ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, September 19, 2012

ਰਾਣਾ ਰਣਬੀਰ - ਆਰਸੀ 'ਤੇ ਖ਼ੁਸ਼ਆਮਦੇਦ - ਨਜ਼ਮਾਂ



ਆਰਸੀ 'ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਰਾਣਾ ਰਣਬੀਰ
ਅਜੋਕਾ ਨਿਵਾਸ:  ਪਟਿਆਲਾ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ ਕਿਣ ਮਿਣ ਤਿੱਪ ਤਿੱਪ ( 2012 ) ਪ੍ਰਕਾਸ਼ਿਤ ਹੋ ਚੁੱਕਿਆ ਹੈ।
------
ਦੋਸਤੋ! ਉੱਘੇ ਰੰਗ ਕਰਮੀ, ਕਮੀਡੀਅਨ, ਲੇਖਕ ਅਤੇ ਫਿਲਮ ਅਭਿਨੇਤਾ ਰਾਣਾ ਰਣਬੀਰ ਜੀ ਸਾਹਿਤ ਨਾਲ਼ ਕਾਲੇਜ ਦੇ ਸਮੇਂ ( 1989 ਤੋਂ ) ਜੁੜੇ ਹੋਏ ਹਨ। ਉਹ ਰੰਗਮੰਚ  ਨਾਲ਼ ਵੀ 1989 1997 ਤੱਕ ਸਰਗਰਮੀ ਨਾਲ਼ ਜੁੜੇ ਰਹੇ । ਉਹਨਾਂ ਨੇ ਮਾਸਟਰਜ਼ ਦੀ ਡਿਗਰੀ ਵੀ ਥੀਏਟਰ ਅਤੇ ਟੈਲੀਵਿਜ਼ਨ ਵਿਸ਼ੇ ਚ ਪਟਿਆਲਾ ਯੂਨੀਵਰਸਿਟੀ ਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਕੀਤੀ। ਕਾਲੇਜ ਸਮੇਂ ਸਾਹਿਤਕ ਮੈਗਜ਼ੀਨ ਦੇ ਐਡੀਟਰ ਵੀ ਰਹੇ। ਹੁਣ ਤੱਕ 36-37 ਫਿਲਮਾਂ ਚ ਅਭਿਨੈ ਕਰ ਚੁੱਕੇ ਹਨ ਜਿਨ੍ਹਾਂ ਚ ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ, ਮੇਰਾ ਪਿੰਡ ਮਾਈ ਹੋਮ, ਹਸ਼ਰ, ਛੇਵਾਂ ਦਰਿਆ, ਮਹਿੰਦੀ ਵਾਲ਼ੇ ਹੱਥ, ਮੁੰਡੇ ਯੂ ਕੇ ਦੇ, ਜੱਟ ਐਂਡ ਜੂਲੀਅਟ, ਕੈਰੀ ਆੱਨ ਜੱਟਾ ਅਤੇ ਅੱਜ ਦੇ ਰਾਂਝੇ ਪ੍ਰਮੁੱਖ ਹਨ। ਮੁੰਡੇ ਯੂ ਕੇ ਦੇ, ਇਕ ਕੁੜੀ ਪੰਜਾਬ ਦੀ, ਕਬੱਡੀ ਇਕ ਮੁਹੱਬਤ, ਅੱਜ ਦੇ ਰਾਂਝੇ ਦੇ ਸੰਵਾਦ ਵੀ ਲਿਖੇ ਹਨ।  