ਬੱਦਲ
ਨਜ਼ਮ
ਮੈਂ ਦੇਖਿਆ ਹੈ
ਭਰ ਜਾਣ ਪਿੱਛੋਂ
ਬੱਦਲ ਦਾ
ਸਹਿਕਦੇ ਥਲਾਂ ‘ਤੇ
ਵਰਸਣਾ…
ਭਰੇ-ਭੁੱਕੰਨੇ…ਖੌਰੂ ਪਾਉਂਦੇ ਬੱਦਲ ਨੂੰ
ਦੇਖਿਐ ਮੈਂ,
ਸਹਿਕਦੇ ਥਲਾਂ ‘ਤੋਂ
ਬੇਖ਼ਬਰ ਲੰਘ ਜਾਣਾ…
ਮੈਂ ਦੇਖਿਆ ਹੈ
ਸੱਖਣੇ ਬੱਦਲ ਨੂੰ
ਝੋਲ਼ੀ ਆਪਣੀ ਭਰਨ ਲਈ
ਸਾਗਰ ਵੱਲ ਜਾਂਦਿਆਂ…
ਘਾਹ ’ਤੇ
ਲੇਟਿਆਂ
ਮੈਂ ਦੇਖਿਐ
ਬੱਦਲ ਨੂੰ
ਬਹੁਤ ਸਜਿਹੇ…
…ਰੂਪ ਆਪਣਾ ਵਟਾਉਂਦਿਆਂ!
====
ਕੌਣ ਹੈ ਉਹ?
ਨਜ਼ਮ
ਮਨ 'ਚ ਆਉਂਦੇ
ਕਿੰਨੇ ਜੁਆਰਭਾਟੇ…
ਤੇ ਗੋਤੇ ਖਾ ਰਿਹਾ ਹਾਂ ਮੈਂ…
ਹਾਂ!
…ਮੈਂ ਖਾ ਰਿਹੈਂ ਗੋਤੇ…
ਜਜ਼ਬਿਆਂ ਦਾ ਸ਼ੋਰ ਹੈ ਇਸ ਕਦਰ ਹਾਵੀ
ਕਿ ਮੁਖ਼ਾਤਿਬ ਖ਼ੁਦ ਨੂੰ ਹੋਇਆਂ ਵੀ
ਕੁਝ ਨਹੀਂ ਦੇਂਦਾ ਸੁਣਾਈ…
ਕੇਹਾ ਤਿਲਿਸਮ ਹੈ ਤਾਰੀ
ਕਿ ਬਿਨ ਬੀਜਿਆਂ
ਕਦੇ ਉੱਗ ਆਉਣ ਸੁਪਨੇ…
…ਕਦੇ ਬੱਸ ਮ੍ਰਿਗ ਤ੍ਰਿਸ਼ਨਾ ਸਾਰੀ ਦੀ ਸਾਰੀ!
ਉਹ ਕੌਣ ਹੈ ਜੋ ਮੇਰਾ ਚੈਨ ਚੁਰਾ ਰਿਹੈ?
ਕੌਣ ਹੈ ਉਹ?
ਉਹ ਹੈ ਕੌਣ??
No comments:
Post a Comment