-----
ਯਕੀਨ ਜਾਣਿਓ, ਆਰਸੀ ਨਾਲ਼ ਜੁੜ ਕੇ ਮੈਂ ਬਹੁਤ ਸਾਰੇ ਅਜਿਹੇ ‘ਰੌਸ਼ਨ-ਦਿਮਾਗ਼’ ਪਰਿਵਾਰਾਂ ਨੂੰ ਜਾਣਦੀ ਹਾਂ ਜਿਨ੍ਹਾਂ ਨੂੰ ਅਸੀਂ ਫ਼ੋਨਾਂ ਅਤੇ ਈਮੇਲਾਂ ਰਾਹੀਂ ਬੇਨਤੀ ਕੀਤੀਆਂ ਕਿ ਆਪਣੇ ਲੇਖਕ ਪਿਤਾ ਜੀ, ਦਾਦਾ ਜੀ, ਨਾਨਾ ਜੀ ਦੀ ਤਸਵੀਰ ਅਤੇ ਕੁਝ ਰਚਨਾਵਾਂ ਸਕੈਨ ਕਰਕੇ ਹੀ ਭੇਜ ਦਿਓ, ਪਰ ਉਹਨਾਂ ਨੇ ਕੁਝ ਭੇਜਣਾ ਤਾਂ ਕੀ ਸੀ, ਫ਼ੋਨ ਵੀ ਇੰਝ ਸੁਣੇ ਜਿਵੇਂ ਅਹਿਸਾਨ ਕੀਤਾ ਹੋਵੇ, ਈਮੇਲਾਂ ਦਾ ਜਵਾਬ ਤਾਂ ਕੀਹਨੇ ਦੇਣਾ ਸੀ। ਕਈਆਂ ਨੇ ਏਥੋਂ ਤੱਕ ਕਹਿ ਦਿੱਤਾ ਕਿ ਸਾਨੂੰ ਤਾਂ ਜੀ ਪਤਾ ਨਈਂ, ਬਜ਼ੁਰਗ ਕੀ ਲਿਖਦੇ ਰਹਿੰਦੇ ਸੀ...ਕਵਿਤਾ-ਕੁਵਤਾ ਦਾ ਸਾਨੂੰ ਨਈਂ ਪਤਾ.....ਉਹਨਾਂ ਦੇ ਕਿਤਾਬਾਂ/ਪੇਪਰ ਤਾਂ ਅਸੀਂ ਉਹਨਾਂ ਦੇ ਮਰਨ ਤੋਂ ਬਾਅਦ ਰੱਦੀ ਆਲ਼ੇ ਨੂੰ ਚੁਕਾ ‘ਤੇ....ਫ਼ੋਟੋਆਂ ਅਸੀਂ ਹੁਣ ਕਿੱਥੋਂ ਲੱਭੀਏ.... ਕਿਸੇ ਟਰੰਕ ‘ਚ ਪਾ ਕੇ ਰੱਖਤੀਆਂ ਹੋਣੀਆਂ ਨੇ....ਵਗੈਰਾ...ਵਗੈਰਾ। ਕੋਈ ਪੁੱਛਣ ਵਾਲ਼ਾ ਹੋਵੇ ਬਈ! ਰੱਬ ਦੇ ਬੰਦਿਓ! ਜੇ ਤੁਹਾਨੂੰ ਆਪਣੇ ਬਜ਼ੁਰਗਾਂ/ ਪਰਿਵਾਰਕ ਮੈਂਬਰਾਂ ਦੀ ਲਿਖਤ ਦੀ ਕਦਰ ਨਹੀਂ ਤਾਂ ਘੱਟੋ-ਘੱਟ ਇਹ ਖ਼ਜ਼ਾਨਾ ਕਿਸੇ ਐਸੇ ਇਨਸਾਨ ਦੇ ਸਪੁਰਦ ਹੀ ਕਰ ਦਿਓ, ਜੋ ਇਹਨਾਂ ਨੂੰ ਸਾਂਭ ਸਕੇ....ਖ਼ੈਰ! ਮੇਰੀ ਲੇਖਕ ਸਾਹਿਬਾਨ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਜਾਣਦੇ ਹੋ ਕਿ ਤੁਹਾਡੇ ਤੁਰ ਜਾਣ ਤੋਂ ਬਾਅਦ ਤੁਹਾਡੀ ਲਿਖਤ ਦੀ ਕਦਰ ਕਿਸੇ ਧੀ, ਪੁੱਤ ਨੇ ਨਹੀਂ ਪਾਉਣੀ, ਤਾਂ ਕਿਰਪਾ ਕਰਕੇ, ਜਿਵੇਂ-ਤਿਵੇਂ ਕਰਕੇ, ਉਹਨਾਂ ਨੂੰ ਜਿਉਂਦੇ ਜੀਅ ਛਪਵਾ ਜਾਓ। ਚੰਗਾ ਸਾਹਿਤ ਬਹੁਤ ਘੱਟ ਛਪ ਰਿਹਾ ਹੈ, ਤੁਹਾਡੀ ਲਿਖਤ ਕੀਮਤੀ ਹੈ, ਆਪਣੀ ਲਿਖਤ ਜ਼ਰੀਏ ਤੁਸੀਂ ਕਿਤਾਬ ਨੂੰ ਛੂਹਣ ਵਾਲ਼ੇ ਹਰ ਹੱਥ ਨਾਲ਼ ਸਾਹ ਲਵੋਗੇ, ਪਾਠਕ ਸਦੀਆਂ ਤੱਕ ਸੇਧ ਲੈਣਗੇ...