ਬਖ਼ਸ਼ੀ ਰਾਮ ਕੌਸ਼ਲ ਦਾ ਸ਼ਿਅਰ-
ਕਿਰਨ ਹੈ ਹੁਸਨ ਦੀ ਓਧਰ,
ਜਲਨ ਹੈ ਇਸ਼ਕ ਦੀ ਏਧਰ
ਤਿਰੇ ਘਰ ਤੋਂ ਮਿਰੇ ਘਰ ਤਕ
ਉਜਾਲੇ ਹੀ ਉਜਾਲੇ ਨੇ
ਸਿਮਰਤੀ ਵਿਚ ਹਮੇਸ਼ਾ ਲਈ ਸਾਂਭਿਆ ਗਿਆ।
.........
ਖ਼ੁਸ਼ੀ ਰਾਮ ਰਿਸ਼ੀ ਦਾ ਸ਼ਿਅਰ ਇਕ ਵਾਰ ਸੁਣਿਆ ਮੁੜ ਕਦੇ ਨਹੀਂ ਭੁਲਿਆ-
ਇਸ਼ਕ ਦੇ ਬਿਖੜੇ ਹੋਏ ਰਾਹਾਂ 'ਚ ਦੋਵੇਂ ਗੁੰਮ ਗਏ
ਰਹਿਨੁਮਾ ਨੂੰ ਮੈਂ ਤੇ ਮੈਨੂੰ ਰਹਿਨੁਮਾ ਲਭਦਾ ਰਿਹਾ।
.........
ਊਧਮ ਸਿੰਘ ਮੌਜੀ ਨਜ਼ਮਾਂ ਦੀ ਛਹਿਬਰ ਲਾ ਦਿੰਦਾ-
ਕੁਰਸੀ 'ਤੇ ਗਿਰਝਾਂ ਬੈਠੀਆਂ।
ਵੋਟ ਪਾਵਾਂ ਕਿ ਬੋਟੀਆਂ।
...........
ਮੁਸ਼ਕਲ ਮੂਨਿਕ ਦੀ ਇਹ ਰੁਬਾਈ ਮੈਂ ਕੋਈ ਪੰਜਾਹ ਵਾਰ ਲੋਕਾਂ ਨੂੰ ਸੁਣਾ ਚੁੱਕਾ ਹੋਵਾਂਗਾ-
ਕਦੇ ਨਾ ਕਦੇ 'ਤੇ ਮੁਲਾਕਾਤ ਹੋਸੀ।
ਜੋ ਗੱਲਬਾਤ ਚਾਹੁੰਨਾ ਉਹ ਗੱਲਬਾਤ ਹੋਸੀ।
ਮੈਂ ਰੋ ਰੋ ਕੇ ਦੱਸੂੰ, ਉਹ ਸੁਣ ਸੁਣ ਕੇ ਰੋਊ
ਮੁਹੱਬਤ ਦੇ ਬੂਟੇ 'ਤੇ ਬਰਸਾਤ ਹੋਸੀ।
.........
ਸੋਹਣ ਲਾਲ ਦਰਦੀ ਦੇ ਆਉਣ ਨਾਲ ਹੀ ਹਾਸੜ ਪੈ ਜਾਂਦੀ-
ਕੌਮ ਦੇ ਗ਼ੱਦਾਰ ਆਏ ਹਾਰ ਪਾਓ।
.........
ਪ੍ਰੀਤਮ ਸਿੰਘ ਪ੍ਰੀਤਮ ਵਾਰ ਵਾਰ ਆਪਣੀਆਂ ਦੋ ਹੀ ਗ਼ਜ਼ਲਾਂ ਪੜ੍ਹਦਾ ਸੀ, ਪਰ ਹਰ ਵਾਰ ਉਸਨੂੰ ਭਰਵੀਂ ਦਾਦ ਮਿਲਦੀ-
ਤਾਕਤ ਦੇ ਨਸ਼ੇ ਵਿਚ ਨਾ ਮਜ਼ਲੂਮ ਨੂੰ ਛੇੜੀ,
ਕਤਰੇ 'ਚ ਛੁਪੇ ਹੁੰਦੇ ਨੇ ਤੂਫ਼ਾਨ ਹਜ਼ਾਰਾਂ।
.........
