ਜਿਵੇਂ ਕਿ ਦਰਵੇਸ਼ ਜੀ ਜਾਣਦੇ ਨੇ ਕਿ ਕਿੰਝ ਉਹਨਾਂ ਦੀਆਂ ਨਜ਼ਮਾਂ ਮੈਨੂੰ ਸੁਪਨਿਆਂ ਦੀ ਖ਼ੁਦਕੁਸ਼ੀ ਵੇਖਣ ਤੋਂ ਪਹਿਲਾਂ, ਪਹਾੜਾਂ ‘ਚ ਲੰਮੇ ਤੇ ਠੰਡੇ ਸਾਹ ਭਰਦੇ ਜੀਵਨ ਵੱਲ ਮੋੜ ਲਿਆਉਂਦੀਆਂ ਨੇ, ਜੀਤ ਔਲਖ ਜਾਣਦੈ ਕਿ ਕਿੰਝ ਉਸਦੀਆਂ ਕਲਾ-ਕ੍ਰਿਤਾਂ, ਮੈਨੂੰ ਆਪਣੇ ਰੰਗਾਂ ‘ਚ ਕੈਦ ਕਰ, ਮੇਰੇ ਅੰਦਰਲੇ ਖ਼ਾਮੋਸ਼ ਚਿਤਰਕਾਰ ਨੂੰ ਵੰਗਾਰ ਸਕਦੀਆਂ ਨੇ....ਯੂ.ਕੇ. ਜੰਮਿਆ, ਪਲ਼ਿਆ ਦੋਸਤ ਰਾਜ ਜਾਣਦੈ ਕਿ ਉਸ ਕੋਲ਼ ਨਜ਼ਮਾਂ ਤਾਂ ਨਹੀਂ ਪਰ ਉਸਦਾ ‘ਮੈਂ ਮੱਝਾਂ ਨੂੰ ਪਾਣੀ ਪਾਉਨਾ..ਤੂੰ ਕਣਕਾਂ ਦੀ ਰਾਖੀ ਬਹਿ ਜਾਹ’....ਵਰਗਾ ਇਕ ਮਜ਼ਾਹੀਆ ਟੈਕਸਟ ਮੇਰਾ ਮੂਡ ਕਿੰਝ ਬਦਲ ਸਕਦੈ .....ਕਹਾਣੀਕਾਰਾ ਸਹੇਲੀ ਸੁਖਜਿੰਦਰ ਜਾਣਦੀ ਹੈ ਕਿ ਉਸਦੀ ਕਹਾਣੀ ਪੜ੍ਹ ਕੇ ਲਿਖੇ ਵੀਹ ਸਫ਼ਿਆ ਦੇ ਖ਼ਤ ‘ਚ ਕਿੰਝ ਬੜਾ ਕੁਝ ਲੁਕੋਅ ਗਈ ਹੋਵਾਂਗੀ ਤੇ ਉਹ ਗਿਲਾ ਕਰੇਗੀ ਕਿ ਖੰਡ ਦੀ ਕੌਲੀ ਦਿਖਾ ਕੇ ਦੋ ਦਾਣੇ ਹੀ ਮੂੰਹ ‘ਚ ਪਾਉਣ ਨੂੰ ਦਿੱਤੇ ਨੇ.........ਤੇ ਏਵੇਂ ਹੀ ਰਵਿੰਦਰ ਰਵੀ ਸਾਹਿਬ ਤੇ ਧਾਲੀਵਾਲ ਸਾਹਿਬ ਨੂੰ ਇਸ ਰਾਜ਼ ਦਾ ਪਤਾ ਹੈ ਕਿ ਤਨਦੀਪ ਦੀ ਚੁੱਪ ਨਜ਼ਮਾਂ ਘੱਲ ਕੇ ਕਿੰਝ ਤੋੜੀ ਜਾ ਸਕਦੀ ਹੈ ..... ਇਸ ਚੁੱਪ ਦਾ ਘੇਰਾ ਤੋੜਨਾ ਅਭਿਮੰਨਯੂ ਦੇ ਚੱਕਰਵਿਊ ਵਰਗਾ ਹੀ ਔਖਾ ਕੰਮ ਹੈ....ਉਹਨਾਂ ਨੂੰ ਇਹ ਵੀ ਪਤੈ ਕਿ ਇਹ ਹੋ ਹੀ ਨਹੀਂ ਸਕਦਾ ਕਿ ਤਨਦੀਪ ਨਜ਼ਮਾਂ ਪੜ੍ਹੇ ਤੇ ਚੁੱਪ ਹੀ ਰਵ੍ਹੇ... ਚੁੱਪ ਉਹ ਓਨੀ ਦੇਰ ਰਹਿੰਦੀ ਹੈ ਜਿੰਨੀ ਦੇਰ ਤੱਕ ਦਰਵੇਸ਼ ਜੀ, ਸੁਖਜਿੰਦਰ , ਧਾਲੀਵਾਲ ਸਾਹਿਬ, ਰਵੀ ਸਾਹਿਬ ਦੀਆਂ ਨਜ਼ਮਾਂ/ਕਹਾਣੀਆਂ ਪੜ੍ਹਦੀ ਹੋਵੇ, ਜੀਤ ਦੀਆਂ ਪੇਂਟਿੰਗਜ਼ ਨੂੰ ਇਕਾਂਤ ਵਿਚ ਨਿਹਾਰਦੀ ਜਾਂ ਰਾਜ ਦੇ ਟੈਕਸਟ ਨੂੰ ਪੜ੍ਹ ਕੇ ਹੱਸ-ਹੱਸ ਦੂਹਰੀ ਹੁੰਦੀ ਹੋਵੇ....