ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, February 11, 2012

ਡਾ: ਲੋਕ ਰਾਜ - ਆਰਸੀ 'ਤੇ ਖ਼ੁਸ਼ਆਮਦੀਦ - ਗ਼ਜ਼ਲ

ਆਰਸੀ 'ਤੇ ਖ਼ੁਸ਼ਆਮਦੀਦ
ਸਾਹਿਤਕ ਨਾਮ ਡਾ: ਲੋਕ ਰਾਜ

ਅਜੋਕਾ ਨਿਵਾਸ - ਜੱਦੀ ਪਿੰਡ ਜਲੰਧਰ ਦੇ ਕੋਲਬਸ਼ੇਸ਼ਰ ਪੁਰਹੈ ਤੇ ਅੱਜ ਕੱਲ੍ਹ ਇੰਗਲੈਂਡ ਨਿਵਾਸ ਕਰਦੇ ਹਨ।


ਪ੍ਰਕਾਸ਼ਿਤ ਕਿਤਾਬਾਂ - ਇੱਕ ਗਜ਼ਲਾਂ ਦੀ ਕਿਤਾਬ ਹਾਦਸਿਆਂ ਦਾ ਸਫ਼ਰ ਛਪ ਚੁੱਕੀ ਹੈ ਤੇ ਕਈ ਦੂਸਰੀਆਂ ਕਿਤਾਬਾਂ ਵਿਚ ਡਾ: ਸਾਹਿਬ ਦੀਆਂ ਕਵਿਤਾਵਾਂ ਤੇ ਗਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ- ਅੱਧੀ ਸਦੀ ਦੀ ਮਹਿਕ, ਗਜ਼ਲ, ਕੋਸੇ ਚਾਨਣ-੨ ੯ ਕਿਤਾਬਾਂ ਭਾਰਤੀ ਗਿਆਨ-ਵਿਗਿਆਨ ਸਮਿਤੀ, ਪੰਜਾਬ ਤੇ ਚੰਡੀਗੜ੍ਹਨੇ ਛਾਪੀਆਂ ਨੇ ਜੋ ਮਾਨਸਿਕ ਸਿਹਤ ਬਾਰੇ ਨੇ ਤੇ ਉਨ੍ਹਾਂ ਲਿਖਤਾਂ ਤੇ ਅਧਾਰਿਤ ਹਨ ਜੋ ਉਹ ਕਈ ਵਰ੍ਹੇ ਪ੍ਰੀਤਲੜੀ ਵਿਚ ਲਿਖਦੇ ਹੇ ਹਨ।


----
.... ਪੰਜਾਬੀ ਵਿਚ ੨੫ ਕੁ ਸਾਲਾਂ ਤੋਂ ਲਿਖ ਰਿਹਾ ਹਾਂ….ਲੇਖ, ਕਵਿਤਾਵਾਂ, ਕਹਾਣੀਆਂ ਪੂਰਬੀ ਪੰਜਾਬ ਦੇ ਮੁਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦੀਆਂ ਰਹੀਆਂ ਹਨ.... ਮਾਂ-ਬੋਲੀ ਦੀ ਖਿਦਮਤ ਕਰਨਾ ਆਪਣਾ ਫ਼ਰਜ਼ ਸਮਝਦਾ ਹਾਂ ਤੇ ਆਸ ਕਰਦਾ ਹਾਂ ਕਿ ਸਾਂਝੇ ਜਤਨਾਂ ਨਾਲ ਪੰਜਾਬ ਦੇ ਦੋਵੇਂ ਟੁਕੜੇ ਲਿੱਪੀਆਂ ਦਾ ਫ਼ਾਸਲਾ ਦੂਰ ਕਰ ਲੈਣ ਗੇ ਤੇ ਦੂਰ ਦਾ ਸੁਫ਼ਨਾ ਪੰਜਾਬ ਦੇਸ਼ ਨੂੰ ਮੁੜ ਕੇ ਇੱਕ ਦੇਖਣ ਦਾ ਹੈ... ਡਾ: ਲੋਕ ਰਾਜ



