨੇੜਾ ਹੋ ਗਿਆ
ਮੇਰੇ ‘ਚੋਂ ‘ਮੇਰਾ’ ਖੋ ਗਿਆ
ਸਭ ‘ਤੇਰਾ-ਤੇਰਾ’ ਹੋ ਗਿਆ...
=====
5) ਮੈਂ ਤੇਰੇ ਵਿਚ ਖੁਰ-ਖੁਰ ਜਾਵਾਂ
ਤੂੰ ਮੇਰੇ ਵਿਚ ਮਿਟ-ਮਿਟ ਜਾਵੇਂ
ਤੇਰੇ ਮੇਰੇ ਨਗਨ ਨਿੱਘ ਵਿਚ
ਘਰ ਦਾ ਘੇਰਾ ਵਧਦਾ ਜਾਵੇ
ਮਨ ਦਾ ਨ੍ਹੇਰਾ ਘਟਦਾ ਜਾਵੇ...
=====
6) ਪਰਵਾਨੇ ਸੂਰਜ ਨਿਗਲ਼ ਲਿਆ
ਨਾ ਸੂਰਜ ਰਿਹਾ, ਆਪ ਪਿਘਲ਼ ਗਿਆ
ਅੱਖਾਂ ਵਾਲ਼ੈ ਅੰਨ੍ਹੇ ਹੋ ਗਏ
ਘੱਲੂਘਾਰਾ, ਹਾਹਾਕਾਰ
ਅੰਨ੍ਹਾ ਬੀਨ ਵਜਾਈ ਜਾਂਦਾ
ਏਕੋ ਸੁਰ, ਏਕਾਸਾਰ
ਮਾਤਰਾ ਉਸਦਾ ਘਟਿਆ ਨਾ ਵਧਿਆ
ਉਸ ਨੂੰ ਕੁਝ ਨਹੀਂ ਫ਼ਰਕ ਪਿਆ
ਪਰਵਾਨੇ ਸੂਰਜ ਨਿਗਲ਼ ਲਿਆ...
=====
7) ਅੰਬਰ ਨੇ ਅੰਗੜਾਈ ਲੀਤੀ
ਭੂਤ ਭਵਿੱਖ ਦੀ ਅੱਖ ਭਰ ਆਈ
‘ਹਾਲ’ ਨੇ ਠੰਡਾ ਹੌਕਾ ਭਰਿਆ
ਗਿਆਨ, ਵਿਗਿਆਨ
ਅਰਜਨ, ਵਿਸਰਜਨ
ਖੋਹਣਾ, ਖੱਟਣਾ ਜਾਏ ਨਾ ਜਰਿਆ
ਮਨ ਜੀਵੇ, ਜਿਵੇਂ ਮਰਿਆ ਮਰਿਆ
ਪ੍ਰਗਿਆਵਾਨ, ਪ੍ਰਬੁੱਧੀਮਾਨ
ਅੰਦਰੋਂ ਬਾਹਰੋਂ ਦੇਖੀ ਜਾਵੇ
-ਬਸ! ਦੇਖੀ ਜਾਵੇ...
=====
8) ਬਿਨ ਤਾਰ ਬਿਨਾ ਟੁਣਕਾਰ
ਤੂੰਬਾ ਵਜਦਾ ਰਹੇ
ਬਿਨ ਬਾਤੀ ਤੇਲ
ਦੀਵਾ ਜਗਦਾ ਰਹੇ
ਮਨ ਸੁੰਨ ਲੱਗੀ ਲਿਵਤਾਰ
ਅਜਪਾ ਜਾਪ ਕਰੇ
ਸਮਧ੍ਵਨੀ ਸਾਰ ਨੁਹਾਰ
ਹਿਰਦੇ ਬੀਨ ਵੱਜੀ
ਯਤ ਆਰ ਮਿਲ਼ੇ ਪੁਆਰ
ਜੀਅੜਾ ਧਿਆਨ ਧਰੇ...