ਲਿਖਤ ਨੂੰ ਮਾਨਣਗੇ। ਆਪਣੇ ਬੱਚਿਆਂ ਨੂੰ ਲਿਖਤਾਂ, ਮਾਤ-ਭਾਸ਼ਾ ਵਿਚ ਛਪੀਆਂ ਕਿਤਾਬਾਂ ਨੂੰ ਪੜ੍ਹਨਾ ਅਤੇ ਉਹਨਾਂ ਦੀ ਕਦਰ ਪਾਉਣੀ ਵੀ ਸਿਖਾਓ, ਇਹ ਕੰਮ ਵੀ ਸੰਸਕਾਰਾਂ ‘ਚ ਸ਼ਾਮਿਲ ਕਰੋ।
------
‘ਦਿਓਲ’ ਸਾਹਿਬ ਦੇ ਨਵ-ਪ੍ਰਕਾਸ਼ਿਤ ਨਾਵਲ ‘ਉਮਰ ਤਮਾਮ’ ਦੀ ਕਹਾਣੀ ਪੰਜਾਬੀ ਮੱਧ ਵਰਗੀ ਤੇ ਤੰਗੀ-ਤੁਰਸ਼ੀਆਂ ‘ਚ ਵਿਚਰਦੀ ਕਿਸਾਨੀ ਦੁਆਲੇ ਕੇਂਦਰਿਤ ਹੈ ਅਤੇ ਲੇਖਕ ਦਾ ਇਹ ਦੂਜਾ ਨਾਵਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਵਲ ‘ਉਹਦੇ ਮਰਨ ਤੋਂ ਮਗਰੋਂ’ ਛਪਿਆ ਸੀ। ਭਾਵੇਂ ਦਿਓਲ ਸਾਹਿਬ ਕਵੀ ਦੇ ਤੌਰ ਤੇ ਪ੍ਰਸਿੱਧ ਸਨ, ਪਰ ਉਨ੍ਹਾਂ ਸਾਹਿਤ ਦੀਆਂ ਹੋਰ ਵੰਨਗੀਆਂ ਵਿਚ ਵੀ ਲਿਖਿਆ। ਹਥਲਾ ਨਾਵਲ ਭਾਵੇਂ ਉਨ੍ਹਾਂ ਦੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਤੋਂ 20 ਸਾਲ ਬਾਅਦ ਛਪਿਆ ਹੈ, ਪਰ ਨਾਵਲ ਦੀ ਕਹਾਣੀ ਅੱਜ ਦੇ ਪੰਜਾਬੀ ਪੇਂਡੂ ਸਮਾਜ ਦੇ ਕਈ ਪੱਖਾਂ ਨੂੰ ਉਘਾੜਦੀ ਹੈ। ਉਨ੍ਹਾਂ ਦੇ ਪੁੱਤਰ ਮਨਧੀਰ ਦਿਓਲ ਜੀ ਦੀ ਪੇਸ਼ਕਸ਼ 254 ਸਫ਼ੇ ਦੇ ਇਸ ਨਾਵਲ ਨੂੰ ਆਰਸੀ ਪਬਲਿਸ਼ਰਜ਼, ਦਰਿਆ ਗੰਜ (ਨਵੀਂ ਦਿੱਲੀ) ਵੱਲੋਂ ਛਾਪਿਆ ਗਿਆ ਹੈ ਅਤੇ ਕੀਮਤ 350 ਰੁਪਏ ਹੈ। ਤੁਸੀਂ ਵੀ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰਕੇ ਇਸਦੀ ਕਾਪੀ ਹੁਣੇ ਰਾਖਵੀਂ ਕਰ ਸਕਦੇ ਹੋ। ਇਸ ਸ਼ਲਾਘਾਯੋਗ ਉੱਦਮ ਲਈ ਦਿਓਲ ਪਰਿਵਾਰ ਨੂੰ ਦਿਲੀ ਮੁਬਾਰਕਬਾਦ।
ਅਦਬ ਸਹਿਤ
ਤਨਦੀਪ ਤਮੰਨਾ
=====
ਮੈਂ ਹਰ ਜਗ੍ਹਾ ਮਿਲ਼ਾਂਗਾ...