------


ਦੋਸਤੋ! ਡਾ: ਲੋਕ ਰਾਜ ਜੀ ਇਕ ਜ਼ਹੀਨ ਲੇਖਕ, ਜ਼ਿੰਮੇਵਾਰ ਪਿਤਾ ਅਤੇ ਪਤੀ, ਮਨੋ-ਰੋਗ ਮਾਹਿਰ (ਸਾਈਕਿਐਟ੍ਰਿਸਟ) ਹੋਣ ਦੇ ਨਾਲ਼ ਇਕ ਬਹੁਤ ਹੀ ਪਿਆਰੇ ਸ਼ਖ਼ਸ ਵੀ ਨੇ। ਅਮਰੀਕ ਗ਼ਾਫ਼ਿਲ ਸਾਹਿਬ ਅਤੇ ਕਮਲ ਦੇਵ ਪਾਲ ਸਾਹਿਬ ਵਾਂਗ ਹੀ ਉਹਨਾਂ ਨਾਲ਼ ਮੇਰੀ ਮੁਲਾਕਾਤ ਫੇਸਬੁੱਕ ਤੇ ਹੋਈ ਸੀ, ਪਰ ਕੁਝ ਗ਼ਜ਼ਲਾਂ ਅਤੇ ਸ਼ਿਅਰ ਕਿਤਾਬਾਂ ਚ ਪੜ੍ਹੇ ਹੋਣ ਕਰਕੇ, ਉਹਨਾਂ ਦੇ ਨਾਮ ਤੋਂ ਪਹਿਲਾਂ ਹੀ ਵਾਕਿਫ਼ ਸਾਂ। ਉਹਨਾਂ ਨੂੰ ਆਪਣੀਆਂ ਲਿਖਤਾਂ ਵਿਚ ਨਵੇਂ ਦੇ ਨਾਲ਼-ਨਾਲ਼ ਪ੍ਰੰਪਰਾਵਾਂ, ਰਹੁ-ਰੀਤਾਂ ਦੇ ਸੰਗ ਸੰਵਾਦ ਰਚਾਉਣ ਦੀ ਕਾਬਲੀਅਤ ਵੀ ਹਾਸਿਲ ਹੈ ਤੇ ਏਸੇ ਗੁਣ ਨੇ ਉਹਨਾਂ ਦੀ ਲਿਖਤ ਨੂੰ ਹੋਰ ਅਮੀਰੀ ਬਖ਼ਸ਼ੀ ਹੈ। ਫੇਸਬੁੱਕ ਤੇ ਮੈਂ ਉਹਨਾਂ ਦੀ ਲੇਖਣੀ ਅਤੇ ਉਸਨੂੰ ਪੇਸ਼ ਕਰਨ ਦੀ ਸ਼ੈਲੀ ਤੋਂ ਪ੍ਰਭਾਵਿਤ ਹੋਈ ਹਾਂ। ਮੈਂ ਜਦੋਂ ਵੀ ਕਵਿਤਾ ਬਾਰੇ ਸੋਚਦੀ ਹਾਂ ਤਾਂ ਕਿਤਾਬਾਂ ਦੀਆਂ ਵਲਗਣਾਂ ਚ ਕ਼ੈਦ ਕਵਿਤਾ ਬਾਰੇ ਨਹੀਂ ਸੋਚਦੀ, ਮੈਂ ਪੀੜ੍ਹੀ-ਦਰ-ਪੀੜ੍ਹੀ, ਆਮ ਲੋਕਾਂ ਦੁਆਰਾ ਰਚੀ ਜਾਂਦੀ ਜ਼ਿੰਦਗੀ ਦੀ ਕਵਿਤਾ ਬਾਰੇ ਸੋਚਦੀ ਹਾਂ ਜੋ ਬੱਚਿਆਂ ਵਾਂਗ ਨਟਖਟ ਵੀ ਹੈ, ਜਵਾਨਾਂ ਵਾਂਗ ਜੋਸ਼ੀਲੀ ਵੀ ਤੇ ਬਜ਼ੁਰਗਾਂ ਵਾਲ਼ਾ ਤਜੁਰਬਾ ਵੀ ਰੱਖਦੀ ਹੈ ਇਸ ਸਭ ਮੈਨੂੰ ਡਾ: ਲੋਕ ਰਾਜ ਜੀ ਦੀ ਕਵਿਤਾ ਵਿਚ ਨਜ਼ਰ ਆਇਆ ਹੈ। ਉਹਨਾਂ ਦੀ ਨਜ਼ਮ ਸਰਲ ਵੀ ਹੈ ਤੇ ਉਸ ਵਿਚ ਅੰਤਾਂ ਦੀ ਰਵਾਨੀ ਵੀ ਹੈ....ਜਾਂ ਇੰਝ ਆਖ ਲਈਏ ਕਿ ਉਹ ਟਿਕੀ ਚਾਨਣੀ ਵਿਚ ਚੀਲ੍ਹ ਦੇ ਦਰੱਖਤ ਚੋਂ ਲੰਘਦੀ ਸਰਰ-ਸਰਰ ਕਰਦੀ ਖ਼ੁਸ਼ਬੋਈ ਪੌਣ ਜਿਹੀ ਹੈ। ਮੈਨੂੰ ਇਹ ਲਿਖਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਫੇਸਬੁੱਕ ਤੇ ਚਲਦੇ ਆਰਸੀ ਸਾਹਿਤਕ ਕਲੱਬ ਦੇ ਕੋ-ਐਡਮਿਨ ਵੀ ਨੇ।
-----