=====
9) ਦੂਰ-ਦੁਰਾਡੇ ਵੱਜੀ ਸ਼ਹਿਨਾਈ
ਅੰਤਰ ਤਲ ਮਾਹਿ ਜਿੰਦ ਰੁਝਾਈ
ਸਾਹੀਂ ਵੱਜੇ ਇਕਤਾਰਾ
- ਤਾਰਾ ਬਦਲ ਗਿਆ
ਬੂੰਦ ਵਸੇਂਦੀ ਮੂਲਾਧਾਰ
ਜਗਮਗ ਜੋਤੀ ਸਹੱਸਰਾਰ
ਖੁੱਲ੍ਹਿਆ ਗਗਨ ਦੁਆਰਾ
- ਤਾਰਾ ਬਦਲ ਗਿਆ
ਕੋਈ ਯੋਗੀ ਯੋਗ ਕਮਾਵੇ
ਕੋਈ ਸੂਫ਼ੀ ਟਿਕਟਿਕੀ ਲਾਵੇ
‘ਤੇਰੇ ਲੌਂਗ ਦਾ ਪਿਆ ਲਿਸ਼ਕਾਰਾ’
- ਤਾਰਾ ਬਦਲ ਗਿਆ
ਮੇਰੀ ਤੋਰ ਤੇਰੀ ਪਰਕਰਮਾ ਹੋਵੇ
ਮੇਰੇ ਕਰਮ ‘ਚ ਤੂੰ ਹੀ ਕਰਤਾ ਹੋਵੇਂ
ਚਿੱਤ ਚਾਨਣ ਦਾ ਮੁਨਾਰਾ
- ਤਾਰਾ ਬਦਲ ਗਿਆ
ਹੱਡੀਂ ਹਿੰਮਤ, ਅੰਗੀਂ ਜੁੰਬਿਸ਼
ਉਨਮਨੀ ਮਨਵਾ ਅੱਖੀਂ ਜਲਵਾ
ਮੈਥੁਨ ਦਾ ਵਿਸਤਾਰਾ
- ਤਾਰਾ ਬਦਲ ਗਿਆ
=====
10) ਬਿੰਦ ਬੂੰਦ ਦੇ ਅੰਤਰ ਤਲੀਂ
ਇਕ ਰਹੱਸਵਤੀ ਰਸਵਾਨ
ਹੇ ਰਹੱਸਵਤੀ ਰਸਵਾਨ!
ਤੂੰ ਮੇਰੀ ਮਹਿਮਾਨ – ਕੱਲ੍ਹ ਤੂੰ ਤੁਰ ਜਾਣਾ
ਕੱਲ੍ਹ ਨੂੰ ਛੱਡ ਕੇ ਅੱਜ ਵੱਲ ਆਈਏ
ਸਾਹ ਵਿਚ ਨਿੱਘਾ ਸਾਹ ਕੋਈ ਪਾਈਏ
ਛੋਹਾਂ ਛੋਹ ਨੰਗੇ ਹੋ ਜਾਈਏ
ਯਤ ਤੇਰ ਮੇਰ ਤੋਂ ਪਾਰ
ਤੱਤ ਨਾਚ ਕਰੇ ਨਚਾਰ...
=====
11) ਮੈਂ ਭਰੀ ਭਰਾਈ ਆਈ
ਤੂੰ ਮੇਰਾ ਘੁੱਟ ਭਰ ਲੈ
ਘੁੱਟ ਭਰ ਲੈ ਮੇਰੇ ਯਾਰ
ਮੇਰੀ ‘ਮੈਂ’ ਤੇਰੇ ਵਿਚ ਢਲ਼ ਜਾਵੇ
ਅਗਨੀ, ਅਗਨੀ ਵਿਚ ਜਲ਼ ਜਾਵੇ
ਸੱਧਰਾਂ ਦਾ ਤੰਬੂ ਤਣ ਜਾਵੇ
ਗੱਲ ਬਣਦੀ-ਬਣਦੀ ਰਹਿ ਜਾਵੇ
ਕਹਿ-ਕਹਿ ਕੇ ਵੀ ਕਿਹਾ ਨਾ ਜਾਏ
ਬਿਨ ਕਹਿਆਂ ਵੀ ਰਿਹਾ ਨਾ ਜਾਏ
ਪਾਰਮ-ਪਾਰ ਪਿਆਰ, ਰਸ ਦੀ ਧਾਰ
ਤੂੰ ਮੇਰਾ ਘੁੱਟ ਭਰ ਲੈ
ਘੁੱਟ ਭਰ ਲੈ ਮੇਰੇ ਯਾਰ...
*****
ਸੋਹਣ ਕਾਦਰੀ ਸਾਹਿਬ ਦੀਆਂ ਕੁਝ ਲਾਜਵਾਬ ਕਲਾ-ਕ੍ਰਿਤਾਂ
1 comment:
ਕਾਦਰੀ ਸਾਹਿਬ ਦੀ ਰਚਨਾਵਾਂ ਡੂੰਘੇ ਅਰਥ ਰੱਖਦੀਆਂ ਹਨ | ਕਵੀ ਅਤੇ ਯੋਗੀ ਕਦੇ ਨਹੀਂ ਮਰਦੇ | ਅਸੀਂ ਉਨ੍ਹਾਂ ਨੂੰ ਸ਼ਬਦਾਂ ਅਤੇ,ਕੁਦਰਤ ਦੇ ਮਹਾਨ ਸਰੋਤਾਂ ਵਿਚ ਮਹਿਸੂਸ ਸਕਦੇ ਹਾਂ |
Post a Comment