ਤਰਕ ਸੰਗਤ ਇਹ ਤਰਕ ਲਗਦਾ ਹੈ।
ਹੁਣ ਮੁਹੱਬਤ ’ਚ ਫ਼ਰਕ ਲਗਦਾ ਹੈ।
-----
ਪਹਿਲਾਂ ਵਾਂਗਰ ਹੀ ਗਲ਼ ਨੂੰ ਚਿੰਬੜੇ ਹੋ,
ਉੱਨੀ–ਇੱਕੀ ਦਾ ਫ਼ਰਕ ਲਗਦਾ ਹੈ।
-----
ਥਾਂ–ਥਾਂ ਬਣਦੀ ਹੈ ਬਰਫ਼ੀ ਉਲਫ਼ਤ ਦੀ,
ਟਾਵੀਂ–ਟਾਵੀਂ ’ਤੇ ਵਰਕ ਲਗਦਾ ਹੈ।
-----
ਜਦ ਤੋਂ ਬੈਠੇ ਹੋ ਮੇਰੇ ਬਿਸਤਰ ’ਤੇ,
ਕੁਛ ਤਬੀਅਤ ’ਚ ਫ਼ਰਕ ਲਗਦਾ ਹੈ।
-----
ਉਂਜ ਹੀ ਬਣਦੀ ਨਹੀਂ ਗ਼ਜ਼ਲ ਯਾਰੋ !
ਖ਼ੂਨ ਲਗਦਾ ਹੈ, ਅਰਕ ਲਗਦਾ ਹੈ।
-----
ਮੇਰੇ ਦਿਲ ਦਾ ਵਜ਼ਨ ਹੈ ਓਨਾਂ ਹੀ,
ਤੇਰੇ ਵੱਟਿਆਂ ’ਚ ਫ਼ਰਕ ਲਗਦਾ ਹੈ ।
-----
ਤੇਰੀ ਖ਼ੁਸ਼ਬੂ ਦੀ ਨਕਲ ਕਰਨੇ ਨੂੰ,
ਲੱਖਾਂ ਫੁੱਲਾਂ ਦਾ ਅਰਕ ਲਗਦਾ ਹੈ।
-----
ਤੇਰੇ ਗੁਲਸ਼ਨ ’ਚ ਹੁਣ ਤਾਂ ‘ਇਕਵਿੰਦਰ’,
ਹਰ ਪਰਿੰਦਾ ਸਤਰਕ ਲਗਦਾ ਹੈ।
1 comment:
बहुत खूब कही है ग़ज़ल इकविंदर साहिब ने। बधाई !
Post a Comment