ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, July 3, 2011

ਜਗਜੀਤ ਸੰਧੂ - ਨਜ਼ਮ

ਪਲੀਜ਼ ਇੰਜ ਨਾ ਕਰੋ
ਨਜ਼ਮ
ਮੈਂ ਕਵਿਤਾ ਲਿਖ ਕੇ
ਉਸਨੂੰ ਵੱਖ-ਵੱਖ ਆਵਾਜ਼ਾਂ
ਤਰ੍ਹਾਂ-ਤਰ੍ਹਾਂ ਦੀਆਂ ਰੌਸ਼ਨੀਆਂ
`
ਚ ਪੜਦਾਂ

ਹੋਰਾਂ ਨੂੰ ਪੜ੍ਹਨ ਲਈ ਕਹਿਨਾਂ
ਖ਼ੁਦ ਸੁਣਦਾਂ
ਸੂਰਜ ਮੂਹਰੇ
ਕਾਗ਼ਜ਼ ਪੁੱਠਾ ਕਰ ਕੇ ਪੜ੍ਹਦਾਂ
ਫਿਰ ਸਿੱਧਾ ਕਰ ਕੇ
ਪੁੱਠੀ ਕਵਿਤਾ ਵੀ ਪੜ੍ਹ ਲੈਨਾਂ

ਕਾਗ਼ਜ਼ ਨੂੰ ਝਣਕ ਕੇ ਦੇਖਦਾ ਹਾਂ
-
ਕਿਤੇ ਕਵਿਤਾ ਡਿਗਦੀ ਤਾਂ ਨਹੀਂ

ਮੰਨਦਾ ਹਾਂ
ਮੇਰੀ ਕਵਿਤਾ `ਚੋਂ
ਕਦੇ ਸੂਰਜ ਨਹੀਂ ਕਿਰੇ
ਕਦੇ ਕੂੰਜਾਂ ਦੀ ਡਾਰ ਨਹੀਂ ਉੱਡੀ

ਲਿਖਣ ਵੇਲ਼ੇ
ਮੈਂ ਕਦੇ ਪ੍ਰਸੂਤੀ ਪੀੜਾਂ ਨਾਲ਼
ਪੁੱਠਾ ਸਿੱਧਾ ਨਹੀਂ ਹੋਇਆ
ਕੋਈ ਪਾਰਾ, ਚਾਨਣ ਜਾਂ
ਸ਼ਬਦਾਂ ਦਾ ਲਹੂ ਨਹੀਂ ਪੀਤਾ

ਮੁੱਕਦੀ ਗੱਲ-
ਇਸਨੇ ਮੈਨੂੰ ਕਦੇ ਕੋਈ ਤਕਲੀਫ਼ ਨਹੀਂ ਦਿੱਤੀ

ਪਰ ਤੁਸੀਂ ਇਹ ਕੀ ਕਰ ਰਹੇ ਹੋ, ਮਹਾਨੁਭਾਵ?

ਤੁਸੀਂ ਮੇਰੀ ਕਵਿਤਾ ਦੇ ਹੱਥ-ਪੈਰ
ਮੰਜੇ ਨਾਲ਼ ਕਿਉਂ ਬੰਨ੍ਹ ਦਿੱਤੇ ਹਨ?
ਫੋਰਸੈਪਸ, ਪਰੋਬ, ਸਕਾਲਪੈਲ, ਕੈਂਚੀ ਲੈ ਕੇ
ਮੇਰੀ ਕਵਿਤਾ ਦੁਆਲ਼ੇ ਕਿਉਂ ਹੋਏ ਹੋ?
ਕਦੇ ਉਸਦੀਆਂ ਪੁਤਲੀਆਂ ਪੁੱਠੀਆਂ ਕਰਦੇ ਹੋ,
ਕਦੇ ਹੋਂਠ
ਇਸਦੇ ਉੱਪਰਲੇ ਬੁੱਲ੍ਹ ਦੇ ਬਿਲਕੁਲ ਵਿਚਾਲ਼ੇ
ਜਿੱਥੇ ਗੋਰਾਪਨ ਸੂਹੇਪਨ ਦੀ ਵੀਬਣਾਉਂਦਾ ਹੈ
ਦੇ ਹੇਠਲੇ ਦੋ ਦੰਦਾਂ ਦੇ ਪਿਛਲੇ ਪਾਸੇ ਥੋੜ੍ਹਾ ਪੀਲ਼ਾਪਨ ਹੈ
ਮੈਨੂੰ ਪਤਾ ਹੈ
ਪਰ ਇਹ ਕਿਸੇ ਨੂੰ ਨਹੀਂ ਦਿਸਦਾ

ਦੇਖੋ
ਇਸਦੀ ਗੋਰੀ ਸੁਰਾਹੀਦਾਰ ਗਰਦਨ
ਇਸ ਤੋਂ ਅੱਗੇ ਨਾ ਛੇੜੋ ਪਲੀਜ਼
ਤੁਸੀਂ ਵਿਦੂਸ਼ੀ ਜੀ
ਆਪਣੇ ਪੋਟੇ ਪਰ੍ਹੇ ਕਰ ਲਉ
ਇਸ ਨਾਲ਼ ਉਹ ਤੰਗ ਹੁੰਦੀ ਹੈ
ਉਸ ਅੰਦਰ ਜਵਾਰ ਉਠਦੇ ਹਨ
ਜੇ ਕੋਈ ਤੁਹਾਡੇ ਨਾਲ਼ ਇੰਜ ਕਰੇ ਫੇਰ ਭਲਾਂ
ਮੈਂ ਉਸਨੂੰ ਹਰ ਦਰਜੇ ਕੋਣ ਤੋਂ ਦੇਖਿਆ ਹੈ
ਬੜੀ ਪਿਆਰੀ ਜਹੀ ਤਾਂ ਹੈ

ਤੁਹਾਨੂੰ ਇਹ ਸਭ ਕਰਦਿਆਂ ਵੇਖ ਕੇ
ਮੇਰੀਆਂ ਅੱਖਾਂ ਵਿਹ ਤੁਰੀਆਂ ਹਨ
ਮੇਰੀਆਂ ਨਜ਼ਰਾਂ ਹੇਠ
ਉਹ ਗੱਚ ਹੋ ਚੁੱਕੀ ਹੈ

ਹੁਣ ਤੁਸੀਂ ਇਸਨੂੰ ਚੱਟਣ ਨਾ ਲੱਗ ਪੈਣਾ
ਹੰਝੂ ਸਲੂਣੇ ਹੀ ਹੁੰਦੇ ਹਨ
ਪਰ ਇਸ ਗੱਲੋਂ ਰਿਣੀ ਰਹਾਂਗਾ
ਮੈਂ ਇਸਨੂੰ ਭਿੱਜੀ ਹੋਈ ਨਹੀਂ ਸੀ ਵੇਖਿਆ

1 comment:

parvez said...

ਬੱਸ ਇੰਨਾ ਹੀ ਕਹਿਣਾ ਹੈ ਕਿ ਇਹ ਨਜ਼ਮ ਪੜ ਕੇ ਸੰਧੂ ਸਾਹਿਬ ਦੀਆਂ ਹੋਰ ਨਜ਼ਮਾਂ ਪੜਨ ਨੂੰ ਜੀ ਕਰ ਰਿਹਾ ...thank you Tabdeep