ਨਜ਼ਮ
ਨਾ ਹੰਝੂਆਂ ਦੀ ਭਾਸ਼ਾ ਹੁੰਦੀ ਹੈ
ਅਤੇ ਨਾ ਹਾਸੇ ਦੀ!
ਨਾ ਦਰਦ ਦੀ ਭਾਸ਼ਾ ਹੁੰਦੀ ਹੈ
ਅਤੇ ਨਾ ਸ਼ੋਖ਼ ਚਿਹਰੇ ਦੀ!
ਨਾ ਅੱਖਾਂ ਦੀ ਰੜਕ ਦੀ ਭਾਸ਼ਾ ਹੁੰਦੀ ਹੈ
ਨਾ ਪੈਰਾਂ ਦੇ ਛਾਲਿਆਂ ਦੀ!
ਨਾ ਅੱਗ ਦੇ ਸੇਕ ਦੀ ਭਾਸ਼ਾ ਹੁੰਦੀ ਹੈ
ਅਤੇ ਨਾ ਸੀਤਲ ਜਲ ਦੀ!
ਨਾ ਸੁਆਦ ਦੀ ਭਾਸ਼ਾ ਹੁੰਦੀ ਹੈ
ਅਤੇ ਨਾ ਬਿਖ਼ਰੀ ਖ਼ੁਸ਼ਬੂ ਦੀ!
ਨਾ ਬਹਾਰ ਦੀ ਭਾਸ਼ਾ ਹੁੰਦੀ ਹੈ
ਅਤੇ ਨਾ ਪੱਤਝੜ ਦੀ!
ਪਰ...
ਲੋਕ ਉਸ ਦੇ 'ਅਰਥ'
ਫਿਰ ਵੀ ਸਮਝਦੇ ਨੇ!
ਕਿਉਂਕਿ ਉਹਨਾਂ ਦੀ ਵੀ ਇਕ,
ਆਪਣੀ 'ਬੋਲੀ' ਅਤੇ ਬੋਲਣ ਦਾ 'ਢੰਗ' ਹੁੰਦੈ!!
......
ਕਾਸ਼...!
ਹਰ ਬੰਦਾ ਅੰਤਰਜਾਮੀ ਹੁੰਦਾ,
ਜੋ ਬੁੱਝ ਲੈਂਦਾ
ਹਰ ਇਕ ਦੇ ਮਨ ਦੀ ਪੀੜ
ਅਤੇ ਮਜਬੂਰੀ!
ਨਦੀ ਦੇ ਵਹਾਅ ਵੱਲ ਮੂੰਹ ਕਰਕੇ
ਮੈਨੂੰ ਇਹ ਉਲਾਂਭਾ ਨਾ ਦੇਹ
ਕਿ ਮੈਨੂੰ ਪਾਣੀ ਦੇ ਸਿਰੜ 'ਤੇ ਸ਼ੱਕ ਹੈ!
ਉਹ ਤਾਂ ਪਰਬਤ ਦੇ ਚਰਨਾਂ ਵਿਚ ਵਗ ਕੇ
ਆਪਣੀ ਨਿਮਰਤਾ ਤੇ ਧਾਰਨਾ ਦਾ
ਆਪ ਸਬੂਤ ਦੇ ਰਹੀ ਹੈ!
.....
ਜਦ ਸਰ੍ਹੋਂ ਦਾ ਫੁੱਲ
ਫੁਲਕਾਰੀ ਦੇ ਪੱਲੇ ਵਿਚ ਮਸਲ਼ ਕੇ
ਤੂੰ ਮੈਨੂੰ ਪੁੱਛਿਆ ਸੀ
ਕਿ ਦੱਸ ਹੁਣ ਇਹ,
ਸਵਰਗ ਗਿਆ ਹੈ ਕਿ ਨਰਕ?
ਤਾਂ ਮੈਂ ਤੈਨੂੰ ਇੱਕੋ ਉਤਰ ਮੋੜਿਆ ਸੀ
ਕਿ ਇਹ ਤੇਰੀ
ਬੇਰਹਿਮੀ ਦੀ 'ਭੇਂਟ' ਚੜ੍ਹਿਐ!
ਹੁਣ ਇਹਦੇ ਲਈ ਸਵਰਗ ਜਾਂ ਨਰਕ
ਕੋਈ ਮਾਅਨਾ ਹੀ ਨਹੀਂ ਰੱਖਦੇ!
ਕਿਉਂਕਿ ਭੇਂਟ ਚੜ੍ਹਨ ਵਾਲ਼ੇ
'ਮੁਕਤ' ਹੋ ਜਾਂਦੇ ਨੇ!
.....
ਜਦ ਤੇਰੇ ਸੜਦੇ ਹੋਂਠਾਂ ਦੀਆਂ ਪੰਖੜੀਆਂ
ਬਾਤ ਪਾਉਂਦੀਆਂ ਸਨ,
ਮੇਰੀਆਂ ਮੁੰਦੀਆਂ ਅੱਖੀਆਂ ਕੋਲ਼ ਜਾ
ਧਰਤ-ਅਸਮਾਨ ਦੀ,
ਬ੍ਰਿਹੋਂ ਤੇ ਸੰਯੋਗ ਦੀ,
ਤਾਂ ਮੈਂ ਉਹਨਾਂ ਵਿਚਲੇ ਫ਼ਾਸਲੇ ਦੀ
ਮਿਣਤੀ-ਗਿਣਤੀ ਵਿਚ ਭਟਕਦਾ ਹੀ,
ਦਿਨ ਚੜ੍ਹਾ ਲੈਂਦਾ ਸੀ
ਤੇ ਤੇਰੇ ਨਾਲ਼ ਹੰਢਾਈ ਜਾਣ ਵਾਲ਼ੀ ਰਾਤ ਵੀ
ਤੇਰੇ 'ਪ੍ਰਸ਼ਨ' ਦੀ ਬਲੀ ਹੀ ਚੜ੍ਹਦੀ ਸੀ!
....
ਯਾਦ ਹੈ...?
ਯਾਦ ਹੈ ਕੁਛ ਤੈਨੂੰ..??
ਤੂੰ ਮੈਨੂੰ ਸੂਰਜ ਦਾ ਸੋਹਿਲਾ
ਲਿਆਉਣ ਲਈ ਵੰਗਾਰ ਪਾਈ ਸੀ?
ਪਰ ਮੈਂ ਤਾਂ ਘਿਰਿਆ ਰਿਹਾ
ਗ੍ਰਹਿਆਂ ਦੀ ਚਾਲ ਵਿਚ
ਧੁਰ ਤੱਕ ਪਹੁੰਚਣ ਲਈ
ਮੈਨੂੰ ਮਾਰਗ ਹੀ ਨਹੀਂ ਮਿਲਿਆ
ਜਿਸ ਨੂੰ ਵੀ ਰਾਹ ਪੁੱਛਦਾ,
ਕੋਈ 'