*****
ਵਿਕਾਊ ਵਸਤਾਂ
ਨਜ਼ਮ
ਜਿਹੜੇ ਮੁਲਕੀਂ ਤੂੰ ਚੱਲ ਆਇਐਂ,
ਏਥੇ ਸਾਰੇ ਰੰਗ ਵਿਕਦੇ ਨੇ।
ਅਮਨ ਦੀਆਂ ਗੱਲਾਂ ਤੂੰ ਸੁਣਦੈਂ,
ਪਰ ਤੋਪਾਂ ਤੇ ਬੰਬ ਵਿਕਦੇ ਨੇ।
ਕਲਾ ਕਿਰਤ ਦਾ ਵੀ ਮੁੱਲ ਪੈਂਦੈ,
ਮੁੱਲ ਪੈਂਦਾ ਕੁਝ ਮਿਹਨਤ ਦਾ ਵੀ,
ਹਰ ਪਾਸੇ ਤਕਨੀਕ ਦਾ ਰੌਲ਼ਾ,
ਤੌਰ ਤਰੀਕੇ ਢੰਗ ਵਿਕਦੇ ਨੇ।
ਮਹਿਕ ਵਿਹੂਣੇ ਲੋਕਾਂ ਨੂੰ ਕੋਈ
ਕੀ ਆਖੇ ਤੇ ਕਿੰਜ ਸਮਝਾਵੇ,
ਹਾਸੇ ਦੀ ਮੁਸਕਾਨ ਐ ਫ਼ਿੱਕੀ,
ਫ਼ਿੱਕੇ-ਖਾਰੇ ਹੰਝ ਵਿਕਦੇ ਨੇ।
ਧਰਤੀ ’ਤੇ ਜੋ ਤੁਰਿਆ ਜਾਂਦਾ,
ਉਹ ਵੀ ਸੁਣਦਾ ਉੱਚੀਆਂ ‘ਵਾਜਾਂ,
ਊਠ ’ਤੇ ਚੜ੍ਹਿਆ ਰੌਲ਼ਾ ਪਾਉਂਦੈ,
ਕਹਿੰਦਾ ਲੈ ਲਉ ਵੰਝ ਵਿਕਦੇ ਨੇ।
ਕੱਛੇ ਮਾਰ ਬਾਰੂਦ ਦੀ ਗੰਢੜੀ,
ਢੂੰਡਣ ਤੁਰਿਆ ਨਵੀਆਂ ਮੰਡੀਆਂ,
ਵਿਸ਼ਵੀਕਰਣ ਦਾ ਪਿੰਡ ਬਣਾ ਲਿਆ,
ਹੁਣ ਸਾਰੇ ਹੀ ਸੰਦ ਵਿਕਦੇ ਨੇ।
ਪਰਿਵਾਰਾਂ ਦੀਆਂ ਟੁੱਟਦੀਆਂ ਤੰਦਾਂ,
ਮੋਹ ਦਾ ਨਾਮ ਨਿਸ਼ਾਨ ਮਿਟ ਰਿਹਾ,
ਇਹ ਰਾਹ ਦੱਸ ਕਿਹੜੇ ਥਾਂ ਜਾਣਾ,
ਹੁਣ ਸਾਰੇ ਹੀ ਪੰਧ ਵਿਕਦੇ ਨੇ।
ਕਿੱਥੋਂ ਤੱਕ ਨਿੱਘਰੇਗਾ ਬੰਦਾ,
ਕਿਧਰੇ ਵੀ ਕੋਈ ਅੰਤ ਦਿਸੇ ਨਾ,
ਤਾਣੀ ਦੀ ਤਾਂ ਗੱਲ ਹੀ ਛੱਡ ਦੇ,
ਏਥੇ ਤਾਂ ਹੁਣ ਤੰਦ ਵਿਕਦੇ ਨੇ।
ਹੁਣ ਤਾਂ ਵੈਰ ਹਵਾਵਾਂ ਨਾਲ਼ ਹੈ,
ਸਾਰਾ ਬ੍ਰਹਿਮੰਡ ਕਾਲ਼ਾ ਕੀਤਾ,
ਉਡਦੀਆਂ ਡਾਰਾਂ ਨੂੰ ਲਾਹ ਲੈਂਦੇ,
ਗਲ਼ੀ ਗਲ਼ੀ ਫੇਰ ਖੰਭ ਵਿਕਦੇ ਨੇ।
2 comments:
Bahut Khoobsoorat nazam...
ਦੇਰ ਬਾਦ ਵਧੀਆ ਕਵਿਤਾ ਪੜ੍ਹੀ ਹੈ ਮੁਬਾਰਕ !
Post a Comment