ਡਾ: ਸਾਹਿਬ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਸ਼ੁਕਰੀਆ ਅਦਾ ਕਰਦਿਆਂ ਇਹਨਾਂ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਮੁਆਫ਼ੀ ਚਾਹੁੰਦੀ ਹਾਂ ਕਿ ਉਹਨਾਂ ਦੀ ਹਾਜ਼ਰੀ ਲੱਗਣ ਚ ਏਨੀ ਦੇਰ ਹੋ ਗਈ ਹੈ ਕਿਉਂਕਿ ਡਾ: ਸਾਹਿਬ ਦੀਆਂ ਰਚਨਾਵਾਂ ਵੀ ਪਿਛਲੇ ਸਾਲ ਦੀਆਂ ਮੇਰੇ ਇਨ-ਬੌਕਸ ਆਈਆਂ ਪਈਆਂ ਸਨ,, ਬਲੌਗ ਅਪਡੇਟ ਹੁਣ ਹੋਣ ਲੱਗਿਆ ਹੈ। ਆਸ ਹੈ ਕਿ ਉਹ ਭਵਿੱਖ ਵਿਚ ਵੀ ਆਪਣੀਆਂ ਲਿਖਤਾਂ ਨਾਲ਼ ਹਾਜ਼ਰੀ ਲਵਾਉਂਦੇ ਅਤੇ ਧੰਨਵਾਦੀ ਬਣਾਉਂਦੇ ਰਹਿਣਗੇ। ਸ਼ੁਕਰੀਆ ਜੀ।