ਸੱਚ ਜਾਣਿਓ ਦੋਸਤੋ! ਇਹਨਾਂ ਦੇ ਸੁਨੇਹੇ ਵੇਖਦਿਆਂ ਹੀ ਮੈਂ ਸਵਾਰਥੀ ਹੋ ਜਾਨੀ ਆਂ...ਆਰਸੀ ਬਾਰੇ ਉਦੋਂ ਖ਼ਿਆਲ ਆਉਂਦੇ ਜਦੋਂ ਪੰਜ-ਸੱਤ ਈਮੇਲਾਂ ਆ ਜਾਣ ਕਿ ਤੈਨੂੰ ਨਜ਼ਮਾਂ ਭੇਜੀਆਂ ਸੀ, ਮਿਲ਼ੀਆਂ ਕਿ ਨਹੀਂ...ਜਵਾਬ ਤਾਂ ਲਿਖ ਦਿਆ ਕਰ...:)
ਅੱਜ ਦੀ ਪੋਸਟ ‘ਚ ਮੈਂ ਧਾਲੀਵਾਲ ਸਾਹਿਬ ਦੀਆਂ ਘੱਲੀਆਂ ਦੋ ਅਤਿ ਖ਼ੂਬਸੂਰਤ ਨਜ਼ਮਾਂ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ.....
ਸ਼ਬਦ ਹੀ ਤਾਂ ਹਨ
ਮੇਰੇ ਕੋਲ਼
ਆਪਾ ਬਿਆਨਣ ਲਈ
ਆਪੇ ਨੂੰ ਜਾਨਣ ਲਈ
ਤੇਰੇ ਤੱਕ ਪਹੁੰਚਣ ਲਈ
ਤੇਰੀਆਂ ਨਜ਼ਰਾਂ 'ਚ ਖ਼ਾਮੋਸ਼
ਘੂਕ ਸੁੱਤੇ
ਤੇਰਿਆਂ ਹੋਠਾਂ 'ਚ
ਚੁੱਪ ਸਾਧੀ ਬੈਠੇ ਸ਼ਬਦਾਂ ਨੂੰ
ਜਗਾਵਣ ਲਈ
ਬੋਲਣ ਲਈ ਉਕਸਾਵਣ ਲਈ
ਆਪਣੇ ਬਣਾਵਣ ਲਈ
ਮੈਂ ਜਾਣਦੀ ਹਾਂ ਧਾਲੀਵਾਲ ਸਾਹਿਬ...ਇਹ ਨਜ਼ਮ ਮੇਰੇ ਲਈ ਹੀ ਹੈ...:) ਦਰਵੇਸ਼ ਜੀ ਦੇ ਰਜਿਸਟਰ ਵਾਂਗ ਤੁਹਾਡੀਆਂ ਡਾਇਰੀਆਂ ‘ਤੇ ਵੀ ਮੇਰੀ ਨਜ਼ਰ ਹੈ...ਬਚਾਅ ਕੇ ਰੱਖਿਆ ਕਰੋ....:) ਹਾਂ ਜੀ, ਮੈਂ ਉਹਨਾਂ ਪੁਰਾਣੀਆਂ ਡਾਇਰੀਆਂ ਦੀ ਹੀ ਗੱਲ ਕਰ ਰਹੀ ਆਂ ਜਿਹੜੀਆਂ ਤੁਸੀਂ ਆਖਦੇ ਹੁੰਦੇ ਓ ਕਿ ਤਨਦੀਪ ਕਰਕੇ ਫ਼ਰੋਲਣੀਆਂ ਪੈਂਦੀਆਂ ਨੇ....:) ਅੱਜ ਮੇਰੇ ਸਾਰੇ ਸ਼ਬਦ ਤੁਸੀਂ ਆਪਣੀ ਨਜ਼ਮ ਹਵਾਲੇ ਕਰ ਚੁੱਕੇ ਹੋ.... ਗਿਲੇ-ਸ਼ਿਕਵੇ ਤਾਂ ਫ਼ੋਨ ‘ਤੇ ਦੂਰ ਹੋ ਜਾਣਗੇ......ਪਰ ਸ਼ੁਕਰੀਆ ਕਿੰਝ ਕਰਾਂ? ਇਕ ਅਰਸੇ ਬਾਅਦ ਲੱਗ ਰਿਹੈ ਕਿ ਜ਼ਿੰਦਗੀ ਵਰਗਾ ਮੇਰੇ ਆਲ਼ੇ-ਦੁਆਲ਼ੇ ਕੁਝ ਮਹਿਕ ਰਿਹਾ ਹੈ.... ਕਿਸੇ ਖੜਸੁੱਕ ਰੁੱਖ ‘ਤੇ ਨਵੀਆਂ ਕਰੂੰਬਲਾਂ ਫੁੱਟ ਪਈਆਂ ਨੇ....ਦੋਵੇਂ ਨਜ਼ਮਾਂ ਕਮਾਲ ਨੇ...ਮੁਬਾਰਕਾਂ ਕਬੂਲ ਕਰੋ ਜੀ....