ਰਣਬੀਰ ਜੀ ਦੀ ਕੈਨੇਡਾ ਫੇਰੀ ਦੌਰਾਨ ਅਗਸਤ 8, 2012 ਨੂੰ ਪੰਜਾਬੀ ਆਰਸੀ ਰਾਈਟਰਜ਼ ਕਲੱਬ ਇੰਟਰ. ਸਰੀ, ਕੈਨੇਡਾ ਵੱਲੋਂ ਮਹਿਕ ਰੈਸਟੋਰੈਂਟ ਵਿਚ ਉਹਨਾਂ ਨਾਲ਼ ਇਕ ਡਿਨਰ ਰੂ-ਬ-ਰੂ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ ਸੀ, ਜੋ ਬਹੁਤ ਸਫ਼ਲ ਅਤੇ ਯਾਦਗਾਰੀ ਹੋ ਨਿੱਬੜਿਆ ਸੀ। ਅੱਜ ਉਹਨਾਂ ਨੇ ਆਪਣੇ ਪਲੇਠੇ ਕਾਵਿ-ਸੰਗ੍ਰਹਿ ਚੋਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ ਘੱਲ ਕੇ ਹਾਜ਼ਰੀ ਲਵਾਈ ਹੈ...ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਕਿਣ ਮਿਣ ਤਿੱਪ ਤਿੱਪ ਨੂੰ ਪੰਜਾਬੀ ਅਦਬ ਵਿਚ ਖ਼ੁਸ਼ਆਮਦੇਦ ਆਖਦੀ ਹੋਈ, ਇਹਨਾਂ ਨਜ਼ਮਾਂ ਨੂੰ ਅੱਜ ਦੀ ਪੋਸਟ ਵਿਚ ਸ਼ਾਮਿਲ ਕਰਨ ਦੀ ਖ਼ੁਸ਼ੀ ਹਾਸਿਲ ਕਰ ਰਹੀ ਹਾਂ.....ਤੁਹਾਡੇ ਪ੍ਰਤੀਕਰਮਾਂ ਦਾ ਇੰਤਜ਼ਾਰ ਰਹੇਗਾ....ਬਹੁਤ-ਬਹੁਤ ਸ਼ੁਕਰੀਆ...ਤਨਦੀਪ
======
ਤੂੰ ਕਿਤੇ ਵੀ ਹੋਂਵੇ
 ਨਜ਼ਮ
ਸਭ ਹਾਜ਼ਿਰ ਨੇ
ਸਾਹ
ਅਰਮਾਨ
ਸੁਪਨਿਆਂ ਦਾ ਸਾਈਕ
ਮੰਚ
ਰੰਗਮੰਚ
ਸੰਵਾਦ ਰਚਾਉਂਦੇ ਰਾਹ
ਸਿਰਫ ਤੂੰ ਗ਼ੈਰਹਾਜ਼ਿਰ ਏਂ
ਪਰ
ਤੂੰ ਹੈਂ ਜ਼ਰੂਰ
ਤੇਰੀ ਹਾਜ਼ਰੀ ਸਿਰਜੇਗੀ
ਇਹਨਾਂ ਹਾਜ਼ਿਰ ਹਮਰਾਹੀਆਂ 'ਚੋਂ
ਜ਼ਿੰਦਗੀ
ਤੂੰ .......
ਤੂੰ ਕਿਤੇ ਵੀ ਹੋਵੇਂ ਹੈਂ ਜ਼ਰੂਰ
ਮੈਂ ਪਹੁੰਚ ਹੀ ਜਾਂਵਾਗਾ ਤੇਰੇ ਤੱਕ
ਸਫ਼ਰ ਕਰਦਾ ਕਰਦਾ
ਮੈ........
ਮੈਂ ਪਾ ਹੀ ਲਵਾਂਗਾ ਤੈਨੂੰ
ਮੈਂ ਧਰਤੀ
ਤੂੰ ਬੱਦਲ
ਬੱਦਲਾਂ ਦਾ ਪਾਣੀ ਧਰਤੀ ਤੇ ਹੀ ਵਰ੍ਹੇਗਾ
ਧਰਤੀ ਤੋਂ ਬਿਨਾਂ ਕਿਸ ਨੂੰ ਸਿੱਲ੍ਹਾ ਕਰੇਗਾ
ਪਤਾਲ ਨੂੰ?
ਪਤਾਲ 'ਚ ਮੇਰਾ ਇਸ਼ਕ਼ ਹੈ
ਤੇ
ਇਸ਼ਕ਼ ਦਾ ਨਿੱਘ ਤੇਰੇ ਤੋਂ ਛੱਡ ਨਹੀਂ ਹੋਣਾ
=====
ਕਿਣ ਮਿਣ
ਨਜ਼ਮ
ਕਿਣ ਮਿਣ ਤਿਪ ਤਿਪ ਮੀਂਹ ਪਿਆ ਵਰ੍ਹਦਾ
ਮਿੱਟੀ ਮਹਿਕ ਖਿੰਡਾਵੇ
ਆ ਲਫ਼ਜ਼ਾਂ ਦੀ ਸੇਜ਼ ਹੰਢਾ ਲੈ
ਗੀਤ ਮੁੱਕ ਨਾ ਜਾਵੇ

