ਅਮਰਜੀਤ ਸਿੰਘ ਸੰਧੂ
======
ਸਤਿਕਾਰਤ ਸੰਧੂ ਸਾਹਿਬ! ਇਸ ਮੁਸਤਜ਼ਾਦਗ਼ਜ਼ਲ ਲਈ ਆਰਸੀ ਪਰਿਵਾਰ ਵੱਲੋਂ ਤੁਹਾਡੀ ਕਲਮ ਨੂੰ ਇਕ ਵਾਰ ਫੇਰ ਸਲਾਮ! ਆਸ ਹੈ ਕਿ ਗ਼ਜ਼ਲ ਸਿੱਖਣ ਵਾਲ਼ੇ ਸਾਰੇ ਦੋਸਤ ਇਸ ਤੋਂ ਸੇਧ ਜ਼ਰੂਰ ਲੈਣਗੇ, ਅਤੇ ਆਪਣੇ ਵਿਚਾਰ/ਸੁਆਲ ਆਰਸੀ ‘ਤੇ ਸਭ ਦੇ ਸਨਮੁੱਖ ਰੱਖਣਗੇ। ਬਹੁਤ-ਬਹੁਤ ਸ਼ੁਕਰੀਆ ਜੀ।
ਅਦਬ ਸਹਿਤ
ਤਨਦੀਪ ਤਮੰਨਾ
======
ਗ਼ਜ਼ਲ
ਲੋਕਾਈ ਪਿਆਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?
ਲਹੂ ਤੱਕ ਵਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?
-----
ਇਹ ਧਰਤੀ ਤੇਰੀ ਹੈ ਜੇ ਕਰ, ਤਾਂ ਐਨੀਂ ਗੰਦਗੀ ਕਿਉਂ ਹੈ? ਤੇ ਮੈਨੂੰ ਇੱਕ ਗੱਲ ਦੱਸੀਂ,
ਇਨੂੰ ਸ਼ਿੰਗਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?
-----
ਅਸਾਡੀ ਲੋਚ, ਸਾਡੀ ਸੋਚ, ਸਾਡੇ ਹੱਕ, ਸਾਡੇ ਸੱਕ ਲਾਹ ਕੇ ਖਾ ਗਿਐ ਜਿਹੜਾ,
ਉਨੂੰ ਦੁਰਕਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?
-----
ਜੇ ਤੇਰੀ ਸੋਚ ਹੈ, ਸੰਸਾਰ ਇਕ ਪਰਿਵਾਰ ਬਣ ਜਾਵੇ, ਗੁਲੋ-ਗਲਜ਼ਾਰ ਬਣ ਜਾਵੇ,'
ਤਾਂ ਉਸ ਪਰਿਵਾਰ ਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?
-----
ਕਿਸੇ 'ਤੇ ਜ਼ੁਲਮ ਨਾ ਕਰਨਾ, ਕਿਸੇ ਦਾ ਜ਼ੁਲਮ ਨਾ ਸਹਿਣਾ, ਤੂੰ ਇਹ ਵੀਚਾਰ ਦਿੰਦਾ ਏਂ,
ਇਸੇ ਵੀਚਾਰ ਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?
-----
ਤੂੰ 'ਸਾਥੀ' ਆਖਦੈਂ ਖ਼ੁਦ ਨੂੰ, ਉਦੋਂ ਤੂੰ ਕਿੱਥੇ ਹੁੰਨੈ, ਜ਼ੁਲਮ ਜਦ ਲਲਕਾਰਿਆ ਜਾਂਦੈ,
ਉਨੂੰ ਲਲਕਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾਂ ਕੁ ਸ਼ਾਮਿਲ ਹੈਂ?
-----
ਤੂੰ ਕਹਿੰਦਾ ਹੈਂ, ਅਜ਼ਾਦੀ ਦੀ ਵੀ ਕੀਮਤ ਤਾਰੀ ਜਾਂਦੀ ਹੈ, ਇਹ ਤਾਂ ਈ ਹੱਥ ਆਂਦੀ ਹੈ,
ਤਾਂ ਕੀਮਤ ਤਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?
-----
ਕਿਸਾਨਾਂ ਤੇ ਮਜ਼ੂਰਾਂ ਨੂੰ, ਤੂੰ ਇਕ ਪਰਿਵਾਰ ਕਹਿੰਦਾ ਏਂ, ਤੇ ਲੀਡਰ ਬਣ ਕੇ ਬਹਿੰਦਾ ਏਂ,
ਉਸੇ ਪਰਿਵਾਰ ਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?
-----
ਜੇ ਤਿਲ-ਤਿਲ ਮਰਦੇ ਲੋਕਾਂ ਲਈ, ਹੈ ਜੀਵਨ ਵਾਰਿਆ ਲੋਕਾਂ, ਤੇ ਮਰਨਾ ਧਾਰਿਆ ਲੋਕਾਂ,
ਤਾਂ ਮਰਨਾ ਧਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?
------
ਮੇਰੇ ਦਸਮੇਸ਼ ਨੇ ਦੱਸਿਆ, ਕਿ ਟੱਬਰ ਵਾਰਿਆ ਜਾਂਦੈ, ਤਾਂ ਸੱਚ ਪਰਚਾਰਿਆ ਜਾਂਦੈ,
ਤਾਂ ਸੱਚ ਪਰਚਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?
-------
ਇਜਾਜ਼ਤ ਹੋਵੇ ਤਾਂ ਇੱਕ ਸਵਾਲ ਦਾਸ ਅਪਣੇ-ਆਪ ਤੋਂ ਵੀ ਪੁੱਛ ਲਵੇ-
ਹਥੌੜੇ-ਦਾਤੀਆਂ ਵਾਂਗੂੰ, ਤੇਰੀ ਕਿਰਪਾਨ ਵੀ 'ਸੰਧੂ', ਨਿਰੀ ਇਕ ਚਿੰਨ੍ਹ ਮਾਤਰ ਹੈ,
ਜਾਂ ਦੱਸ, ਸਿਰ ਵਾਰਦੇ ਲੋਕਾਂ 'ਚ ਤੂੰ ਕਿੱਥੇ ਕੁ ਸ਼ਾਮਿਲ ਹੈਂ, ਅਤੇ ਕਿੰਨਾ ਕੁ ਸ਼ਾਮਿਲ ਹੈਂ?
5 comments:
ਕਮਾਲ ਦੀ ਗ਼ਜ਼ਲ ਲਿਖੀ ਹੈ ਉਸਤਾਦ ਜੀ........
ਸਾਡੇ ਜਿਹੇ ਸਿਖਿਆਰਥੀਆਂ ਲਈ ਹੀ ਨਹੀਂ ,ਸਗੋਂ ਪਹਿਲਾਂ ਤੋਂ ਗ਼ਜ਼ਲ ਲਿਖ ਰਹੇ ਲੇਖਕਾਂ ਲਈ ਵੀ ਪੇ੍ਰਣਾਦਾਇਕ ਹੈ ।
ਧੰਨਵਾਦ ਆਰਸੀ ਪਰਿਵਾਰ ਦਾ ਵੀ ਜਿਸ ਜ਼ਰੀਏ ਇਹ ਸਭ ਸਿੱਖਣ ਨੂੰ ਮਿਲ ਰਿਹਾ ਹੈ ।
bahut hi wadhia ji....
Kamaal hai ji..
Sandhu Sahib jio
Parh ke anand ay giya. Tuhadi charhdi kla di ardas.
Mota Singh Sarai
ਕਮਾਲ ਸੰਧੂ ਸਾਹਿਬ....!!!!!
Post a Comment