ਨਜ਼ਮ
ਵਾ-ਵਰੋਲ਼ੇ ਵਗਦੇ ਰਹੇ,
ਚਰਾਗ਼ ਸਦਾ ਜਗਦੇ ਰਹੇ।
ਸ਼ੌਂਕ ਦੇ ਦਰਿਆ ਮੇਰੇ,
ਸਹਿਰਾ ‘ਚ ਵੀ ਵਗਦੇ ਰਹੇ।
-----
ਖ਼ੁਦ ਨੂੰ ਵੀ ਢੋਂਦੇ ਰਹੇ,
ਦੁਨੀਆਂ ਨੂੰ ਵੀ ਜਰਦੇ ਰਹੇ,
ਹੌਸਲੇ ਮੇਰੇ ਦੇ ਖੰਭ,
ਪਰਬਤਾਂ ਨੂੰ ਲਗਦੇ ਰਹੇ।
-----
ਛਾਤੀ ਦੇ ਵਿਚ ਦਿਲ ਸੀ,
ਜਾਂ ਅੱਗ ਦਾ ਅੰਗਿਆਰ,
ਅੱਗ ਹੀ ਤਾਂ ਸੀਗੇ ਅਸੀਂ,
ਅੱਗ ਵਾਂਗੂੰ ਦਗਦੇ ਰਹੇ।
-----
ਚਿਲਮਣ ਸੀ ਹੰਝੂਆਂ ਦੀ,
ਚਿਹਰਾ ਤੱਕਦੇ ਰਹੇ,
ਤਸੱਵੁਰ ਉਹਦੇ ਦਾ ਸਦਕਾ,
ਅੱਕਾਂ ਨੂੰ ਅੰਬ ਲਗਦੇ ਰਹੇ।
-----
ਮੁਹਾਂਦਰੇ ਦਾ ਨੂਰ ਉਹਦਾ,
ਹਰ ਘੜੀ ਵਧਦਾ ਰਿਹਾ,
ਇਹ ਚੰਦ ਹੀ ਸੀ ਜਿਸਨੂੰ,
ਘਾਟੇ ਦੇ ਪੱਖ ਲਗਦੇ ਰਹੇ।
-----
ਤੇਰੀ ਹੀ ਫ਼ਿਤਰਤ ਸੀ ਕਿ
ਤੂੰ ਦੌਲਤ ਵੱਲ ਝੁਕਿਆ,
ਤੂੰ ਰੱਖ ਲਈ ਦੁਨੀਆਂ,
ਅਸੀਂ ਦਿਲ ਦੇ ਕਹੇ ਲਗਦੇ ਰਹੇ।
------
ਮੇਰੇ ਸਬਰ ਨੂੰ ਜਿਬਾਹ,
ਕਰਨਾ ਤੁਸੀਂ ਸੀ ਮਿਥਿਆ,
ਸੂਰਜ ਸਦਾ ਚੜ੍ਹਦੇ ਰਹੇ,
ਗ੍ਰਹਿਣ ਵੀ ਲਗਦੇ ਰਹੇ।
-----
ਹਵਾ ‘ਚ ਤੀਲੀ ਬਾਲ਼ੋ,
ਮੈਂ ਹਰ ਜਗ੍ਹਾ ਮਿਲ਼ਾਂਗਾ,
ਅੱਗ ਦੇ ਦਰਿਆਈਂ ਤਰਦੇ,
ਤਰ ਕੇ ਕਿਨਾਰੇ ਲਗਦੇ ਰਹੇ...
No comments:
Post a Comment