ਅਦਬ ਸਹਿਤ


ਤਨਦੀਪ ਤਮੰਨਾ


*****


ਗ਼ਜ਼ਲ


ਮੈਂ ਤੇ ਮੈਂ ਦੇ ਵਿਚ-ਵਿਚਾਲ਼ੇ ਇਹ ਕੀ ਆਇਆ ਹੈ।


ਬੀਜ ਕਿਸੇ ਸੁਫ਼ਨੇ ਦਾ ਜਾਂ ਲੇਖਾਂ ਦਾ ਸਾਇਆ ਹੈ



ਅਪਣੇ ਆਪ ਨੂੰ ਲੱਭਣ ਤੁਰਿਆ, ਹੋਰ ਗਵਾਚਾ ਹੈ,


ਬੰਦਾ ਜਦ ਵੀ ਅਪਣੇ ਆਪ ਦੇ ਸਨਮੁਖ ਆਇਆ ਹੈ।



ਹੁਣ ਕਿਓਂ ਆਖੇ ਡਰ ਲੱਗਦਾ ਹੈ ਘੁੱਪ ਹਨੇਰੇ ਤੋਂ,


ਜਿਸ ਨੇ ਹਰ ਇੱਕ ਬਲ਼ਦਾ ਦੀਵਾ ਆਪ ਬੁਝਾਇਆ ਹੈ



ਇੱਕ ਰੁਖ ਦੇਵੇ ਛਾਵਾਂ, ਦੂਜਾ ਕੰਡੇ ਰਾਹਵਾਂ ਦੇ,


ਕੁਦਰਤ ਦਾ ਇਹ ਲੇਖਾ ਜੋਖਾ ਸਮਝ ਨਾ ਆਇਆ ਹੈ।



ਕਦੇ ਕਦੇ ਕੁਝ ਸੁਫ਼ਨੇ ਵਰਗਾ ਕੋਲੋਂ ਲੰਘ ਜਾਵੇ ,


ਰੱਬਾ ਦੱਸ ਹਕੀਕਤ ਹੈ ਜਾਂ ਇਹ ਵੀ ਮਾਇਆ ਹੈ


=====
ਗ਼ਜ਼ਲ


ਜਦ ਤੋਂ ਜੁੜਿਆ ਸੰਗ ਅਸਾਡਾ ਰਾਹਵਾਂ ਨਾਲ਼।


ਕਾਨਾਫੂਸੀ ਕਰਦੇ ਲੋਕ ਹਵਾਵਾਂ ਨਾਲ਼।



ਕੀਕਣ ਰਹਿ ਸਕਦੇ ਹਾਂ ਖੜ੍ਹੇ ਕਿਨਾਰੇ ਤੇ,


ਯਾਰੀ ਲਾ ਕੇ ਸ਼ੂਕਦਿਆਂ ਦਰਿਆਵਾਂ ਨਾਲ਼।



ਕਿਹੜੀ ਜੰਗਜੂ ਕੌਮ ਦੀ ਨੀਂਹ ਨੇ ਇਹ ਬੱਚੇ,


ਰੋਟੀ ਖ਼ਾਤਿਰ ਲੜਦੇ ਕੁੱਤਿਆਂ ਕਾਵਾਂ ਨਾਲ਼।



ਗ਼ਜ਼ਲ, ਰੁਬਾਈ, ਕਵਿਤਾ ਰੂਹ ਦਾ ਚੋਗਾ ਨੇ,


ਢਿੱਡ ਨਹੀਂ ਭਰਦਾ ਕੋਈ ਕਦੇ ਕਲਾਵਾਂ ਨਾਲ਼।



ਇਨ੍ਹਾਂ ਆਖ਼ਿਰ ਗਲ਼ ਵੱਲ ਨੂੰ ਹੀ ਆਉਣਾ ਹੈ,


ਯਾਰੋ ਕਾਹਦਾ ਰੋਸਾ ਭੱਜੀਆਂ ਬਾਹਵਾਂ ਨਾਲ਼।



ਕੱਲਾ ਇੰਜ ਨਿਆਈਂ ਮੌਤੇ ਮਰਦਾ ਨਾ,


ਤੁਰਦਾ ਜੇਕਰ ਮੋਢਾ ਜੋੜ ਭਰਾਵਾਂ ਨਾਲ਼।



ਹੁਕਮ-ਅਦੂਲੀ ਦੀਵਾਨੇ ਦੀ ਫਿਤਰਤ ਹੈ,


ਆਦੀ ਮੁਜਰਿਮ ਸੁਧਰੇ ਕਦੋਂ ਸਜ਼ਾਵਾਂ ਨਾਲ਼।


