ਨਿੱਘੀ ਯਾਦ!
ਇੰਡੀਆ ਤੋਂ ਆਇਆਂ ਤਾਂ ਤਿੰਨ ਹਫ਼ਤੇ ਹੋ ਗਏ ਨੇ ਪਰ ਸਿਹਤ ਕੁਝ ਤੰਗ ਕਰ ਰਹੀ ਸੀ। ਕੱਲ੍ਹ ਫੇਸਬੁੱਕ ‘ਤੇ ਆਰਸੀ ਨੂੰ ਵੇਖ ਕੇ ਬਹੁਤ ਖ਼ੁਸ਼ੀ ਹੋਈ ਪਰ ਪਰਵੇਜ਼ ਸੰਧੂ ਹੋਰਾਂ ਨਾਲ ਹੋਈ ਅਣਹੋਣੀ ਪੜ੍ਹ ਕੇ ਗਹਿਰਾ ਸਦਮਾ ਲੱਗਿਆ ਹੈ। ਬਹੁਤ ਹੀ ਖ਼ੂਬਸੂਰਤ ਪਰਵੇਜ਼ ਦੇ ਬਹੁਤ ਖ਼ੂਬਸੂਰਤ ਬੱਚੇ ਮੈਂ ਵੇਖੇ ਹੋਏ ਹਨ। ਕੱਲ੍ਹ ਦੀ ਚੁੱਪ ਸਾਂ ਪਤਾ ਨਹੀਂ ਸੀ ਕਿਵੇਂ ਕਹਾਂ... ਪਰਵੇਜ਼! ਹੌਸਲਾ ਰੱਖ। ਅੱਜ ਆਰਸੀ ‘ਤੇ ਬਹਾਦੁਰ ਪਰਵੇਜ਼ ਦੇ ਸ਼ਬਦ ਪੜ੍ਹ ਕੇ ਧਰਵਾਸ ਬੱਝਾ ਹੈ। ਪ੍ਰਮਾਤਮਾ ਉਸ ਨੂੰ ਬਹੁਤ ਹਿੰਮਤ ਦੇਵੇ ਤੇ ਬੱਚੀ ਦੀ ਰੂਹ ਨੂੰ ਸ਼ਾਂਤੀ .......ਕੁਛ ਸ਼ਬਦ ਸਾਂਝੇ ਕਰ ਰਹੀ ਹਾਂ .... ਸੁਰਜੀਤ।
******
ਨਜ਼ਮ
ਮੈਂ ਤੁਹਾਨੂੰ ਰੋਜ਼
'ਵਾਜਾਂ ਮਾਰਦੀ ਹਾਂ
ਕਿੱਥੇ ਤੁਰ ਜਾਂਦੇ ਹੋ ਤੁਸੀਂ
ਸਾਨੂੰ ਰੋਂਦਿਆਂ ਛੱਡ
ਉਹ ਕਿਹੜੀ ਥਾਂ ਹੈ
ਜਿੱਥੋਂ ਤੁਹਾਥੋਂ ਪਰਤ ਨਹੀਂ ਹੁੰਦਾ
ਜਿੱਥੇ ਸਾਡੀਆਂ ਸਦਾਵਾਂ ਦਾ
ਕੋਈ ਅਰਥ ਨਹੀਂ ਹੁੰਦਾ
ਜਿੱਥੋਂ ਸਾਡੇ ਹੰਝੂਆਂ ਨੂੰ
ਤੁਸੀਂ ਤੱਕ ਸਕਦੇ ਨਹੀਂ
ਜਿੱਥੇ ਸਾਡੇ ਹਾਅਵਿਆਂ ਦਾ
ਹਿਸਾਬ ਤੁਸੀਂ ਰੱਖਦੇ ਨਹੀਂ
ਕੀ ਕੋਈ ਦੀਪ ਹੈ
ਪਤਾਲ ਹੈ
ਪਰਬਤ ਹੈ
ਸਾਗਰ ਹੈ
ਕੋਈ ਖ਼ਲਾਅ ਹੈ
ਜਾਂ ਤਾਰਾ ਹੈ
ਜਿੱਥੇ ਪੰਜ ਤੱਤ ਨਾਲ਼ ਨਹੀਂ ਜਾਂਦੇ
ਜਿੱਥੇ ਰਿਸ਼ਤੇ ਨਾਲ਼ ਨਹੀਂ ਜਾਂਦੇ
ਜਿੱਥੇ ਸਾਡੀਆਂ ਸਿਸਕੀਆਂ ਦੀ
ਆਵਾਜ਼ ਨਹੀਂ ਸੁਣਦੇ ਤੁਸੀਂ
ਦੱਸੋ ਤਾਂ ਸਹੀ
ਕਿੱਥੇ ਤੁਰ ਜਾਂਦੇ ਹੋ ਤੁਸੀਂ .....
