...........
ਹੁਣ ਉਹਨਾਂ ਨੇ ਇਕ ਬਹੁਤ ਹੀ ਵਧੀਆ ਫ਼ੈਸਲਾ ਕੀਤਾ ਹੈ, ਜਿਸ ਕਰਕੇ ਮੈਨੂੰ ਉਹਨਾਂ ‘ਤੇ ਹੋਰ ਵੀ ਫ਼ਖ਼ਰ ਮਹਿਸੂਸ ਹੁੰਦਾ ਹੈ। ਮੈਂ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਪਿਆਰੀ ਸਵੀਨਾ ਨੂੰ ਵੀ ਲਿਖਣ ਦਾ ਸ਼ੌਕ ਸੀ ਆਪਣੇ ਸਕੂਲ ਦੇ ਅਖ਼ਬਾਰਾਂ ਵਿਚ ਆਮ ਲਿਖਿਆ ਕਰਦੀ ਸੀ ਤੇ ਦੀਦੀ ਕੋਲ਼ ਕੁਝ ਹੋਰ ਵੀ ਲਿਖਿਆ ਪਿਆ ਹੈ ਜੋ ਉਹ ਅਜੇ ਪੜ੍ਹ ਨਹੀਂ ਸਕੇ। ਪਰਵੇਜ਼ ਦੀਦੀ, ਸਵੀਨਾ ਦਾ ਨਾਂ ਸਾਹਿਤ ਵਿਚ ਜਿਉਂਦਾ ਰੱਖਣ ਲਈ ਇੱਕ ਪਬਲੀਕੇਸ਼ਨ ਸ਼ੁਰੂ ਕਰਨ ਦੀ ਸੋਚ ਰਹੇ ਹਨ ਜੋ ਸਵੀਨਾ ਦੇ ਨਾਂ ਹੋਵੇਗਾ, ਪਰ ਉਸਦਾ ਸਾਰਾ ਕੰਮ ਇੰਡੀਆ ਵਿਚ ਹੋਵੇਗਾ।
.........
ਇਸ ਲੜੀ ਤਹਿਤ ਸਿਰਫ਼ ਉਹਨਾਂ ਲੇਖਕਾਂ ਦੀਆਂ ਇੱਕ ਜਾਂ ਦੋ ਕਿਤਾਬਾਂ ਸਾਲ ਵਿਚ ਛਾਪੀਆਂ ਜਾਣਗੀਆਂ ਜੋ ਕਿਸੇ ਕਾਰਣ ਕਿਤਾਬ ਛਪਵਾ ਨਹੀ ਸਕਦੇ, ਪਰ ਪਹਿਲੀਆਂ ਕੁਝ ਕਿਤਾਬਾਂ ਜੋ ਸਵੀਨਾ ਪ੍ਰਕਾਸ਼ਨ ਦੇ ਨਾਂ ਹੇਠ ਛਾਪੀਆਂ ਜਾਣਗੀਆਂ ਉਹ ਉਹਨਾਂ ਦੇ ਆਪਣੀ ਪਸੰਦ ਦੇ ਸ਼ਾਇਰਾਂ ਜਾਂ ਲੇਖਕਾਂ ਦੀਆਂ ਹੋਣਗੀਆਂ ਉਸ ਤੋਂ ਬਾਅਦ ਉਹਨਾਂ ਲੇਖਕਾਂ ਦੀਆਂ ਕਿਤਾਬਾਂ ਛਾਪੀਆਂ ਜਾਣਗੀਆਂ, ਜੋ ਆਰਥਿਕ ਤੰਗੀ ਕਰਕੇ ਆਪਣਾ ਵਰਕ ਛਪਵਾ ਨਹੀਂ ਸਕੇ।
..........