ਉਲਫ਼ਤ ਬਾਜਵਾ ਹੋਰਾਂ ਦੇ ਹਰ ਸ਼ਿਅਰ ਨੂੰ ਭਰਵੀਂ ਦਾਦ ਮਿਲਦੀ। ਅਸੀਂ ਤਾਂ ਬਿਲਕੁਲ ਨਵੇਂ ਸਾਂ। ਪੁਰਾਣੇ ਬੰਦੇ ਜਲੰਧਰ ਦੇ ਸ਼ਾਇਰਾਂ ਵਿਚ ਚੱਲ ਰਹੀ ਅੰਦਰਲੀ ਸਿਆਸਤ ਤੋਂ ਜਾਣੂੰ ਸਨ। ਇਕ ਸਮੇਂ 'ਤੇ ਆ ਕੇ ਉਲਫ਼ਤ ਬਾਜਵਾ ਹੋਰਾਂ ਦੇ ਦੀਪਕ ਜੈਤੋਈ ਅਤੇ ਪ੍ਰਿੰ. ਤਖ਼ਤ ਸਿੰਘ ਨਾਲ ਸੰਬੰਧ ਅਣਸੁਖਾਵੇਂ ਹੋ ਗਏ ਸਨ। ਬਾਜਵਾ ਸਾਹਿਬ ਇਸ਼ਾਰੇ ਨਾਲ ਆਪਣੀ ਗ਼ਜ਼ਲ ਵਿਚ ਇਹਨਾਂ ਦਾ ਜ਼ਿਕਰ ਕਰਦੇ ਤਾਂ ਸ਼ਿਅਰਾਂ 'ਚ ਆਏ ਹਵਾਲਿਆਂ ਤੋਂ ਵਾਕਿਫ਼ ਲੋਕ ਜ਼ੋਰ-ਜ਼ੋਰ ਦੀਆਂ ਤਾੜੀਆਂ ਮਾਰਦੇ। 'ਵਾਹ ਵਾਹ' ਕਰਦੇ। ਕਈ ਮੁੱਕੀਆਂ ਮਾਰ-ਮਾਰ ਕੇ ਨਾਲ਼ ਬੈਠੇ ਦੇ ਪਾਸੇ ਵੀ ਸੇਕ ਦਿੰਦੇ-
ਬੁਝਾਇਆ ਲੋਭ ਦੀ ਆਂਧੀ ਨੇ ਤੇਰੇ ਸਾਹਮਣੇ 'ਦੀਪਕ',
ਤੂੰ ਕੀਕਰ ਸਹਿ ਗਈ ਗ਼ੈਰਤ ਤੂੰ ਕੀਕਰ ਜਰ ਗਈ ਗ਼ੈਰਤ।
ਉਹਨਾਂ ਨੇ 'ਤਖ਼ਤ' ਠੁਕਰਾਇਆ, ਉਹਨਾਂ ਨੇ ਤਾਜ ਠੁਕਰਾਇਆ,
ਜਿਨ੍ਹਾਂ 'ਲਾਲਾਂ' ਦੇ ਸਿਰ 'ਤੇ ਤਾਜ ਅਪਣਾ ਧਰ ਗਈ ਗ਼ੈਰਤ।
ਇਹਨਾਂ ਸ਼ਿਅਰਾਂ ਦੇ ਪਿਛੋਕੜ ਬਾਰੇ ਬਾਜਵਾ ਸਾਹਿਬ ਨੇ ਕਈ ਵਾਰ ਦੱਸਿਆ ਅਤੇ ਨੁਕਤਾ ਸਮਝਾਇਆ ਸੀ ਕਿ ਭਾਵੇਂ ਉਹਨਾਂ ਨੇ ਇਹ ਸ਼ਿਅਰ ਬਹੁਤ ਹੀ ਨਿੱਜੀ ਪੱਧਰ 'ਤੇ ਲਿਖੇ ਸਨ, ਪਰ ਇਹਨਾਂ ਦੀ ਖ਼ੂਬਸੂਰਤੀ ਇਹ ਸੀ ਕਿ ਇਹਨਾਂ ਦਾ ਇਤਿਹਾਸਕ ਪਰਿਪੇਖ ਵਿਚ ਵੀ ਆਪਣਾ ਮਹੱਤਵ ਸੀ। ਸੰਦਰਭ ਵਿਅਕਤੀਗਤ ਹੋਣ ਦੇ ਬਾਵਜੂਦ ਇਹ ਸ਼ਿਅਰ ਵਿਅਕਤੀਗਤ ਦੇ ਦਾਇਰੇ ਤੋਂ ਪਾਰ ਵਿਚਰਦੇ ਹਨ।
.............
