ਦੋਸਤੋ! 3 ਫ਼ਰਵਰੀ ਨੂੰ .. ਚੜ੍ਹਦੀ ਬਸੰਤ ਰੁੱਤੇ.....ਜਾਪਾਨ ਵਸਦੇ ਅਜ਼ੀਮ ਲੇਖਕ ਜਨਾਬ ਪਰਮਿੰਦਰ ਸੋਢੀ ਸਾਹਿਬ ਦੀ ਨਵੀਂ ਕਾਵਿ-ਪੁਸਤਕ 'ਅਚਾਨਕ ਆਈ ਪੱਤਝੜ' ਡਾਕ ਰਾਹੀਂ ਪ੍ਰਾਪਤ ਹੋਈ ਸੀ। ਉਦੋਂ ਇਕ ਰੀਡਿੰਗ ਕਰਕੇ ਕਿਤਾਬ ਰੱਖ ਦਿੱਤੀ। ਅੱਜ 8 ਮਾਰਚ ਦੀ ਸ਼ਾਮ....ਦੁਬਾਰਾ ਪੜ੍ਹਦਿਆਂ ਇੰਞ ਮਹਿਸੂਸ ਹੋਇਆ...... ਜਿਵੇਂ ਸਰੀ ਵਿਚ ਹੋਈ ਤਾਜ਼ਾ ਬਰਫ਼ਬਾਰੀ...... ਮੇਰੇ ਦੁਆਲ਼ੇ.....ਆਲੌਕਿਕ ਝੀਲ ਵਿਚ ਤਹਿਲੀਲ ਹੋ ਗਈ ਹੋਵੇ ਅਤੇ ਸੋਢੀ ਸਾਹਿਬ ਦੀਆਂ ਨਜ਼ਮਾਂ.....ਸੁੰਦਰ-ਸੁੰਦਰ ਮੁਰਗ਼ਾਬੀਆਂ ਬਣ ਕੇ ਉਸ ਵਿਚ ਤੈਰ ਰਹੀਆਂ ਹੋਵਣ! ਕਲਾਸਿਕ ਸ਼ਾਇਰੀ ਦੀ ਸੰਦਲੀ ਮਹਿਕ ਦੇ ਕੁਝ ਬੁੱਲ੍ਹਿਆਂ ਨੇ ਤੁਹਾਡੇ ਵੱਲ ਦਾ ਰੁਖ਼ ਕਰ ਲਿਆ ਹੈ..... ਦੋ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰਦਿਆਂ.. ਮੈਂ ਸੋਢੀ ਸਾਹਿਬ ਨੂੰ ਇਸ ਅਤਿ ਖ਼ੂਬਸੂਰਤ ਕਿਤਾਬ ਲਈ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦੀ ਹਾਂ।
-----
ਕਲਪਨਾ - 1ਨਜ਼ਮ
ਅਚਾਨਕ ਮੇਰੀ ਕਲਪਨਾ
ਕਿਸੇ ਹਿੱਲ ਸਟੇਸ਼ਨ ਵਿਚ
ਜਾ ਉੱਤਰੀ ਸੀ....
ਕਿਣਮਿਣ ਨੇ ਸ਼ਾਮ ਨੂੰ ਹੋਰ ਵੀ
ਧੁੰਦਲਾ ਬਣਾ ਦਿੱਤਾ ਸੀ.....
ਵਾਈਨ ਰੰਗੀ ਲੱਕੜ ਦੀ ਬਣੀ
ਪੁਰਾਣੀ ਦੁਕਾਨ ਹੈ....
ਜਿਸ ਵਿੱਚੋਂ ਲਾਲਟੈਣ ਦੀ
ਰੌਸ਼ਨੀ ਝਲਕ ਰਹੀ ਹੈ.....
ਕੰਧ ਨਾਲ਼ ਲੱਗੇ
ਕਿਤਾਬਾਂ ਦੇ ਰੈਕ ਨੇ....
ਇਕ ਪਾਸੇ
ਹਲਕੀ ਅੱਗ ਦੀ ਧੂਣੀ ਬਲ਼ ਰਹੀ ਹੈ
ਧੂਣੀ 'ਤੇ ਰੱਖੀ
ਚਾਹ ਦੀ ਕੇਤਲੀ 'ਚੋਂ ਉੱਠਦੀ ਭਾਫ਼
ਕਿਸੇ ਰਹੱਸ ਵਾਂਗ ਫੈਲ ਰਹੀ ਹੈ....