ਜਲਦੀ ਹੀ ਇਸ ਬਾਰੇ ਬਹੁਤੀ ਜਾਣਕਾਰੀ ਅਸੀਂ ਆਰਸੀ ਬਲੌਗ ਅਤੇ ਆਰਸੀ ਕਲੱਬ ਦੀ ਫੇਸਬੁੱਕ ਵਾੱਲ ‘ਤੇ ਸਾਂਝੀ ਕਰਾਂਗੇ ਜੀ। ਮੈ ਪਰਵੇਜ਼ ਦੀਦੀ ਦੇ ਇਸ ਨੇਕ ਫ਼ੈਸਲੇ ‘ਤੇ ਫੁੱਲ ਚੜ੍ਹਾਉਂਦਿਆਂ ਸਮੂਹ ਆਰਸੀ ਪਰਿਵਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕਰਦੀ ਹਾਂ। ਬਹੁਤ-ਬਹੁਤ ਸ਼ੁਕਰੀਆ ਜੀ।
ਅਦਬ ਸਹਿਤ
ਤਨਦੀਪ ਤਮੰਨਾ
*********
ਉਂਜ ਬਦਲਿਆ ਤਾਂ ਕੁਝ ਵੀ ਨਹੀਂ
ਨਜ਼ਮ
ਉਂਜ ਬਦਲਿਆ ਤਾਂ ਕੁਝ ਵੀ ਨਹੀਂ
ਸੂਰਜ ਵੀ ਚੜ੍ਹਦਾ ਹੈ
ਹਵਾ ਵੀ ਚਲਦੀ ਹੈ
ਫੁੱਲਾਂ ਦੇ ਖਿੜਨ ਦੀ ਖ਼ਬਰ ਵੀ ਸੁਣੀ ਹੈ
ਉਂਜ ਬਦਲਿਆ ਤਾਂ ਕੁਝ ਵੀ ਨਹੀਂ
ਲੋਕ ਸੜਕਾਂ ਤੇ ਵੀ ਪਹਿਲਾਂ ਵਾਂਗ ਹੀ ਤੁਰੇ ਫਿਰਦੇ ਨੇ
ਗੁਆਂਢੀਆਂ ਦੇ ਬੱਚੇ ਵੀ ਉਂਜ ਹੀ ਕਿਲਕਾਰੀਆਂ ਮਾਰਦੇ ਨੇ
ਲੋਕਾਂ ਦੇ ਘਰਾਂ ਚੋਂ ਕਦੀ ਕਦੀ ਹਾਸੇ ਦੀ ਆਵਾਜ਼ ਵੀ ਮੇਰੇ ਕੰਨੀ ਪੈ ਜਾਂਦੀ ਆ
ਉਂਜ ਬਦਲਿਆ ਤਾਂ ਕੁਝ ਵੀ ਨਹੀਂ
ਸੂਰਜ ਵੀ ਢਲ਼ਦਾ ਹੈ
ਲੋਕਾਂ ਦੇ ਘਰਾਂ ਵਾਂਗ ਮੇਰੇ ਘਰ ਵੀ ਚੁੱਲ੍ਹਾ ਬਲ਼ਦਾ ਹੈ
ਢਿੱਡ ਭਰਨ ਦੇ ਵਸੀਲੇ ਕੀਤੇ ਜਾਂਦੇ ਨੇ
ਉਂਜ ਬਦਲਿਆ ਤਾਂ ਕੁਝ ਵੀ ਨਹੀਂ
ਛਿਪਦੇ ਸੂਰਜ ਦੀ ਲਾਲੀ ਤੇ
ਤਾਰਿਆਂ ਦੀ ਲੋਅ ਵੀ ਸ਼ਾਇਦ ਪਹਿਲਾਂ ਵਰਗੀ ਹੋਵੇ
ਰਾਤ ਵੀ ਆਪਣੇ ਸਮੇਂ ਨਾਲ ਆਉਂਦੀ ਹੈ
ਤੇ ਦਿਨ ਵੀ ਸੂਰਜ ਦੀਆਂ ਕਿਰਨਾ ਨਾਲ ਉੱਗ ਆਉਂਦਾ ਹੈ
ਉਂਜ ਬਦਲਿਆ ਤਾਂ ਕੁਝ ਵੀ ਨਹੀਂ
ਸੂਰਜ ਦੀਆਂ ਕਿਰਨਾਂ ਨਾਲ ਤੇਰੇ ਕਮਰੇ ਦਾ ਪਰਦਾ ਵੀ ਖੁੱਲ੍ਹਦਾ ਹੈ
