********
( ਜਨਾਬ ਉਲਫ਼ਤ ਬਾਜਵਾ ਸਾਹਿਬ ਦੀ ਜ਼ਮੀਨ ’ਤੇ ਕਹੀ ਗ਼ਜ਼ਲ )
ਗ਼ਜ਼ਲ
ਰਾਗ ਪਰੀਆਂ ਨੇ ਗਾਇਆ ਲਗਦਾ ਹੈ।
ਮੇਰਾ ਮਹਿਬੂਬ ਆਇਆ ਲਗਦਾ ਹੈ।
ਹੁਣ ਨਾ ਕੋਈ ਪਰਾਇਆ ਲਗਦਾ ਹੈ।
ਮਨ ਫ਼ਕੀਰੀ ’ਚ ਆਇਆ ਲਗਦਾ ਹੈ।
ਉਹ ਤਾਂ ਮਿਲਦਾ ਹੈ ਸਭ ਨੂੰ ਹੱਸ-ਹੱਸ ਕੇ,
ਦਰਦ ਉਸ ਨੇ ਛੁਪਾਇਆ ਲਗਦਾ ਹੈ।
ਦਿਲ ਦੇ ਪੰਛੀ ਤੂੰ ਸੰਭਲ ਕੇ ਉੱਡੀਂ,
ਜਾਲ਼ ਥਾਂ-ਥਾਂ ਵਿਛਾਇਆ ਲਗਦਾ ਹੈ ।
ਸਾਡਾ ਸੂਰਜ ਨਹੀਂ ਹੈ ਥਾਂ ਅਪਣੀ ,
ਇਹ ਕਿਸੇ ਨੇ ਹਿਲਾਇਆ ਲਗਦਾ ਹੈ।
ਜਿਸ ’ਚ ਅਪਣੱਤ ਮਰ ਗਈ ਹੋਵੇ ,
ਉਸ ਨੂੰ ਆਲਮ ਪਰਾਇਆ ਲਗਦਾ ਹੈ ।
ਮੇਰੀ ਸੁਣ ਕੇ ਉਹ ਦਾਸਤਾਂ ਬੋਲੇ ,
ਕਿੱਸਾ ਸੁਣਿਆ-ਸੁਣਾਇਆ ਲਗਦਾ ਹੈ।
ਜਾਹ ! ਛੁਪਾ ਲੈ ਤੂੰ ਮੇਰੀਆਂ ਯਾਦਾਂ ਨੂੰ ,
ਕੋਈ ਬੂਹੇ ’ਤੇ ਆਇਆ ਲਗਦਾ ਹੈ ।
ਮੁਸਕੁਰਾਉਂਦਾ ਹੈ ਆ ਰਿਹਾ ਕ਼ਾਸਿਦ ,
ਖ਼ਤ ਮੁਹੱਬਤ ਦਾ ਆਇਆ ਲਗਦਾ ਹੈ।
ਦਿਲ ਦਾ ਪੰਛੀ ਅਜੀਬ ਹੈ ਪੰਛੀ ,
ਇਹ ਹਮੇਸ਼ਾ ਤਿਹਾਇਆ ਲਗਦਾ ਹੈ ।
ਸਾਰੇ ਫੁੱਲਾਂ ਦੀ ਝੁਕ ਗਈ ਗਰਦਨ ,
ਮੇਰਾ ਮਹਿਬੂਬ ਆਇਆ ਲਗਦਾ ਹੈ।
ਇਸ ’ਚ ਮੇਰੇ ਨਸ਼ੇ ਦਾ ਦੋਸ਼ ਨਹੀਓਂ,
ਰਾਹ ਨੇ ਘਰ ਭੁਲਾਇਆ ਲਗਦਾ ਹੈ।
ਤੇਰੀ ਨਗਰੀ ’ਚ ਮਸਤ ਨਜ਼ਰਾਂ ਨੇ ,
ਜਾਲ ਥਾਂ-ਥਾਂ ਵਿਛਾਇਆ ਲਗਦਾ ਹੈ।
ਤੈਨੂੰ ਭੁੱਲਿਆ ਨਹੀਂ ਹਾਂ ‘ਇਕਵਿੰਦਰ’,
ਤੂੰ ਤਾਂ ਭਾਵੇਂ ਭੁਲਾਇਆ ਲਗਦਾ ਹੈ ।
3 comments:
ਹੁਣ ਨਾ ਕੋਈ ਪਰਾਇਆ ਲਗਦਾ ਹੈ .
ਮਨ ਫਕੀਰੀ 'ਚ ਆਇਆ ਲਗਦਾ ਹੈ !!
ਵਾਹ !!! ਇਸ ਸ਼ਿਅਰ ਬ ਕਮਾਲ ਹੈ !!!
ਧੰਨਵਾਦ
Kamal Pall -------
ਉਹ ਤਾਂ ਮਿਲਦਾ ਹੈ ਸਭ ਨੂੰ ਹੱਸ-ਹੱਸ ਕੇ ,
ਦਰਦ ਉਸਨੇ ਛੁਪਾਇਆ ਲਗਦਾ ਹੈ |
ਜਿਸ 'ਚ ਅਪਣੱਤ ਮਰ ਗਈ ਹੋਵੇ ,
ਉਸਨੂੰ ਆਲਮ ਪਰਾਇਆ ਲਗਦਾ ਹੈ |
-------
ਵਾਹ ਇਕਵਿੰਦਰ ਜੀ ..pall
9 hours ago · Unlike · 1
ਵਾਹ ਜੀ ਵਾਹ...ਕਿਆ ਬਾਤ ਹੈ ਇਕਵਿੰਦਰ ਜੀ ....ਖ਼ੂਬਸੂਰਤ ਨਿਭਾਇਆ ਹੈ...ਇਸ ਜ਼ਮੀਨ ਨੂੰ ਤੁਸੀ...ਖ਼ੂਬਸੂਰਤ ਗ਼ਜ਼ਲ ਲਈ ਮੁਬਾਰਕਾਂ ਜੀ....
Post a Comment