ਆਰਿਫ਼ ਗੋਬਿੰਦ ਪੁਰੀ ਬੜੇ ਨਖ਼ਰੇ ਨਾਲ ਪੇਸ਼ ਹੁੰਦਾ-
ਖੁਆ ਕਾਵਾਂ ਨੂੰ ਜੇਕਰ ਗੰਦ ਰਿਸ਼ਵਤ ਦਾ ਖੁਆਉਣਾ ਏਂ,
ਕਿ ਹੰਸਾਂ ਨੂੰ ਨਹੀਂ ਹੁੰਦੀ ਇਹ ਗੰਦਗੀ ਖਾਣ ਦੀ ਆਦਤ।
............
ਉਂਕਾਰਪ੍ਰੀਤ ਦੇ ਇਹ ਸ਼ਿਅਰ 'ਤੇ ਬੜੀ ਦਾਦ ਬਟੋਰਦੇ ਸਨ-
ਜਦ ਵੀ ਕਦੇ ਅਸਾਂ ਨੇ ਤੇਰਾ ਖ਼ਿਆਲ ਲਿਖਿਆ।
ਯਾਦਾਂ 'ਚ ਡੋਬ ਕਾਨੀ, ਹੰਝੂਆਂ ਦੇ ਨਾਲ ਲਿਖਿਆ।
ਕੀਤਾ ਗਿਲਾ ਮੇਰੇ 'ਤੇ ਤਦ ਦਿਲ ਮੇਰੇ ਦੇ ਜ਼ਖ਼ਮਾਂ,
ਜਦ ਠੀਕ ਠਾਕ ਅਪਣਾ ਮੈਂ ਹਾਲ-ਚਾਲ ਲਿਖਿਆ।
...........
ਜੋਗਾ ਸਿੰਘ ਬਠੁੱਲਾ ਦਾ ਸ਼ਿਅਰ ਕਈ ਦਿਨ ਦਿਮਾਗ਼ ਵਿਚ ਘੁੰਮਦਾ ਰਿਹਾ। ਉਸਨੇ ਇਹ ਗੱਲ ਸੋਚੀ ਕਿਵੇਂ ਹੋਵੇਗੀ-
ਜ਼ਰੂਰੀ ਹੀ ਜੇ ਜਾਣਾ ਹੈ ਤਾਂ ਜਾਵੀਂ ਮੌਸਮਾਂ ਵਾਂਗਰ,
ਕਿ ਜੋ ਮੁੜ ਕੇ ਨਹੀਂ ਆਉਂਦਾ, ਨਾ ਜਾਵੀਂ ਤੂੰ ਸਮਾਂ ਬਣ ਕੇ।
.........
