ਨਜ਼ਮ
ਮੇਰਾ ਪਿਤਾ ਨਹੀਂ
ਬਸ ਮਾਂ ਹੀ ਹੈ
ਇਹ ਸੋਚਦਿਆਂ....
ਉਹ ਨਿੱਤ ਦਿਨ
ਹੋ ਰਿਹਾ ਹੈ ਹੋਰ ਵੀ ਤਕੜਾ
...........
ਨਿੱਕਾ ਜਿਹਾ ਉਹ ਬਾਲ
ਬੜੀ ਫੁਰਤੀ ਨਾਲ਼
ਕਰ ਦਵੇ ਘਰ ਦੇ ਸਭ ਕੰਮ-ਕਾਜ
ਚੁੱਕ ਦਵੇ ਪੂਰੇ ਜ਼ੋਰ ਨਾਲ਼
ਭਾਰੀ ਭਾਰੀ ਸਮਾਨ
ਮੇਰਾ ਪਿਤਾ ਨਹੀਂ
ਬਸ ਮਾਂ ਹੀ ਹੈ
............
ਇਹ ਸੋਚਦਿਆਂ
ਉਹ ਨਿੱਤ ਦਿਨ
ਹੋ ਰਿਹਾ ਹੈ ਹੋਰ ਵੀ ਚੁਕੰਨਾ
ਆਖ਼ਰੀ ਸਮੇਂ
ਪਿਤਾ ਦੇ ਦਿੱਤੇ ਕੁਝ ਰੁਪਈਏ ਲੈ
ਤੁਰ ਗਿਆ ਬਜ਼ਾਰ
ਤੇ ਖ਼ਰੀਦ ਲਿਆਇਆ
ਨਿੱਕੀ ਭੈਣ ਲਈ ਕਿਤਾਬਾਂ
............
ਦੁਸਹਿਰੇ ਨੂੰ ਤੁਰ ਗਿਆ
ਇਕੱਲਾ ਹੀ
ਜਲ਼ਦਾ ਹੋਇਆ ਰਾਵਣ ਦੇਖਣ
ਦੀਵਾਲੀ ਨੂੰ ਲੈ ਆਇਆ
ਬੰਬ-ਪਟਾਕੇ
ਖਿੱਲਾਂ, ਅਖਰੋਟ ਤੇ ਮਠਿਆਈਆਂ
............
ਪਿਤਾ ਦੀ ਉਂਗਲੀ ਤੋਂ ਬਾਅਦ
ਨਹੀਂ ਫੜਦਾ ਕਿਸੇ ਦੀ ਵੀ ਉਂਗਲ਼ੀ
ਸਗੋਂ
ਨਿੱਤ ਦਿਨ ਬੜਾ ਹੋ ਰਿਹਾ ਹੈ
ਉਸ ਦਾ ਅਪਣਾ ਹੱਥ
ਜਦ ਵੀ ਕਿਸੇ ਮੁਸ਼ਕਿਲ ਨਾਲ਼
ਉਹ ਲਵੇ ਦਸਤਪੰਜਾ
ਤਾਂ ਮੂੰਹੋਂ ਏਹੀ ਉਚਾਰਦਾ ਹੈ
ਮੇਰਾ ਪਿਤਾ ਨਹੀਂ
ਬਸ ਮਾਂ ਹੀ ਹੈ ॥
=====
ਅਣਸਿੱਖਿਅਤ
ਨਜ਼ਮ
ਨਹੀਂ ਮਿਲੇ ਸਾਨੂੰ
ਰੁੜ੍ਹਨਾ ਤੇ ਤੁਰਨਾ ਸਿੱਖਣ ਲਈ ਵਾੱਕਰ
ਇੰਜ ਹੀ ਸਿੱਖ ਗਏ ਤੁਰਨਾ
ਡਿਗਦਿਆਂ- ਢਹਿੰਦਿਆਂ
...........
ਰਤਾ ਹੋਸ਼ ਸੰਭਲ਼ਦਿਆਂ
ਨਹੀਂ ਮਿਲ਼ੀਆਂ ਸਾਈਕਲੀਆਂ
ਤਿੰਨ ਪਹੀਆਂ ਵਾਲ਼ੀਆਂ
ਰੰਗ-ਬਿਰੰਗੀਆਂ
ਟੱਲੀਆਂ ਵਾਲੀਆਂ
ਹਸਰਤਾਂ ਨਾਲ ਰਹੇ ਤੱਕਦੇ
ਸਾਥੀਆਂ ਨੂੰ ਖੇਡਦਿਆਂ
ਮਸਤ ਰਹੇ
ਖੇਡਣ ਵਿਚ
ਕੌਡੀਆਂ ਤੇ ਗ੍ਹੀਟੀਆਂ
..........