ਕਿਣ ਮਿਣ ਤਿਪ ਤਿਪ ਮੀਂਹ ਪਿਆ ਵਰ੍ਹਦਾ
ਲੋਕੀਂ ਪੂਜਣ ਪੀਰਾਂ ਨੂੰ
ਲੈ ਮੇਰੇ ਰੰਗ, ਤੇਰੇ ਹੋਏ
ਰੰਗ ਦੇ ਅੱਜ ਤਸਵੀਰਾਂ ਨੂੰ

ਕਿਣ ਮਿਣ ਤਿਪ ਤਿਪ ਮੀਂਹ ਪਿਆ ਵਰ੍ਹਦਾ
ਹਰ ਬੀਹੀ ਵਿੱਚ ਗੰਗਾ
ਯੋਗ ਸਮਾਧੀ ਪਿਆਰ ਗੂੜ੍ਹੇ ਦੀ
ਬਾਤ ਵਸਲ ਦੀ ਮੰਗਾਂ

ਕਿਣ ਮਿਣ ਤਿਪ ਤਿਪ ਮੀਂਹ ਪਿਆ ਵਰ੍ਹਦਾ
ਚਾੜ੍ਹਾਂ ਮੈਂ ਕੜਾਹੀ
ਤੂੰ ਬਣ ਜਾਈਂ ਕ਼ਲਮ ਕਮਲੀਏ
ਮੈਂ ਬਣ ਜਾਵਾਂ ਸਿਆਹੀ

ਕਿਣ ਮਿਣ ਤਿਪ ਤਿਪ ਮੀਂਹ ਪਿਆ ਵਰ੍ਹਦਾ
ਦੇਹੀ ਵਿੱਚ ਵਿਸਮਾਦ
ਆ ਜਾ ਦੋਂਵੇ ਸਿਫ਼ਰ ਹੋ ਜਾਈਏ
ਕੁਝ ਨਹੀਂ ਸਿਫ਼ਰੋਂ ਬਾਅਦ
=====
ਹੁਨਰ
ਨਜ਼ਮ
ਪਾਂਡੂ ਦੀਏ ਮਿੱਟੀਏ!
ਇੱਟਾਂ ਦੀਆਂ ਕੰਧਾਂ
ਸੰਗਮਰਮਰ ਦੇ ਫ਼ਰਸ਼ਾਂ
ਫਾਨੂਸਾਂ ਅਤੇ ਕਾਰਪੈਟਾਂ ਵਿੱਚ ਘਿਰੀ
ਤੂੰ ਆਪਣੇ ਹੁਨਰ ਦਾ ਕਮਾਲ ਨਹੀਂ ਵਿਖਾ ਸਕਦੀ
ਸਮਝ ਗਈ ਐਂ ਨਾ
ਪਾਂਡੂ ਦੀਏ ਮਿੱਟੀਏ!
=====
ਹਲਫ਼ੀਆ ਬਿਆਨ
 ਨਜ਼ਮ
ਮੈਂ ਕੋਰਾ ਵਰਕ਼ਾ ਨਹੀਂ
ਕਿ ਮੇਰੇ ਤੇ ਜੋ ਚਾਹੋ ਲਿਖ ਦੇਵੋ
ਮੈਨੂੰ ਤੁਸੀਂ ਸੁਣਾ ਸਕਦੇ ਹੋ
ਪੜ੍ਹਾ ਸਕਦੇ ਹੋ
ਪਰ ਮੇਰੇ 'ਤੇ
ਆਪਣੀ ਛਾਪ ਨਹੀਂ ਲਗਾ ਸਕਦੇ
ਕਰਾਂਗਾ ਤਾਂ ਮੈਂ ਉਹੀ
ਜੋ ਮੈਂ ਕਰਨਾ ਚਾਹੁੰਦਾ ਹਾਂ