ਪ੍ਰੋ. ਦੀਦਾਰ ਤਰੰਨੁਮ ਵਿਚ ਗ਼ਜ਼ਲ ਪੜ੍ਹਦਾ ਸਭ ਨੂੰ ਝੂਮਣ ਲਾ ਦਿੰਦਾ ਸੀ-
ਮੇਰੇ ਘਰ ਦੇ ਬਾਰਾਂ ਬਾਲੇ ਤਿੰਨ ਕੰਧਾਂ ਦਰ ਦੱਖਣ ਨੂੰ,
ਭੂਤਾਂ ਦੀ ਜੂਹ ਅੰਦਰ ਆ ਕੇ ਤੂੰ ਕਿੱਦਾਂ ਬਚ ਜਾਵੇਂਗਾ।
........
ਸ਼ੌਕਤ ਢੰਡਵਾੜੀ ਝੂੰਮ ਝੂੰਮ ਕੇ ਗ਼ਜ਼ਲਾਂ ਪੜ੍ਹਦਾ-
ਦੇਖੋ ਇਨਾਮ ਮੇਰਾ।
ਖ਼ਾਲੀ ਹੈ ਜਾਮ ਮੇਰਾ।
ਤਿਰਕਾਲਾਂ ਪੈਣ ਲੱਗੀਆਂ,
ਕਰੋ ਇੰਤਜ਼ਾਮ ਮੇਰਾ।
ਤਾੜੀਆਂ ਦੀ ਗੂੰਜ ਵਿਚ ਸ਼ੌਕਤ ਦਾ ਸ਼ਿਅਰ ਰੰਗ ਬਿਖੇਰਦਾ-
ਇਕ ਅਜਬ ਦਿਲਕਸ਼ੀ ਹੈ, ਅੱਜ ਕੱਲ੍ਹ ਮਾਹੌਲ ਅੰਦਰ,
ਨ੍ਹੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬਲ਼ ਰਹੇ ਨੇ।
..........
ਇਹੋ ਜਿਹੇ ਕਾਵਿਕ ਮਾਹੌਲ ਵਿਚ ਹੀ ਕਮਲ ਦੇਵ ਪਾਲ ਦੀਆਂ ਗ਼ਜ਼ਲਾਂ ਦਾ ਆਨੰਦ ਅਸੀਂ ਮਾਣਦੇ ਸਾਂ-
ਹੰਝੂ, ਬਰਖਾ, ਝਾਂਜਰ ਦਾ ਕੋਈ ਮੇਲ ਨਹੀਂ,
ਫਿਰ ਵੀ ਤਿੰਨੇ ਛਮ ਛਮ ਕਰਦੇ ਆਪਣੀ ਥਾਂ।
........
ਰਿਸ਼ੀ ਸ਼ੰਭੂਕ ਦੇ ਜਦ ਕ਼ਤਲ ਦੀ ਚਰਚਾ ਛਿੜੂ ਕਿਧਰੇ,
ਉਦੋਂ ਦਰਸ਼ਥ ਦੇ ਬੇਟੇ ਰਾਮ ਦੀ ਗੱਲਬਾਤ ਚੱਲੇਗੀ।
.........
ਮੁਖ਼ਬਰ ਘਰਾਂ 'ਚ ਤੱਕ ਸੁਗਰੀਵ ਤੇ ਬਵੀਸ਼ਣ,
ਇਹ ਰਾਮ ਰਾਜ ਤਦ ਤੱਕ ਨਸੀਬ ਸਾਡੇ।
ਸ਼ਿਅਰ ਨੂੰ ਖ਼ੂਬ ਦਾਦ ਮਿਲਦੀ। ਇਤਿਹਾਸ-ਮਿਥਿਹਾਸ ਨੂੰ ਉਹ ਹਮੇਸ਼ਾ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ। ਦੱਬੀ-ਕੁਚਲੀ ਧਿਰ ਦੀ ਆਵਾਜ਼ ਬਣ ਕੇ ਪਰਗਟ ਹੁੰਦੇ ਉਸ ਨੌਜਵਾਨ ਸ਼ਾਇਰ ਦੇ ਸ਼ਿਅਰ ਉਸਤਾਦ ਸ਼ਾਇਰਾਂ ਨੂੰ ਖੁੱਲ੍ਹ ਕੇ ਦਾਦ ਦੇਣ ਲਈ ਮਜਬੂਰ ਕਰ ਦਿੰਦੇ।
..........