====
ਗ਼ਜ਼ਲ


ਸਿਖਰ ਦੁਪਿਹਰੇ ਹੀ ਢਲ਼ ਜਾਂਦਾ ਹੈ ਜਿਸ ਦਾ ਪਰਛਾਵਾਂ।


ਕੌਣ ਮੁਸਾਫ਼ਿਰ ਬਹਿ ਕੇ ਮਾਣੇ ਐਸੇ ਰੁਖ ਦੀਆਂ ਛਾਵਾਂ।



ਦੁੱਧੋਂ ਤੋੜ ਕੇ ਕਿਸ ਚੰਦਰੇ ਦਿਨ ਪੁਤ ਪਰਦੇਸੀਂ ਭੇਜੇ,


ਅਜੇ ਤੀਕ ਵੀ ਦਹਿਲੀਜ਼ਾਂ ਤੇ ਬੈਠ ਉਡੀਕਣ ਮਾਵਾਂ



ਪੁਰਾ, ਪਹਾੜ, ਪੱਛੋਂ ਜਾਂ ਦੱਖਣ ਫਰਕ ਨਾ ਕੋਈ ਦਿੱਸੇ,


ਚਹੁੰ ਕੂਟਾਂ ਤੋਂ ਅੱਜ ਕਲ੍ਹ ਏਥੇ ਚੱਲਣ ਗਰਮ ਹਵਾਵਾਂ।



ਗੁਜ਼ਰੇ ਸਨ ਅਣਗਿਣਤ ਕਾਫ਼ਲੇ ਜੋ ਆਸਾਂ ਦੀ ਰੁੱਤੇ,


ਕਦਮਾਂ ਦੇ ਸਭ ਚਿੰਨ੍ਹ ਤੀਕਰ ਵੀ ਨਿਗਲ਼ ਚੁੱਕੀਆਂ ਰਾਹਵਾਂ



ਕੁਝ ਯਾਦਾਂ ਤੇ ਕੁਝ ਸੁਫ਼ਨੇ ਨੇ, ਕੁਝ ਭਟਕਣ ਹੈ ਪੱਲੇ,


ਅੱਜ ਕਲ ਸਾਨੂੰ ਯਾਦ ਨਹੀਂ ਹੈ ਅਪਣਾ ਹੀ ਸਿਰਨਾਵਾਂ।



ਗੈਰਾਂ ਦੇ ਸਿਰ ਦੂਸ਼ਣ ਕੋਈ ਐਵੇਂ ਕਾਹਨੂੰ ਧਰੀਏ,


ਅਪਣੇ ਧੜ ਤੋਂ ਟੁੱਟੀਆਂ ਨੇ ਜਦ ਆਪਣੀਆਂ ਹੀ ਬਾਹਵਾਂ।



ਨਾ ਤੀਰਾਂ ਨੇ ਸਾਥ ਨਿਭਾਇਆ ਨਾ ਬੱਕੀ ਕੰਮ ਆਈ,


ਹਰ ਯੁਗ ਅੰਦਰ ਮਰਿਆ ਯਾਰੋ ਮਿਰਜ਼ਾ ਬਾਝ ਭਰਾਵਾਂ।


=====
ਗ਼ਜ਼ਲ
ਕਿਤੇ ਹੋਠਾਂ ਦੀ ਨਰਮਾਈ, ਕਿਤੇ ਜੁਲਫ਼ਾਂ ਦੀ ਛਾਂ ਮਿਲ਼ਦੀ।


ਸਿਤਮ ਕੇਹਾ ਹੈ ਯਾ ਰੱਬ ਇਹ ਕਿ ਹਰ ਨੇਮਤ ਕੁਥਾਂ ਮਿਲ਼ਦੀ



ਮ੍ਰਿਗ ਤ੍ਰਿਸ਼ਨਾ ਦੇ ਵਾਂਗੂੰ ਹੈ ਹਰਿਕ ਹਸਰਤ ਦੀ ਪਰਛਾਈ,


ਤੇ ਜਿੰਨਾ ਨੇੜ ਜਾਈਏ ਓਸ ਦੇ, ਓਨੀ ਪਰ੍ਹਾਂ ਮਿਲ਼ਦੀ।



ਬੜਾ ਹੀ ਗਿੜਗਿੜਾਉਂਦੇ ਹਾਂ ਜਿਨ੍ਹਾਂ ਸਾਹਵੇਂ ਦਿਨੇ ਰਾਤੀਂ,


ਖਰੇ ਕੀ ਆਖਦੇ ਪੱਥਰ ਜੇ ਪੱਥਰਾਂ ਨੂੰ ਜ਼ੁਬਾਂ ਮਿਲ਼ਦੀ