5 comments:
ਦਰਦ ਦਾ ਕੋਈ ਵੀ ਸਿਰਨਾਵਾਂ ਨਹੀਂ ਹੁੰਦਾ ਤੇ ਸ਼ਾਇਦ ਅਸੀਂ ਉਸਨੂੰ ਲੱਭਦੇ ਹੀ ਤੁਰਦੇ ਰਹਿੰਦੇ ਹਾ ਆਪਣੇਂ ਸ਼ਬਦਾਂ ਦੀ ਉਂਗਲ ਫੜਕੇ....ਸ਼ਾਇਦ ਸਾਨੂੰ ਇੰਝ ਹੀ ਤੁਰਨਾਂ ਚਾਹੀਦਾ ਹੈ।
ਦਰਦ ਦਾ ਕੋਈ ਵੀ ਸਿਰਨਾਵਾਂ ਨਹੀਂ ਹੁੰਦਾ ਤੇ ਸ਼ਾਇਦ ਅਸੀਂ ਉਸਨੂੰ ਲੱਭਦੇ ਹੀ ਤੁਰਦੇ ਰਹਿੰਦੇ ਹਾ ਆਪਣੇਂ ਸ਼ਬਦਾਂ ਦੀ ਉਂਗਲ ਫੜਕੇ....ਸ਼ਾਇਦ ਸਾਨੂੰ ਇੰਝ ਹੀ ਤੁਰਨਾਂ ਚਾਹੀਦਾ ਹੈ।
ਈਮੇਲ ਰਾਹੀਂ ਮਿਲ਼ੀ ਟਿੱਪਣੀ: ਤੁਸੀਂ ਮੇਰੇ ਹਮਨਾਮ ਓ , ਆਦਰ ਸਵੀਕਾਰ ਕਰਨਾ ਇੱਕ ਮਾਂ ਦੇ ਹਿਰਦੇ ਨੂੰ ਢਾਰਸ ਬੰਨ੍ਹਾਓਣ ਲਈ ਸ਼ਬਦਾਂ ਨੂੰ ਜਿਸ ਲੜੀ ਵਿੱਚ ਤੁਸੀਂ ਪਰੋਇਆ ਹੈ ਓਹ ਕਾਬਿਲੇ ਤਾਰੀਫ਼ ਹੈ
ਸੁਰਜੀਤ, ਜਲੰਧਰ
ਕਵਿਤਾ ਕੀ ਹੁੰਦੀ ਹੈ ਇਸ ਵਾਰੇ ਮੈਨੂੰ ਕੋਈ ਗਿਆਨ ਨਹੀ ਹੈ ਬੱਸ ਜਦੋਂ ਸਵੀਨਾ ਯਾਦ ਆ ਜਾਵੇ ਤਾਂ ਕੁਝ ਅੱਖਰ ਇਕਠੇ ਕਰ ਲੈਂਦੀ ਹਾਂ
ਪਿਆਰੀ ਪਰਵੇਜ਼, ਕਵਿਤਾ ਦਰਦ ਦਾ ਉਲੱਥਾ ਹੀ ਹੁੰਦੀ ਹੈ । ਜਦੋਂ ਕੋਈ ਦਰਦ ਤੁਹਾਡੇ ਮਨ ਤੇ ਪੱਥਰ ਬਣ ਜਾਵੇ, ਕਲੇਜਾ ਫਟਣ ਨੂੰ ਆਵੇ ਤੇ ਆਪ ਮੁਹਾਰੇ ਇਹ ਲਾਵਾ ਲਫ਼ਜ਼ ਬਣ ਸਫਿ਼ਆਂ ਤੇ ਫੈ਼ਲ ਜਾਂਦਾ ਹੈ- ਇਸ ਲਾਵੇ ਨੂੰ ਬਾਹਰ ਆ ਜਾਣ ਦਿਓ । ਤੁਹਾਡਾ ਦਰਦ ਕੋਈ ਲੈ ਤਾਂ ਨਹੀਂ ਸਕਦਾ ਪਰ ਅਸੀਂ ਇਸਨੂੰ ਸਾਂਝਾ ਜਰੂਰ ਕਰ ਸਕਦੇ ਹਾਂ ☬
Post a Comment