ਅਦਬ ਸਹਿਤ
ਤਨਦੀਪ ‘ਤਮੰਨਾ’
***************
ਸੁੱਚੀ ਸੌਂਹ ਦੀ ਹੱਥ ਲਿਖਤ – ਰਾਮ ਸਿੰਘ ਚਾਹਲ
ਕਾਵਿ-ਚਿੱਤਰ
ਸ਼ਰਾਬੀ ਨੂੰ ਸ਼ਰਾਬੀ ਨਹੀਂ ਕਿਹਾ
ਸੋਫੀ ਨੂੰ ਸੋਫੀ ਨਹੀਂ ਕਿਹਾ
ਨਸ਼ਈ ਨੂੰ ਨਸ਼ਈ ਕਿਹਾ
ਅਤੇ………
ਉਹ ਨਜ਼ਮ ਲਿਖਣ ਬੈਠ ਗਿਆ..
...............
ਮੱਥੇ ਅੰਦਰ ਸੂਰਜ ਦੇ ਆਕਾਰ ਸਨ
ਅੱਖਾਂ ਸਾਹਵੇਂ
ਗੰਭੀਰਤਾ ਦਾ ਮਾਪ-ਦੰਡ
............
ਬੀਤੇ ਦਾ ਖੂਹ ਸਾਹਾਂ ਤੋਂ
ਸਾਹਾਂ ਤੋਂ ਡੂੰਘਾ ਸੀ
ਨਜ਼ਮਾਂ ਦੀ ਬਹੁਤ ਵੱਡੀ ਸਰਹੱਦ
ਅਤੇ ਚਾਹਲ ਨੇ
ਆਪਣੀਆਂ ਨਿੱਕੀਆਂ ਨਜ਼ਮਾਂ
ਉਸ ਸਰਹੱਦ ਨੂੰ ਸਮਰਪਿਤ ਕਰ ਦਿੱਤੀਆਂ…..
.................
ਵਗਦੀ ਵਾਅ ਤੋਂ ਬਹੁਤ ਡਰਦਾ ਸੀ ਉਹ..
ਸ਼ਾਇਦ
ਉਸਦੇ ਕਿਸੇ ਅੱਥਰੇ ਵਰ੍ਹੇ ਦੀ ਵਾਅ ਨੇ
ਕੰਡਿਆਲੀਆਂ ਲਿਆ ਸੁੱਟੀਆਂ ਸਨ
ਉਸਦਿਆਂ ਰਾਹਾਂ ਅੰਦਰ..
.............
ਮਿੱਧੇ ਹੋਏ ਫੁੱਲਾਂ ਦੀ ਕੋਈ
ਲੱਪ ਦਿੱਤੀ ਸੀ ਉਸਨੂੰ
ਤੇ ਉਹ ਵਾਰ ਵਾਰ ਹੱਥ ਧੋਂਦਾ ਵੀ
ਤੌਲੀਏ ਨਾਲ ਰਗੜਕੇ ਨਹੀਂ ਸੀ ਪੂੰਝਦਾ.. ..
...............
ਤੁਸੀਂ ਤਾਂ ਮਿੱਧੇ ਹੋਏ ਫੁੱਲਾਂ ਨੂੰ
ਸ਼ਾਮ ਢਲਦਿਆਂ ਹੀ ਭੁੱਲ ਜਾਂਦੇ ਹੋ,
ਉਸਨੇ ਤਾਂ ਵਰ੍ਹਿਆਂ ਦੇ ਵਰ੍ਹੇ
ਉਹਨਾਂ ਦੀ ਮਹਿਕ ਤਲੀਆਂ ਉਪਰ ਬੋਚੀ ਸੀ.. ..
..............
ਮਿੱਤਰਾਂ ਨੂੰ
ਆਪਣੇ ਮਨ ਦੀ ਦਹਿਲੀਜ਼ ਤੱਕ
ਸਿਰਫ਼ ਦਸਤਕ ਦੀ ਆਗਿਆ ਦਿੰਦਾ
ਹੱਥ ਮਿਲਾਉਂਦਿਆਂ
ਪੋਟਿਆਂ ਦੀ ਛੋਹ ਵੀ
ਬੱਸ ਕੰਜੂਸੀ ਨਾਲ ਹੀ ਦਿੰਦਾ ਸੀ. ..