ਬਾਹਰ ਮੀਂਹ ਪੈ ਰਿਹਾ ਹੈ
ਲੋਕ ਛਤਰੀਆਂ ਲੈ ਕੇ
ਪੈਦਲ ਜਾ ਰਹੇ ਨੇ....
ਅੰਦਰ ਧੂਣੀ ਦੇ ਕੋਲ਼
ਦਰੀ 'ਤੇ ਬੈਠਾ
ਚਿੱਟੀ ਕਮੀਜ਼ ਪਾਈ
ਤੂੰ ਚਾਹ ਪੀ ਰਿਹਾ....
ਦੁਕਾਨ ਦੀ ਨੁੱਕਰ 'ਚ
ਪੁਰਾਣੇ ਮੇਜ਼ 'ਤੇ ਪਏ ਰੇਡਿਉ 'ਚੋਂ
ਰਫ਼ੀ ਦਾ ਇਕ ਗੀਤ ਚੱਲ ਰਿਹਾ....
ਬੜਾ ਚੰਗਾ ਲੱਗ ਰਿਹਾ
ਆਪਣੀ ਕਲਪਨਾ 'ਚ ਤੇਰਾ ਉੱਥੇ ਹੋਣਾ
ਪਰ ਮੈਂ ਕਿੱਥੇ ਸਾਂ
ਮੇਰੀ ਕਲਪਨਾ 'ਚੋਂ
ਮੈਂ ਆਪ ਹੀ ਖੁਰ ਗਈ ਸਾਂ ਕਿਤੇ.....
=======
ਕਲਪਨਾ - 2
ਨਜ਼ਮ
ਕਲਪਨਾ ਤੋਂ ਪਾਰ ਹੁੰਦੀ ਹੈ
ਮੁਹੱਬਤ ਦੀ ਸਿਮਰਤੀ....
ਤੂੰ ਉੱਥੇ ਹੀ ਤਾਂ ਸੀ
ਚਾਹ ਦੀ ਕੇਤਲੀ ਨੂੰ ਬਾਰ-ਬਾਰ
ਧੂਣੀ 'ਤੇ ਥਾਂ ਸਿਰ ਕਰਦਿਆਂ....
ਪੁਰਾਣੀ ਲੱਕੜ ਦੀ ਬਣੀ
ਉਸ ਦੁਕਾਨ ਦੀ ਮਹਿਕ ਸੀ ਤੂੰ....
ਮੈਂ ਜੋ ਕਵਿਤਾ ਦੀ ਕਿਤਾਬ
ਪੜ੍ਹ ਰਿਹਾ ਸੀ
ਉਸ ਦੇ ਅੰਦਰ ਹੀ ਸੀ ਤੂੰ ਕਿਤੇ....
ਰਫ਼ੀ ਦੇ ਗੀਤ ਵਿਚ ਵੀ ਤਾਂ
ਲੁਕੀ ਹੋ ਸਕਦੀ ਸੀ ਤੂੰ ਕਿਤੇ.....
ਇਹ ਵੀ ਤਾਂ ਹੋ ਸਕਦਾ ਹੈ
ਸਾਹਮਣੇ ਬੈਠੀ ਕਵਿਤਾ ਦੀ ਕਿਤਾਬ
ਜੋ ਪੜ੍ਹ ਰਹੀ ਸੀ ਕੁੜੀ
ਉਹ ਤੂੰ ਹੀ ਹੋਵੇਂ....
ਹੋ ਸਕਦਾ ਹੈ
ਤੂੰ ਛਤਰੀ ਫੜੀ
ਬਾਹਰ ਦੀ ਲੰਘ ਗਈ ਹੋਵੇਂ
ਅਤੇ ਤੈਨੂੰ ਪਤਾ ਹੀ ਨਾ ਹੋਵੇ
ਕਿ ਮੈਂ ਅੰਦਰ ਬੈਠਾ
ਤੇਰੇ ਲਈ ਹੀ ਕਵਿਤਾ ਲਿਖ ਰਿਹਾ ਹਾਂ....
ਕੁਝ ਵੀ ਹੋ ਸਕਦਾ ਹੈ
ਪੁਰਾਣੀ ਲੱਕੜੀ ਦੀ ਬਣੀ
ਉਸ ਵਾਈਨ ਰੰਗੀ ਦੁਕਾਨ ਅੰਦਰ....
ਸਾਡੀ ਕਲਪਨਾ ਅੰਦਰ
ਸਾਡੀ ਆਦਿ-ਕਾਲੀ ਸਿਮਰਤੀ ਅੰਦਰ....
No comments:
Post a Comment