ਮੈਂ ਸ਼ੁਗਲ ਦੇ ਤੌਰ 'ਤੇ ਤੁਹਾਡੀ ਨਕਲ ਕਰ ਸਕਦਾਂ
ਰਵਾਇਤ ਦੇ ਤੌਰ 'ਤੇ ਹੁੰਗਾਰਾ ਭਰ ਸਕਦਾਂ
ਪਰ ਚੱਲਾਂਗਾ ਆਪਣੀ ਹੀ ਚਾਲ
ਰਹਿੰਦਾ ਮੈਂ ਵੀ ਤੁਹਾਡੇ ਵਾਂਗ ਧਰਤੀ 'ਤੇ ਹੀ ਹਾਂ
ਪਰ ਮੇਰੇ ਲਈ ਜ਼ਿੰਦਗੀ ਦੇ ਅਰਥ ਕੁਝ ਹੋਰ ਨੇ
ਮੈਂ ਨਾ ਤਾਂ ਬਿਰਖ਼
ਨਾ ਸੱਤਵਾਂ ਸੁਰ
ਨਾ ਹੀ ਵਗਦੀ ਹਵਾ ਦਾ ਝੌਂਕਾ ਹਾਂ
ਨਾ ਵਰਖਾ ਹਾਂ ਨਾ ਸੋਕਾ ਹਾਂ
ਤੇ ਨਾ ਹੀ ਕੋਈ ਹੋਰ ਬਿੰਬ ਜਾਂ ਪ੍ਰਤੀਕ
ਮੈਂ ਤਾਂ ਆਪੇ ਨਾਲ ਰਲ਼ਿਆ
ਬੰਦੇ ਦਾ ਅਸਲ ਹਾਂ
ਮੇਰੀ ਕਵਿਤਾ ਅੰਬਰਾਂ ਦਾ ਬੱਦਲ ਨਹੀਂ
ਸਗੋਂ ਧਰਤੀ ਦੀ ਹੀ ਚੀਜ਼ ਹੋਵੇਗੀ
ਬੱਦਲ ਕਦੇ ਮੈਂ ਛੋਹ ਕੇ ਨਹੀਂ ਵੇਖੇ
ਧਰਤੀ ਨੂੰ ਮੈਂ ਹੰਢਾ ਰਿਹਾਂ...
====
ਆਹਟ
ਨਜ਼ਮ
ਤੈਨੂੰ ਲੈ ਕੇ
ਆਹਟ ਤਾਂ ਹੁਣ ਵੀ ਹੁੰਦੀ ਹੈ
ਭੁਲੇਖੇ ਤਾਂ ਹੁਣ ਵੀ ਪੈਂਦੇ ਨੇ
ਮਨ ਨੂੰ
ਉਦਰੇਵਾਂ ਵੀ ਉਵੇਂ ਹੀ ਹੁੰਦਾ ਹੈ
ਜੀਕਣ ਪਹਿਲਾਂ ਹੁੰਦਾ ਸੀ
ਪਰ ਕਿਵੇਂ ਕਹਾਂ
ਹੁਣ..............
ਹੌਂਸਲਾ ਪਹਿਲਾਂ ਜਿਹਾ ਨਹੀਂ ਰਿਹਾ...
======
ਮਨ ਦੀ ਭੰਬੀਰੀ
 ਨਜ਼ਮ
ਮੰਨਣ ਅਤੇ ਇਨਕ਼ਾਰ ਦੀ ਦੁਚਿੱਤੀ '
ਮੈਂ ਆਪਣੇ ਆਪ ਨੂੰ ਮਧੋਲ਼ ਰਿਹਾਂ
ਦਰਦ ਬਹੁਤ ਹੁੰਦੈ ਪਰ ਚੀਖ ਨਹੀਂ ਨਿੱਕਲਦੀ
ਸ਼ਾਇਦ.......
ਹਾਲੇ ਚੀਖਣ ਦੀ ਅਵੱਸਥਾ ਨਹੀਂ