'ਆਰਸੀ' 'ਤੇ ਉਸਦੀ ਸ਼ਾਇਰੀ ਪੜ੍ਹ ਕੇ ਬੀਤੇ ਵਕਤ ਦੀ ਪਰਿਕਰਮਾ ਕਰਨਾ ਰੂਹ ਨੂੰ ਬੇਹੱਦ ਸਕੂਨ ਦੇਣ ਵਾਲਾ ਸਾਬਿਤ ਹੋਇਆ।
ਅਦਾਲਤ ਤੁਸੀਂ ਕੈਦ ਕੀਤੀ ਚਿਰਾਂ ਦੀ।
ਕਿ ਸ਼ਾਇਦ ਹੈ ਇਸਨੂੰ ਜ਼ਰੂਰਤ ਨਿਆਂ ਦੀ।
ਸੁਰਿੰਦਰ ਸੋਹਲ
ਯੂ.ਐੱਸ.ਏ.
4 comments:
ਦੋਸਤੋ! ਨਿਊ ਯੌਰਕ, ਯੂ.ਐੱਸ.ਏ. ਵਸਦੇ ਪ੍ਰਸਿੱਧ ਲੇਖਕ ਸੁਰਿੰਦਰ ਸੋਹਲ ਜੀ ਨੇ ਆਰਸੀ ਬਲੌਗ 'ਤੇ ਕਮਲ ਦੇਵ ਪਾਲ ਸਰ ਦੀਆਂ ਗ਼ਜ਼ਲਾਂ ਪੜ੍ਹ ਕੇ ਬਹੁਤ ਹੀ ਖ਼ੂਬਸੂਰਤ ਲੇਖ ਨਾਲ਼ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ, ਕਮਲ ਸਰ ਦਾ ਆਰਸੀ 'ਤੇ ਹਾਰਦਿਕ ਅਭਿਨੰਦਨ ਕੀਤਾ ਹੈ। ਮੈਂ ਸੋਹਲ ਵੀਰ ਜੀ ਦੀ ਦਿਲੋਂ ਮਸ਼ਕੂਰ ਹਾਂ, ਜਿਨ੍ਹਾਂ ਨੇ ਏਨੇ ਰੁਝੇਵਿਆਂ ਦੇ ਬਾਵਜੂਦ ਹਾਜ਼ਰੀ ਲਵਾਈ ਹੈ। ਆਰਸੀ ਹਮੇਸ਼ਾ ਹੀ ਸੋਹਲ ਵੀਰ ਜੀ ਦੀ ਰਿਣੀ ਰਹੇਗੀ ਕਿਉਂਕਿ ਉਹਨਾਂ ਨੇ ਆਰਸੀ 'ਤੇ ਮੇਰੇ ਨਾਲ਼ੋ ਕਿਤੇ ਜ਼ਿਆਦਾ ਮਿਹਨਤ ਕਰਕੇ ਪੰਜਾਬੀ ਦੇ ਮਸ਼ਹੂਰ ਅਤੇ ਅਮਰੀਕਾ ਵਿਚੋਂ ਉੱਭਰ ਰਹੇ ਵਧੀਆ ਸ਼ਾਇਰਾਂ ਦੀਆਂ ਰਚਨਾਵਾਂ ਹੱਥੀਂ ਟਾਈਪ ਕਰਕੇ ਆਰਸੀ ਲਈ ਘੱਲੀਆਂ ਨੇ, ਏਨੀ ਸ਼ਿੱਦਤ ਨੂੰ ਤਾਂ ਸਿਰ ਝੁਕਾ ਕੇ ਸਲਾਮ ਹੀ ਕੀਤਾ ਜਾ ਸਕਦੈ..ਅੱਜ ਲਗਦੈ ਕਿ ਫੇਸਬੁੱਕ 'ਤੇ ਬਹੁਤ ਵਕ਼ਤ ਖ਼ਰਾਬ ਹੋ ਗਿਐ...ਉਹੀ ਵਕ਼ਤ ਏਧਰ ਬਲੌਗ 'ਤੇ ਲਗਾਇਆ ਜਾ ਸਕਦਾ ਸੀ..ਖ਼ੈਰ! ਦੇਰ ਆਏ..ਦਰੁਸਤ ਆਏ....ਹੁਣ ਆਪਣੀ ਸਭ ਦੀ ਮੁਲਾਕਾਤ ਪਹਿਲਾਂ ਦੀ ਤਰ੍ਹਾਂ ਏਥੇ ਹੁੰਦੀ ਰਹੇਗੀ...ਆਮੀਨ!