ਕਦੇ ਕਈ ਮੀਤ ਵਿੱਛੜੇ ਇਸ ਤਰ੍ਹਾਂ ਵੀ ਮਿਲ਼ ਹੀ ਜਾਂਦੇ ਨੇ,


ਕਿਸੇ ਪਰਦੇਸ ਭਟਕੇ ਨੂੰ ਜਿਵੇਂ ਅਪਣੀ ਜੁਬਾਂ ਮਿਲ਼ਦੀ।



ਮਿਲ਼ੀ ਹੈ ਜ਼ਿੰਦਗੀ ਸਾਨੂੰ ਡਕੈਤਾਂ ਦੀ ਤਰ੍ਹਾਂ ਯਾਰੋ!


ਨਾ ਖ਼ਾਲੀ ਹੱਥ ਮੁੜਦੀ ਜੇ ਸਵਾਲੀ ਦੀ ਤਰ੍ਹਾਂ ਮਿਲ਼ਦੀ



5 comments:

AMRIK GHAFIL said...

ਵਾਹ ਜੀ ਵਾਹ .....ਲੋਕ ਰਾਜ ਜੀ ਦੀਆਂ ਬਿਹਤਰੀਨ ਗ਼ਜ਼ਲਾਂ ਹਨ....ਬਾਕਮਾਲ....,ਸਾਂਝੀਆਂ ਕਰਨ ਲਈ ਬਹੁਤ ਸ਼ੁਕਰੀਆ.... ਲੋਕ ਰਾਜ ਅਤੇ ਤਨਦੀਪ ਜੀ ਨੂੰ ਆਰਸੀ ਦੀ ਇਸ ਪੋਸਟ ਲਈ ਮੁਬਾਰਕਾਂ...

ਤਨਦੀਪ 'ਤਮੰਨਾ' said...

Raj Lally Sharma - ਹੁਣ ਕਿਓਂ ਆਖੇ ਡਰ ਲਗਦਾ ਹੈ ਘੁੱਪ ਹਨੇਰੇ ਤੋਂ
ਜਿਸ ਨੇ ਹਰ ਇਕ ਦੀਵਾ ਬਲਦਾ ਆਪ ਬੁਝਾਇਆ ਹੈ !! ਵਾਹ
ਲੋਕ ਰਾਜ ਜੀ !! ਸਾਰੀਆਂ ਹੀ ਗਜ਼ਲਾਂ ਬਾ-ਕਮਾਲ ਨੇ ਜੀ !!THANKS A LOT !
8 hours ago · Unlike · 1

ਤਨਦੀਪ 'ਤਮੰਨਾ' said...

Paramjit Chumber - Bahut khoobsurat sarian gazlan....mubarkan Lok Raj ji.....
7 hours ago · Unlike · 1

ਤਨਦੀਪ 'ਤਮੰਨਾ' said...

Jaggi Johal - ਸਾਰੀਆਂ ਗਜ਼ਲਾਂ ਬਹੁਤ ਖੂਬ ਹਨ, ਖ਼ਿਆਲਾਂ ਦਾ ਬਹੁਤ ਸੋਹਣਾ ਨਿਭਾਅ ਕੀਤਾ ਗਿਆ ਹੈ......
22 hours ago · Unlike · 1

Rajinderjeet said...

Dr Lok Raj huran baare tuhade likhe shabad ikdam sahi ne Tandeep, He is a wonderful personality. I enjoyed his ghazals..