ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, September 7, 2012

ਜਗਜੀਤ ਸੰਧੂ - ਨਜ਼ਮਾਂ



( ਇਹ ਦੋਵੇਂ ਨਜ਼ਮਾਂ ਜਗਜੀਤ ਸੰਧੂ ਹੁਰਾਂ ਦੀ ਪ੍ਰਕਾਸ਼ਨ ਅਧੀਨ ਕਿਤਾਬ ਬਾਰੀ ਕੋਲ਼ ਬੈਠਿਆਂ ਚੋਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ )
ਸੁਧਾਰ ਕਾਲਜ-੧
ਨਜ਼ਮ
ਮੇਰਾ ਮਨ ਕਰਦਾ ਹੈ ਕਿ 
ਇਸ ਥਾਂ ਮੈਂ ਫਿਰ ਆਵਾਂ
ਪਰ ਇਸ ਤਰ੍ਹਾਂ ਨਾ ਆਵਾਂ
ਇਸ ਥਾਂ ਮੈਂ, ਮੈਂ ਬਣ ਕੇ ਨਹੀਂ
ਇਹ ਥਾਂ ਬਣ ਕੇ ਆਵਾਂ
ਉਸ ਤੋਤੇ ਦੇ ਕੰਠ  
ਕੋਈ ਬੋਲ ਬਣ ਕੇ ਆਵਾਂ
ਕਰੂੰਬਲਾਂ ਦੇ ਅੰਦਰ 
ਪੁੰਗਰ ਜਾਣ ਦਾ ਉਮਾਹ ਬਣ ਕੇ ਆਵਾਂ
ਪੈਰਾਂ ਹੇਠਲੇ ਕਿਣਕਿਆਂ  
ਬੈਠੀ ਰੜਕ ਬਣ ਕੇ ਆਵਾਂ
ਕਿਸੇ ਦੀਆਂ ਅੱਖਾਂ ਚ ਵੀ 
ਉਲਝਣ ਨਹੀਂ ਮੋਹ ਬਣ ਕੇ ਆਵਾਂ
ਹੁਣ ਮੈਂ ਇੱਥੇ ਜਦ ਵੀ ਆਵਾਂ 
ਕੁਝ ਕਰਨ ਵਾਸਤੇ ਨਹੀਂ
ਬਲਕਿ
ਵਾਪਰਨ ਵਾਸਤੇ ਆਵਾਂ
=====
ਸੁਧਾਰ ਕਾਲਜ - ੨
ਨਜ਼ਮ
ਇਸ ਕਾਲਜ ਦੇ 
ਵੰਨ ਸੁਵੰਨੇ ਰੁੱਖ 
ਏਨੇ ਚਿਰ ਵਿੱਚ 
ਮੇਰੇ ਮਿੱਤਰ ਬਣ ਗਏ ਨੇ
ਹਰ ਸ਼ਾਮ ਚਾਹ ਵੇਲੇ 
ਅਸੀਂ ਕਰਦੇ ਹਾਂ ਦੁੱਖ ਸੁੱਖ
ਉਹਨਾਂ ਦੇ ਵਧਦੇ ਘਟਦੇ 
ਸਾਵੇ ਪਨ ਬਾਰੇ
ਮੈਂ ਸਾਂਝਾ ਕਰਦਾ ਹਾਂ 
ਉਹ ਅਹਿਸਾਸ ਜੋ 
ਉਹਨਾਂ ਹੇਠ ਖਲੋਅ ਕੇ ਮੈਨੂੰ ਹੁੰਦਾ ਹੈ
ਉਹ ਵੀ ਸੌਖੇ ਜਿਹੇ ਹੋ 
ਬੈਠ ਜਾਂਦੇ ਨੇ ਕੋਲ਼ ਮੇਰੇ
ਆਪਣੇ ਹੀ ਪੱਤਿਆਂ ਤੇ 
ਆਪਣੀ ਹੀ ਛਾਵੇਂ
ਮੈਂ ਜ਼ਿਕਰ ਕਰਦਾਂ
ਦੂਰ ਕਿਤੇ ਬਿਫਰੇ ਹੋਏ ਚੋਆਂ ਦਾ
ਸਣੇ ਫ਼ਸਲਾਂ 
ਵਹਿ ਗਏ ਕਿਰਸਾਨਾਂ ਦਾ
ਅਤੇ ਉਹ ਵਿਥਿਆ ਦਸਦੇ ਹਨ 
ਵੱਢੇ ਟੁੱਕੇ ਜਾਂਦੇ ਆਪਣੇ ਕੁਟੁੰਬ ਦੀ
ਜਿਨ੍ਹਾਂ ਦੇ ਕਾਗ਼ਜ਼ ਤੇ ਛਪ ਜਾਏਗੀ
ਉਹਨਾਂ ਦੇ ਹੀ 
ਅਲੋਪ ਹੋ ਜਾਣ ਦੀ ਖ਼ਬਰ
ਰੁੱਖਾਂ ਦਾ ਦੁੱਖ 
ਮੇਰੇ ਦੁੱਖ ਤੋਂ ਵੱਡਾ ਹੈ
ਵਧਦਾ ਹੀ ਜਾਂਦਾ ਹੈ ਸ਼ਾਮਾਂ ਵੇਲ਼ੇ 
ਉਹਨਾਂ ਦੇ ਪਰਛਾਵੇਂ ਵਾਂਗ

2 comments:

Charanjeet said...

khoobsoorat nazmaan;gehre vichaar

ਦਰਸ਼ਨ ਦਰਵੇਸ਼ said...

ਕਵਿਤਾ ਨਾਲ ਤੁਰਦਾ ਹੋਇਆ ਬੰਦਾ ਸਫ਼ਰ ਦੀ ਗੰਭੀਰਤਾ ਨੂੰ ਮਾਪਦਾ ਹੈ ਇਹਨਾਂ ਨਜ਼ਮਾਂ ਅੰਦਰ..!