ਨਜ਼ਮ
ਮੈਂ ਤਾਂ ਮੰਗਿਆ ਸੀ ਕੇਵਲ ਇਕ
‘ਮੈਂ-ਕੁ-ਭਰ’ ਅਸਮਾਨ
ਜਾਗ ਪਏ ਕਿਉਂ ਮੇਰੇ ਅੰਦਰੋਂ
ਸੁੱਤੇ ਸਦੀਆਂ ਦੇ ਨਿਸ਼ਾਨ?
ਕਦੇ ਕਦੇ ਇਓਂ ਜਾਪੇ, ਜੀਕੂੰ
ਮੁੱਠੀ ਦੇ ਵਿਚ ਧਰਤੀ ਹੋਵੇ,
ਨਜ਼ਰਾਂ ਵਿਚ ਅਸਮਾਨ
ਦੂਜੇ ਪਲ ਹੀ ਇਓਂ ਜਾਪੇ ਜਿਓਂ
ਮੇਰੇ ਅੰਦਰ ਟੁੱਟ ਬਿਖਰਿਆ
ਅੱਖਰ, ਅੱਖਰ ਜੋੜ ਬਣਾਇਆ
ਕੁੱਲ ਇਤਿਹਾਸ ਤੇ ਸਗਲ ਧਿਆਨ
ਮੈਂ ਵਿਚ ਮਸਤੀ, ਮੈਂ ਵਿਚ ਹਸਤੀ
ਮੈਂ ਵਿਚ ਸੂਰਜ, ਚੰਦ, ਸਿਤਾਰੇ
ਮੈਂ ਵਿਚ ਬਾਗ਼, ਹੁਸਨ ਤੇ ਸਾਗਰ
ਮੈਂ-ਚਿੰਤਨ ਵਿਚ ਸਗਲ ਨਜ਼ਾਰੇ
‘ਮੈਂ ਜਿੰਨਾਂ ਹੀ’, ਪਿਆਰ ਸੀ ਮੰਗਿਆ
ਔਰਤ ਸੁਹਣੀ, ਮਨ ਦੀ ਹਾਣੀ
ਮੈਂ ਜੋ ਸੋਚਾਂ, ਉਹ, ਉਹ ਸੋਚੇ
ਉਹ ਮਹਿਸੂਸੇ, ਮੈਂ ਹੱਸਾਸ
ਜਨਮ, ਜਨਮ ਤੋਂ ਉਸ ਨੂੰ ਮੇਰੀ, ਮੇਰੀ ਉਸ ਨੂੰ
ਤੇਹ, ਤ੍ਰਿਸ਼ਨਾ ਤੇ ਪਿਆਸ
ਮੈਂ ਚਾਹਿਆ ਮੈਂ, ਮੈਂ ਬਣ ਜੀਵਾਂ
ਧੁੱਪ ਤੇ ਥਲ ਵੀ ਰੂਪ ਨੇ ਮੇਰੇ
ਮੈਂ ਦੇ ਘੜੇ ‘ਚੋਂ ‘ਮੈਂ-ਜਲ’ ਪੀਵਾਂ
ਮੇਰੀ ਮੈਂ, ਪਰ ਵਿਣਤਨ ਆ ਗਏ
ਸਿਆਸੀ ਅਤੇ ਸਮਾਜੀ ਦਰਜ਼ੀ
ਚੌਖਟਿਆਂ ਵਿਚ ਕੱਟ, ਫਿੱਟ ਕਰਦੇ
ਮੇਰੀ ਮਰਜ਼ੀ, ਸਮੇਂ ਦੇ ਦਰਜ਼ੀ
ਮੈਨੂੰ ‘ਮੈਂ’ ਤੋਂ ‘ਅ-ਮੈਂ’ ਬਣਾਇਆ
ਮੇਰੀ ਹਰ ਸੂਰਤ ਦੇ ਉੱਤੇ
ਉਹਨਾਂ ਆਪਣਾ ਖੋਲ ਚੜ੍ਹਾਇਆ
ਚਿੱਪਰ, ਚਿੱਪਰ ਕਰ, ਟੁੱਟ ਬਿਖਰੀ
ਮੇਰੇ ਸੌਹੇਂ, ਮੇਰੀ ਪਛਾਣ
ਇਕ, ਇਕ ਕਰਕੇ, ਝੜੇ ਵਿਲੱਖਣ,
ਸਮਝੇ ਸੀ ਜੁ, ‘ਮੈਂ-ਨਿਸ਼ਾਨ’
ਆਪੇ ਵਿਚ ਅਨਾਪ ਭੋਗਦਾ,
ਕੈਸਾ ਇਹ ਸਰਾਪ!!!
ਸੋਚ, ਅਹਿਸਾਸ, ਬੇਗਾਨੇ ਹੋਏ,
ਕੈਸਾ ਇਹ ਸੰਤਾਪ???
3 comments:
har vaar dee taran hi ravi ji dee kavita bahut kamaal......
Marvelous...very deep poem. flows like a river..
ਵਧੀਆ ਨਜ਼ਮ ਹੈ। ਮੈਂ ਨਿੱਠਕੇ ਮਾਣੀਂ ਹੈ।
Post a Comment