ਹਵਾ ਦਾ ਇੱਕ ਸੁਨੇਹਾ ਜਿਹਾ ਵੀ ਆਉਂਦਾ ਹੈ
ਸੂਰਜ ਢਲ਼ਦਿਆਂ ਤੇਰੀ
ਖਿੜਕੀ ਚੋਂ ਕੁਝ ਉਦਾਸ ਜਿਹੀ ਰੌਸ਼ਨੀ ਵੀ ਝਾਤ ਪਾ ਜਾਂਦੀ ਹੈ
ਉਂਜ ਬਦਲਿਆ ਤਾਂ ਕੁਝ ਵੀ ਨਹੀਂ
ਪਰ ਫੇਰ ਵੀ ਸੜਕਾਂ ‘ਤੇ ਤੁਰੇ ਫਿਰਦੇ
ਚਿਹਰਿਆਂ ਵਿੱਚ ਤੇਰਾ ਚਿਹਰਾ ਨਹੀਂ ਦਿਸਦਾ
ਗੁਆਂਢੀਆਂ ਦੇ ਘਰਾਂ ‘ਚੋਂ ਆਉਂਦੇ ਹਾਸੇ ‘ਚ
ਤੇਰੇ ਹਾਸੇ ਦੀ ਗੂੰਜ ਨਹੀ ਆਉਂਦੀ
ਮੇਰੇ ਘਰ ਬਲ਼ਦੇ ਚੁੱਲ੍ਹੇ ‘ਚ ਤੇਰੇ ਲਈ ਕੁਝ
ਪੱਕਣ ਦੀ ਫਰਮਾਇਸ਼ ਨਹੀ ਆਉਂਦੀ
ਹੁਣ ਰਾਤ ਆਉਂਦੀ ਤਾਂ ਆਪਣੇ ਸਮੇਂ ਨਾਲ ਪਰ
ਅੱਜ ਕੱਲ ਰਾਤ ਲੰਬੀ ਤੇ ਦਿਨ ਮੁੱਕਣ ‘ਚ ਨਹੀ ਆਉਂਦੇ
ਹੁਣ ਹਵਾ ਰੁਮਕਦੀ ਨਹੀ ਲਗਦੀ
ਹੁਣ ਹਵਾ ਦਾ ਬੁੱਲਾ ,
ਫੁੱਲਾਂ ਦਾ ਖਿੜਨਾ
ਲੋਕਾਂ ਦਾ ਹੱਸਣਾ
ਤਾਰਿਆਂ ਦਾ ਚਮਕਣਾ
ਦਿਨ ਚੜ੍ਹਨਾ ਜਾਂ ਦਿਨ ਦਾ ਢਲਨਾ
ਪਹਿਲਾਂ ਜਿਹਾ ਕਿਉਂ ਨਹੀਂ ਲਗਦਾ
ਉਂਜ ਲੋਕ ਕਹਿੰਦੇ ਨੇ ਕਿ ਕੁਝ ਨਹੀਂ ਬਦਲਿਆ
ਪਰ ਪਤਾ ਨਹੀ ਕਿਉਂ ਤੇਰੇ ਜਾਣ ਤੋਂ ਬਾਅਦ
ਤਾਰਿਆਂ ‘ਚ ਚਮਕ ਨਹੀਂ ਰਹੀ
ਫੁੱਲਾਂ ‘ਚ ਮਹਿਕ ਨਹੀਂ ਰਹੀ
ਜ਼ਿੰਦਗੀ ‘ਚ ਸਾਹ ਨਹੀਂ ਰਹੇ
ਉਂਜ ਬਦਲਿਆ ਤਾਂ ਕੁਝ ਵੀ ਨਹੀਂ
ਪਰ " ਸ਼ੀਨੇ " ਤੇਰੇ ਬਿਨਾ ਸੱਚਮੁੱਚ
ਜ਼ਿੰਦਗੀ ਚ ਸਾਹ ਨਹੀਂ ਰਹੇ
2 comments:
ਬਹੁਤ ਵਧੀਆ ਸੋਚ ਹੈ ਪਰਵੇਜ਼ ਦੀਦੀ ਜੀ ਦੀ ...ਇਸ ਸ਼ੁੱਭ ਕੰਮ ਲਈ ਦੁਆਵਾਂ
ਬਹੁਤ ਰਚਨਾਤਮਕ ਸਰਗਰਮੀ ਦੀ ਸ਼ੁਰੂਅੱਤ ਕੀਤੀ ਹੈ ਮੈਡਮ ਪਰਵੇਜ਼ ਹੋਰਾਂ ਨੇ.... ਮੁਬਾਰਕ ਜੀ..
Post a Comment