ਤੁਹਾਡੀ ਸਿਹਤਯਾਬੀ ਲਈ ਦੁਆਗੋ..
ਅਦਬ ਸਹਿਤ
ਤਨਦੀਪ
******
ਸ਼ਬਦ
ਨਜ਼ਮ
ਬੜਾ ਵਰਜਿਆ ਮੈਂ
ਆਪਣੇ ਆਪ ਨੂੰ ਕਿ
ਨਾ ਕਰਾਂ ਗੂੰਗੇ ਹੋਏ ਸ਼ਬਦਾਂ ਰਾਹੀ
ਇਲਤਿਜਾ
ਅਪਾਹਜ ਹੋਏ ਅਰਥਾਂ 'ਚ ਲੁਕੋ ਕੇ
ਲੱਕੋਂ ਟੁੱਟੇ ਫਿਕਰਿਆਂ ਰਾਹੀਂ
ਨਾ ਚੜ੍ਹਾਂ ਸ਼ਬਦਾਂ ਦੀ ਦਰਗਾਹੇ
ਆਪਣੀਆਂ ਖ਼ਾਹਿਸ਼ਾਂ ਨੂੰ
ਲੀਰਾਂ ਹੋਏ ਸਾਲੂ 'ਚ ਲਪੇਟ ਕੇ...
ਪਰ
ਕੀ ਕਰਾਂ
ਸ਼ਬਦ ਹੀ ਤਾਂ ਹਨ
ਮੇਰੇ ਕੋਲ਼
ਆਪਾ ਬਿਆਨਣ ਲਈ
ਆਪੇ ਨੂੰ ਜਾਨਣ ਲਈ
ਤੇਰੇ ਤੱਕ ਪਹੁੰਚਣ ਲਈ
ਤੇਰੀਆਂ ਨਜ਼ਰਾਂ 'ਚ ਖ਼ਾਮੋਸ਼
ਘੂਕ ਸੁੱਤੇ
ਤੇਰਿਆਂ ਹੋਠਾਂ 'ਚ
ਚੁੱਪ ਸਾਧੀ ਬੈਠੇ ਸ਼ਬਦਾਂ ਨੂੰ
ਜਗਾਵਣ ਲਈ
ਬੋਲਣ ਲਈ ਉਕਸਾਵਣ ਲਈ
ਆਪਣੇ ਬਣਾਵਣ ਲਈ
“...ਕਿਉਂ ਕਰ ਰਿਹੈਂ ਧੋਖਾ
ਆਪਣੇ ਆਪ ਨਾਲ਼
ਮੇਰੇ ਨਾਲ਼...”
ਇਹ ਕਹਿ ਕੇ
"ਕਿ ਨਾ ਕਰੀਂ ਸ਼ਬਦਾਂ ਦੀ ਵਰਖਾ
ਖ਼ਤਾਂ ਰਾਹੀਂ
ਈਮੇਲਾਂ ਰਾਹੀਂ
ਤੂੰ ਸਿਰਫ਼ ਸ਼ਬਦਾਂ ਨੂੰ ਹੀ ਨਹੀਂ
ਆਪਣੇ ਰਿਸ਼ਤੇ ਨੂੰ ਵੀ
ਸੋਚਾਂ ਦੀ ਸੀਤ ਸਿੱਲ੍ਹ ਤੇ ਧਰ ਦਿੱਤਾ ਹੈ!
ਸਾਂਝੇ ਪਲਾਂ ਨੂੰ ਹਉਕਿਆਂ ਦੀ
ਜੂਨ ਬਖ਼ਸ਼ ਦਿੱਤੀ ਹੈ!