.............
ਮੈਂ.. ..
ਜਦੋਂ ਚਾਹਲ ਨੂੰ ਮਿਲਦਾ ਸੀ
ਤਾਂ ਬੱਸ
ਉਸੇ ਨੂੰ ਮਿਲਦਾ ਸੀ
ਸਾਰੇ ਦਾ ਸਾਰਾ
ਜਦੋਂ
ਨਹੀਂ ਮਿਲਦਾ ਸੀ
ਤਾਂ ਉਸਨੂੰ
ਵੇਖਦਾ ਮਹਿਸੂਸਦਾ ਸੁਣਦਾ ਮਿਣਦਾ ਸੀ.. ..
.............
ਆਪਣੇ ਹੀ ਸੰਸਾਰਾਂ ਵਿੱਚ ਘਿਰਿਆ
ਉਹ
ਬਹੁਤ ਨਿੱਕਾ ਹੁੰਦਾ ਸੀ
ਨਿਮਰ
ਸ਼ਬਦਾਂ ਦੇ ਵੱਡੇ ਵੱਡੇ ਯੁੱਧ ਲੜਦੇ ਦੀ
ਉਸਦੀ ਇੱਕ ਉਂਗਲ
ਅੱਖਰਾਂ ਦੇ ਮੋਹ ‘ਚ ਮਾਰੀ
ਦੁਨੀਆਂ ਵੱਲ ਹੁੰਦੀ
ਅਤੇ ਇੱਕ
ਆਪਣੇ ਪਿਆਰੇ ਘਰ ਵੱਲ.. ..
................
ਉਹ ਕਦੇ ਖ਼ਤ ਨਹੀਂ ਸੀ ਲਿਖਦਾ
ਪਰ
ਬਹੁਤ ਹੀ ਤੇਹ ਨਾਲ ਉਡੀਕਦਾ ਸੀ
..........
ਆਪਣੇ ਹਿੱਸੇ ਦੇ ਖ਼ਤਾਂ ਨੂੰ..
...........
ਉਸਨੂੰ
.. .. ..
ਆਪਣੀ
ਹਰ ਨਜ਼ਮ
........
ਜਾਪਦੀ ਸੀ
.........
ਆਖਰੀ ਨਜ਼ਮ.. ..
...............
ਮੈਂ ਆਖਦਾ ਸੀ
ਇਹ ਤਾਂ ਸਭ
ਪਹਿਲੀਆਂ ਨਜ਼ਮਾਂ ਨੇ.. ..
ਬੇਗਾਨੀਆਂ ਨਜ਼ਮਾਂ..
ਆਪਣੀ ਨਜ਼ਮ ਤਾਂ ਉਸਨੇ
ਅਜੇ ਲਿਖਣੀ ਸੀ
ਇਹ ਨਜ਼ਮ ਤਾਂ ਉਦੋਂ ਲਿਖੀ ਜਾਣੀ ਸੀ
ਜਦੋਂ
ਔਲਾਦ ਨੇ
ਆਪਣੇ ਵਰ੍ਹਿਆਂ ਦੀ ਉਂਗਲ਼ੀ ਲੱਗ ਜਾਣਾ ਸੀ
ਅਤੇ.. ..
ਮੈਂ ਅੱਜ ਤੱਕ ਨਹੀਂ ਸਮਝ ਸਕਿਆ
ਵਰ੍ਹੇ ਖੜੋਤੇ ਨੇ
.. .. ..
ਜਾਂ ਕਿਸੇ ਦੀ ਉਂਗਲ਼ ਲੱਗ
ਸਿਸਕ ਰਹੇ ਨੇ
ਜਾਂ
ਸਹਿਕ ਰਹੇ ਨੇ.. .. ..
No comments:
Post a Comment