ਬਹੁਤ-ਬਹੁਤ ਸ਼ੁਕਰੀਆ ਸੋਹਲ ਵੀਰ ਜੀ..:)
ਅਦਬ ਸਹਿਤ..ਤਨਦੀਪ
Kamal Pall ----------
ਜਨਾਬ ਸੁਰਿੰਦਰ ਸੋਹਲ ਜੀ ਦਾ ਇਹ ਲੇਖ ਪੜ੍ਹ ਕੇ ਬਾਈ-ਤੇਈ ਸਾਲ ਪਹਿਲਾਂ ਦੀਆਂ ਸਾਹਿਤਕ ਗਤਿਵਿਧੀਆਂ ਯਾਦ ਆ ਗਈਆਂ | ਉਹ ਸਾਰੇ ਮੇਰੇ ਸਤਿਕਾਰ ਯੋਗ ਸ਼ਾਇਰ ਦੋਸਤ ਕਿਸੇ ਫਿਲਮ ਨੂੰ ਦੇਖਣ ਵਾਂਗ ਮੇਰੇ ਮਨ ਮਸਤਕ ਵਿਚ ਰੂਬਰੂ ਹੋ ਗਏ | ਸੋਹਲ ਜੀ ਦੀ ਯਾਦਦਾਸ਼ਤ ਨੂੰ ਸਲਾਮ ਜਿਨ੍ਹਾ ਨੇ ਏਨਾ ਸਾਹਿਤਕ ਖਜਾਨਾ ਆਪਣੇ ਜਿਹਨ ਵਿਚ ਸਾਂਭ ਕੇ ਰੱਖਿਆ ਹੈ | ਮੇਰੇ ਵਰਗੇ ਆਮ ਆਦਮੀ ਤਾਂ ਵਕਤ ਦੇ ਨਾਲ ਭੁਲ ਭੁਲਾ ਜਾਂਦੇ ਹਨ | ਧੰਨਵਾਦ ਕਰਾਂ ਕੇ ਸਲਾਮ ...ਚਲੋ ਦੋਵੇਂ ਹੀ ਚਲੱਣਗੇ...ਸ਼ੁਕਰੀਆ ਵੀ..pall
2 hours ago · Unlike · 1
ਸੁਰਿੰਦਰ ਸੋਹਲ ਜੀ ..
ਤੁਹਾਡੀ ਯਾਦ ਨੂੰ ਸਲਾਮ ....ਲੋਕ ਤਾਂ ਇਹ ਵੀ ਭੁੱਲ ਜਾਂਦੇ ਨੇ ਕੀ ਕੱਲ ਮਿਲਿਆ ਕੋੰ ਸੀ .....ਪੂਰਾ ਲੇਖ ਪੜ ਕੇ ਬਹੁਤ ਵਧੀਆ ਲੱਗਿਆ ....ਤੇ ਉਹ ਪੁਰਾਣਾ ਵੇਲਾ ਜੋ ਸਾਡੇ ਸਾਰੇ ਸਿਰਮੋਰ ਸ਼ਾਇਰਾਂ ਨੇ ਬਿਤਾਇਆ ....ਤੁਸੀਂ ਖੁਸ਼ ਕਿਸਮਤ ਸੀ ਜੋ ਸਾਰੇ ਇਸ ਦਰਬਾਰ ਦਾ ਹਿੱਸਾ ਸੀ ....