ਪਰ
ਮੈਨੂੰ ਪੂਰਾ ਯਕੀਨ ਹੈ
ਕਿ ਜੇ ਸਾਡੀ
ਸ਼ਬਦਾਂ ਦੀ ਸਾਂਝ ਬਣ ਰਹੀ
ਤਾਂ
ਅਸੀਂ ਕਦੇ ਵੀ ਵਿੱਛੜ ਨਹੀਂ ਸਕਾਂਗੇ
=====
ਨਜ਼ਮ
ਨਜ਼ਮ
ਮੈਂ ਸਿਰਾਂ ‘ਤੇ
ਤਿੱਖੀਆਂ ਚੁੰਝਾਂ ਵਾਲਿਆਂ ਨੂੰ
ਇਲਤਜਾ ਕੀਤੀ ਕਿ....
ਨਜ਼ਮ ਨੂੰ---
ਚਾਨਣ 'ਚ ਰੰਗਦਾਰ ਸਲਾਈਡ ਵਾਂਗੂੰ ਵੇਖੋ!
ਨਜ਼ਮ 'ਚੋਂ ਉਭਰਦੇ ਸੰਗੀਤ ਨੂੰ ਸੁਣੋ!
ਖੜਕਦੇ ਸਾਜ਼ਾਂ ਨੂੰ ਮਹਿਸੂਸ ਕਰੋ!
ਜਾਂ ਫਿਰ ਸੋਚ ਦੇ ਚੂਹੇ ਨੂੰ
ਨਜ਼ਮ ਦੀ ਸੁਰਾਹੀ 'ਚ ਸੁੱਟ ਦਿਓ
ਤੇ ਉਸਨੂੰ ਬਾਹਰ ਨਿਕਲ਼ਣ ਲਈ
ਹਿੰਮਤ ਕਰਦੇ ਨੂੰ ਵੇਖੋ!
ਨਜ਼ਮ ਦੀਆਂ ਦੀਵਾਰਾਂ ਨੂੰ
ਨ੍ਹੇਰੇ 'ਚ ਬਿਜਲੀ ਦੇ ਸਵਿੱਚ ਵਾਂਗੂੰ ਟੋਹੋ!
ਨਜ਼ਮ ਦੇ ਸਮੁੰਦਰਾਂ 'ਚ
ਡੁਬਕਣੀ ਵਾਂਗੂੰ ਤਾਰੀਆਂ ਲਾਵੋ...
ਤੇ ਕੰਢੇ ‘ਤੇ ਖੜੋਤੇ ਕਵੀ ਨੂੰ
ਉੱਚੀ ਉੱਚੀ ਆਵਾਜ਼ਾਂ ਮਾਰੋ!
ਪਰ ਉਹ ਤਾਂ ਸਿਰਫ਼
ਏਨਾ ਹੀ ਚਾਹੁੰਦੇ ਸਨ
ਨਜ਼ਮ ਨੂੰ
ਆਪਣੀਆਂ ਕੁਰਸੀ ਦੀਆਂ ਲੱਤਾਂ ਨਾਲ਼
ਨੂੜ ਕੇ
ਉਸਤੋਂ ਕਨਫੈਸ਼ਨ ਕਰਾਉਣਾ
ਆਪਣੀ ਆਲੋਚਨਾ ਦੇ ਮੌਜਿਆਂ 'ਚ
ਫਿੱਟ ਕਰਨਾ
ਉਹ ਉਸਨੂੰ ਆਪਣੀ ਦਕੀਆਨੂਸੀ
ਸੋਚ ਦੀਆਂ ਛਮਕਾਂ ਨਾਲ਼
ਕੋਹਣ ਲੱਗੇ
ਤਾਂ ਕਿ ਉਸਤੋਂ ਕਨਫੈਸ਼ਨ ਕਰਵਾ ਕੇ
ਆਪਣੀ ਹੋਂਦ ਲਈ
ਨਜ਼ਮ ਦੇ ਗਲੇ 'ਚ ਅਰਥਾਂ ਦੀ
ਸਲੀਬ ਲਟਕਾ ਸਕਣ
ਤੇ ਨਜ਼ਮ ਨੂੰ
ਮੁਜਰਿਮ ਕਰਾਰ ਦੇ ਸਕਣ...
3 comments:
bahut vadhia...
bahut vadhia....
ਤੂੰ ਸਿਰਫ਼ ਸ਼ਬਦਾਂ ਨੂੰ ਹੀ ਨਹੀਂ
ਆਪਣੇ ਰਿਸ਼ਤੇ ਨੂੰ ਵੀ
ਸੋਚਾਂ ਦੀ ਸੀਤ ਸਿੱਲ੍ਹ ਤੇ ਧਰ ਦਿੱਤਾ ਹੈ!
khoob soorat ........
Post a Comment