ਖ਼ੈਰ! ਮੈਂ ਆਰਸੀ ਨਾਲ਼ ਜੁੜੇ ਸਾਰੇ ਅਦੀਬਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਪਿਛਲੇ ਡੇਢ ਕੁ ਸਾਲ ਤੋਂ ਮੇਰੀ ਘੌਲ਼ ਕਰਕੇ ਬਲੌਗ ਅਪਡੇਟ ਨਹੀਂ ਹੋ ਸਕਿਆ ਸੀ....ਬਹੁਤ ਸਾਰੀਆਂ ਰਚਨਾਵਾਂ ਵੇਖਣ ਵਾਲ਼ੀਆਂ ਪਈਆਂ ਨੇ....ਜਿਨ੍ਹਾਂ ਨੂੰ ਕੁੰਦਰਾ ਸਾਹਿਬ ਦੀ ਤਰ੍ਹਾਂ ਏਨਾ ਲੰਮਾ ਇੰਤਜ਼ਾਰ ਕਰਨਾ ਪਿਆ ਹੈ..ਮੈਂ ਉਹਨਾਂ ਤੋਂ ਖ਼ਿਮਾ ਦੀ ਜਾਚਕ ਹਾਂ.... ਆਸ ਹੈ ਕਿ ਮੇਰੀ ਖ਼ਤਾ ਮੁਆਫ਼ ਕਰ ਦੇਣਗੇ...ਹੁਣ ਬਲੌਗ ਬਕਾਇਗੀ ਨਾਲ਼ ਅਪਡੇਟ ਹੋ ਰਿਹੈ...ਸਭ ਦੀਆਂ ਰਚਨਾਵਾਂ ਇਕ-ਇਕ ਕਰਕੇ ( ਜੋ ਆਰਸੀ ‘ਚ ਸ਼ਾਮਿਲ ਕਰਨ ਯੋਗ ਹੋਈਆਂ ) ਏਥੇ ਪੋਸਟ ਜ਼ਰੂਰ ਕੀਤੀਆਂ ਜਾਣਗੀਆਂ....ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਮਨੂਨ ਹਾਂ ਜੀ....ਅਦਬ ਸਹਿਤ...ਤਨਦੀਪ
******
ਅਧੂਰੀ ਤਸਵੀਰ
ਨਜ਼ਮ
ਜਦੋਂ ਕੈਨਵਸ ਦੇ ਪਿੰਡੇ,
ਉਸਦੀ ਤਸਵੀਰ ਬਣਾਉਂਦਾ ਹਾਂ।
ਨਕਸ਼ ਉਸ ਦੇ ਉਘਾੜਨ ਦੀ,
ਕੋਈ ਤਦਬੀਰ ਲਗਾਉਂਦਾ ਹਾਂ।
ਤਾਂ ਉਹ ਹੱਥ ਮੇਰਾ ਫੜ ਕੇ,
ਮੈਨੂੰ ਝੱਟ ਰੋਕ ਦਿੰਦੀ ਹੈ,
ਮੇਰੇ ਬੋਲਣ ਤੋਂ ਪਹਿਲਾਂ ਹੀ,
ਉਹ ਮੈਨੂੰ ਟੋਕ ਦਿੰਦੀ ਹੈ।
ਆਪਣੀਆਂ ਰੇਸ਼ਮੀ ਉਂਗਲ਼ਾਂ,
ਮੇਰੇ ਬੁੱਲ੍ਹਾਂ 'ਤੇ ਧਰਦੀ ਹੈ,
ਬੱਸ ਚੁੱਪ ਹੀ ਰਹਿਣ ਦੀ,
ਸਦਾ ਤਾਕੀਦ ਕਰਦੀ ਹੈ।
ਇਹ ਇੱਕ ਅਜੀਬ ਮੁਜੱਸਮਾ,
ਮੇਰੇ ਸੰਗ ਰੋਜ਼ ਹੁੰਦਾ ਹੈ,
ਜਿਸ ਦੇ ਹੋਵਣ ਦਾ ਮੈਨੂੰ,
ਇੱਕ ਡੂੰਘਾ ਸੋਗ ਹੁੰਦਾ ਹੈ।
ਨਾ ਕੁਝ ਕਹਿਣ ਦੀ ਹਿੰਮਤ,
ਨਾ ਕੁਝ ਕਰਨ ਦਾ ਹੀਆ,
ਕਿੰਝ ਖੋਲ੍ਹਾਂ ਉਸ ਦੇ ਸਾਹਮਣੇ,
ਸੰਜੀਦਾ ਧੜਕਦਾ ਜੀਆ।
ਉਸ ਦੀ ਸਹਿਮਤੀ ਬਾਝੋਂ,
ਇਹ ਤਸਵੀਰ ਅਧੂਰੀ ਹੈ,
ਤੇ ਸਹਿਮਤੀ ਵਾਸਤੇ ਉਸ ਦੀ,
‘ਹਾਂ’ ਵੀ ਜ਼ਰੂਰੀ ਹੈ।
‘ਹਾਂ’ ਦੀ ਉਡੀਕ ਵਿੱਚ ਹੀ ਮੈਂ,
ਪਲ ਪਲ ਮੁੱਕਦਾ ਜਾਂਦਾ ਹਾਂ,
ਮਾਰੂਥਲੇ ਤਰਵਰ ਵਾਂਗ,
ਨਿੱਤ ਦਿਨ ਸੁੱਕਦਾ ਜਾਂਦਾ ਹਾਂ।
ਡਰ ਹੈ ਕਿਤੇ ਮੇਰਾ ਸੁਪਨਾ,
ਅਧੂਰਾ ਹੀ ਨਾ ਰਹਿ ਜਾਵੇ,
ਫ਼ਰਜ਼ ਤੋਂ ਸੁਰਖ਼ਰੂ ਹੋਣਾ,
ਖ਼ਾਬਾਂ ਵਿੱਚ ਨਾ ਵਹਿ ਜਾਵੇ।
ਅਧੂਰੀ ਤਸਵੀਰ ਹੈ, ਜਾਂ ਮੇਰੀ,
ਇਹ ਜੀਵਨ ਦੀ ਤੰਦੀ ਹੈ?
ਕਿ ਹੈ ਇਹ ਰੇਤ ਦੀ ਕੰਧੀ,
ਤੇ ਜਾਂ ਢਲ਼ਦੀ ਬੁਲੰਦੀ ਹੈ?
2 comments:
Kamal Pall ---------
ਅਧੂਰੀ ਤਸਵੀਰ ਹੈ , ਜਾਂ ਮੇਰੀ
ਇਹ ਜੀਵਨ ਦੀ ਤੰਦੀ ਹੈ
ਕਿ ਹੈ ਰੇਤ ਦੀ ਕੰਧੀ
ਤੇ ਜਾਂ ਢਲਦੀ ਬੁਲੰਦੀ ਹੈ ?
------
ਰਵਿੰਦਰ ਸਿੰਘ ਕੁੰਦਰਾ ਜੀ ਇਸ ਨਜ਼ਮ ਵਾਸਤੇ ਮੁਬਾਰਕਾਂ..pall
3 hours ago · Unlike · 1
ਖ਼ੂਬਸੂਰਤ ਨਜ਼ਮ ਲਈ ਮੁਬਾਰਕਾਂ ਜੀ....
Post a Comment