ਮੈਂ ਪੂਰਾ ਲੇਖ ਰੀਝ ਨਾਲ ਪੜਿਆ ਤੇ ਮਾਣਿਆ ਹੈ ....
ਸਾਰੇ ਹੀ ਸ਼ਿਅਰ ਕਮਾਲ ਦੇ ਨੇ . ਖੁਸ਼ੀ ਰਾਮ ਜੀ ਦੇ ,,,ਉਲਫਤ ਬਾਜਵਾ ਜੀ ਦੇ , ਆਰਿਫ਼ ਗੋਬਿੰਦਪੁਰੀ ਜੀ ਦੇ .......ਆਹ ਸ਼ਿਅਰ ਵੀ ਡੂੰਘੀ ਛਾਪ ਪਾਉਂਦੇ ਨੇ ..
ਸਰ ਕਮਲ ਪਾਲ ਜੀ ਦਾ
ਹੰਝੂ , ਬਰਖਾ , ਝਾਂਝਰ ਦਾ ਕੋਈ ਮੇਲ ਨਹੀਂ ,
ਫਿਰ ਵੀ ਤਿੰਨੇ ਛਮ ਛਮ ਕਰਦੇ ਅਪਣੀ ਥਾਂ !!!
Thanks Tandeep ji for sharing with us .
ਧੰਨਵਾਦ ਇਹੋ ਜਿਹੀਆਂ ਯਾਦਾਂ ,,ਸਾਨੂ ਸਾਡੇ ਅਤੀਤ ਨਾਲ ਜੋੜ ਦੀਆਂ ਨੇ .....ਲਾਲੀ
ਤੁਹਾਡੇ ਯਾਦਾਂ ਦੇ ਝਰੋਖੇ ਚੋਂ ਝਾਕਦਿਆਂ ਮੈਂ ਖ਼ੁਦ ਨੂੰ ਉਹਨਾਂ ਮਹਿਫਿਲਾਂ ਵਿੱਚ ਬੈਠਿਆਂ ਮਹਿਸੂਸ ਕੀਤਾ...ਇਹ ਉਹ ਹੀ ਮਹਿਫ਼ਿਲਾਂ ਸਨ ਜਿਨਾਂ ਨੂੰ ਮਾਣਦਿਆਂ ਹੀ ਅਸੀ ਕਲਮ-ਝਰੀਟ ਬਣੇ ਸੀ...ਮਹਿਫਿਲਾਂ ਤੋਂ ਬਾਦ ਹੁੰਦੀ ਅਦਬੀ ਨੇਕ-ਝੋਕ ਤੇ ਉਸਤਾਦਾਂ ਦੀਆਂ ਸੰਗਤ ਚੋਂ ਸਿਖੀਆਂ ਬਹੁਤ ਸਾਰੀਆਂ ਗੱਲਾਂ ਚੇਤਿਆਂ ਦੇ ਕੈਨਵਸ ਤੇ ਫਿਰ ਉੱਭਰ ਆਈਆਂ ਨੇ...ਕਮਲ ਪਾਲ ਜੀ ਦਾ ਆਪਣਾ ਵੱਖਰਾ ਹੀ ਰੰਗ ਜੋ ਉਹਨਾਂ ਮਹਿਫ਼ਿਲਾਂ ਦੌਰਾਨ ਹੁੰਦਾ ਸੀ ਉਹ ਅਜ ਵੀ ਬਰਕਰਾਰ ਹੈ..ਉਹ ਅਜ ਵੀ ਓਸੇ ਵਿਚਾਰਧਾਰਾ ਨੂੰ ਅੰਗ ਸੰਗ ਰਖਦੇ ਨੇ....ਪੁਰਾਣੇ ਦੋਸਤਾਂ,ਉਸਤਾਦ ਸ਼ਾਇਰਾਂ ਦੀ ਯਾਦ ਤਾਜ਼ਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਸੋਹਲ ਜੀ.....
Post a Comment