ਹੋਰ ਵੱਡੇ ਹੋਣ ‘ਤੇ
ਨਾ ਜੁੜਿਆ ਕੋਈ ਸਾਈਕਲ
ਘਰ ਆਏ ਪ੍ਰਾਹੁਣਿਆਂ ਤੋਂ
ਲੈ ਕੇ ਮੰਗਵੇਂ ਸਾਈਕਲ ਦੇ ਗੇੜੇ
ਸਿੱਖਦੇ ਰਹੇ ਚਲਾਉਣਾ
ਕਦੇ ਲੈ ਲੈਂਦੇ ਸਾਈਕਲ
ਕਿਰਾਏ ਉਤੇ
ਇਕ ਰੁਪਈਆ ਘੰਟਾ
ਖ਼ੁਸ਼ੀ ਖ਼ੁਸ਼ੀ ਦੁੜਾਉਂਦੇ ਫਿਰਦੇ
ਪਰ ਸਮਾਂ ਮੁੱਕਦਿਆਂ ਹੀ
ਹੋ ਜਾਂਦੇ ਅੰਤਾਂ ਦੇ ਉਦਾਸ
...........
ਨੌਕਰੀਆਂ, ਕੰਮ-ਧੰਦੇ ਲੱਗਣ ‘ਤੇ
ਖ਼ਰੀਦੇ ਅਸੀਂ ਸਕੂਟਰ ਪੁਰਾਣੇ
ਮੁਰੰਮਤ ਕਰਵਾਏ
ਤੇ ਕਈ ਕਈ ਸਾਲ ਚਲਾਏ
...........
ਹੁਣ ਪੰਜਾਹਾਂ ਨੂੰ ਟੱਪ ਕੇ ਵੀ
ਨਹੀਂ ਚਲਾ ਸਕਦੇ ਅਸੀਂ ਕਾਰ
ਹੁਣ ਕੁਝ ਸਿੱਖਣਾ ਵੀ
ਲੱਗਦਾ ਹੈ ਬੇਕਾਰ
ਨਹੀਂ ਦਿਲ ਚ ਕੋਈ ਜੋਸ਼
ਤੇ ਅੰਗਾਂ ‘ਚ ਕੋਈ ਹੋਸ਼
ਲੋੜਾਂ-ਥੁੜ੍ਹਾਂ ਦੇ ਟਾਇਰਾਂ ਹੇਠ ਪਿਸਦਿਆਂ
ਦੇਖ ਰਹੇ ਹਾਂ
ਲੋਕਾਂ ਨੂੰ ਕਾਰਾਂ ਭਜਾਉਂਦਿਆਂ ॥
=====
ਮੁਸੀਬਤਾਂ
ਨਜ਼ਮ
ਮੁਸੀਬਤਾਂ
ਗਲ਼ੀ ‘ਚ ਸਾਹਮਣਿਉਂ ਦੌੜੇ ਆਉਂਦੇ
ਕੁੱਤਿਆਂ ਵਾਂਗ ਹਨ
ਭੌਂਕਦੀਆਂ
ਹਫ਼ਦੀਆਂ ਹੋਈਆਂ
ਖ਼ੂੰਖਾਰ
ਤੇਜ਼ ਨਹੁੰਦਰਾਂ ਵਾਲ਼ੀਆਂ
.........
ਡਰਨ ਦੀ ਲੋੜ ਨਹੀਂ
ਹੱਥ ਚ ਰੱਖੋ ਲਾਠੀ
ਅਤੇ ਤੁਰਦੇ ਜਾਵੋ
ਦੌੜਦੇ ਕੱਤਿਆਂ ਵਾਂਗ
ਗੁਜ਼ਰ ਜਾਣਗੀਆਂ
ਇਹ ਕੋਲ਼ੋਂ ਦੀ
ਪਿੱਠ ਕਰ ਕੇ ਜੇ ਭੱਜੋਗੇ
ਤਾਂ
ਪਿੱਛਾ ਕਰਦੀਆਂ ਹੀ ਰਹਿਣਗੀਆਂ ॥
=====
ਪਿਤਾ
ਨਜ਼ਮ
ਬੇਟੀ ਨੱਕ ਮੂੰਹ ਚੜ੍ਹਾਉਂਦੀ
ਦੇਸੀ ਘਿਓ ਤੋਂ
ਮੱਖਣੀ ਮਲਾਈ ਤੋਂ
ਪੁਣ ਕੇ ਪੀਂਦੀ ਦੁੱਧ
ਸੁੱਕੇ ਰੱਖਦੀ ਵਾਲ਼
ਰੁੱਤ ਆਈ ਨਵੇਂ ਫੈਸ਼ਨ ਦੀ
ਕਰਦੀ ਪ੍ਰਹੇਜ਼
ਛੋਹ ਨਾ ਜਾਵੇ ਜਿਸਮ ਨੂੰ
ਕਿਤੇ ਕੋਈ ਥੰਦਿਆਈ
........
ਪਿਤਾ
ਰਸੋਈ ਵਿਚ ਚੁੱਪ-ਚੁਪੀਤੇ
ਪਾ ਦਿੰਦਾ ਹੈ ਸਬਜ਼ੀ ਵਿਚ
ਦੇਸੀ ਘਿਓ
ਜੋ ਘੁਲ਼ ਜਾਂਦਾ ਹੈ ਤਰੀ ਵਿਚ
ਪਿਤਾ ਦੇ ਪਿਆਰ ਵਾਂਗ ………
No comments:
Post a Comment