ਹਾਲੇ ਤਾਂ ਪਸਰੀ ਹੋਈ ਹੈ
ਚਿਹਰੇ 'ਤੇ ਸੁੰਨ
ਜਿਸਮ 'ਚ ਬੇਚੈਨੀ
ਬੋਲਾਂ 'ਚ ਅਸਪੱਸ਼ਟਤਾ
ਸੁੰਨ...ਬੇਚੈਨੀ...ਅਸਪੱਸ਼ਟਤਾ ਨੂੰ
ਜਾਂ ਤਾਂ ਮਿਲੇ ਬੇਲਿਹਾਜ਼ੀ ਦਾ ਝਟਕਾ
ਜਾਂ ਮੋਹ ਦੀ ਗਰਮ ਲਹਿਰ
ਤਾਂ ਕਿ ਜਾਂ ਤਾਂ ਚੀਖ ਸਕਾਂ
ਜਾਂ ਫੇਰ ਕਰਾਂ ਕਲੋਲਾਂ... ਮਨ ਆਈਆਂ
ਇਹ ਆਵਾਜ਼ ਹੈ ਮੇਰੇ ਮਨ ਦੀ ਭੰਬੀਰੀ ਦੀ
ਜੋ ਘੁੰਮਣਾ ਚਾਹੁੰਦੀ ਹੈ
ਰੁਕਣਾ ਨਹੀਂ...

2 comments:

ਸੁਰਜੀਤ said...

ਵਾਹ ਬਹੁਤ ਹੀ ਖੂਬਸੂਰਤ ਨਜ਼ਮਾਂ !

ਦਰਸ਼ਨ ਦਰਵੇਸ਼ said...


ਰਾਣਾਂ ਰਣਬੀਰ ਦੀ ਕਵਿਤਾ ਦੇ ਹੰਡਣਸਾਰ ਲਿਬਾਸ ਵਿੱਚ ਲਿਪਟੀ ਹੋਈ ਪੂਰੀ ਕਿਤਾਬ ਪੜ੍ਹਨ ਤੋਂ ਬਾਦ ਇਹੋ ਹੀ ਕਹਿ ਸਕਦਾ ਹਾਂ ਕਿ ਇਹ ਉਸਦੀ ਸ਼ਾਇਰੀ ਦੇ ਸਫ਼ਰ ਦਾ ਦਰਸ਼ਨ ਮਾਤਰ ਨਾਂ ਹੋਕੇ ਕਵਿਤਾ ਅੰਦਰ ਤੈਰਦੀ ਉਸਦੀ ਦਿਲਚਸਪੀ ਦਾ ਸਿਰਜਣਾਤਮਿਕ ਦਸਤਾਵੇਜ਼ ਹੈ ਜਿ
ਸਨੂੰ ਤੁਸੀਂ ਬੇਸ਼ੱਕ ਕਿਧਰੋਂ ਉਧਾਰਾ ਮੰਗ ਕੇ ਲਿਆਉਂਦੇ ਹੋ, ਪਰ ਉਸਦੀ ਅਗਲੇ ਦਰ ਦਸਤਕ ਤੱਕ ਵਿਦਾਈ ਆਪਣੀਂ ਮਰਜ਼ੀ ਨਾਲ਼ ਕਰਦੇ ਹੋ।
ਰਾਣੇਂ ਦਾ ਅੰਦਾਜ਼ ਏ ਬਿਆਂ ਉਸਦੀ ਆਪਣੀਂ ਜ਼ਿੰਦਗੀ ਦੇ ਵਰਤਾਰਾ ਸੰਦਰਭ ਦੇ ਮਖੌਟੇ ਵਿੱਚੋਂ ਉਦੈ ਹੋਇਆ ਹੈ ਜਿਹੜਾ ਸਾਨੂੰ ਕਿੰਨੇ ਹੀ ਸੁਆਲਾਂ ਦੇ ਸਾਹਵੇਂ ਪੇਸ਼ ਕਰਦਾ ਹੈ, ਇਸ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਸੁਆਲਾਂ ਦੇ ਮੱਥੇ ਦੀ ਤਿਊੜੀ ਮਾਪਣ ਲਈ "ਕਿਣ ਮਿਣ ਤਿੱਪ ਤਿੱਪ" ਨੂੰ ਆਪਣੀਂ ਸਫ਼ਾਫ਼ ਨਜ਼ਰ ਦਾ ਹਿੱਸਾ ਜਰੂਰ ਬਣਾਈਏ.. !!!!!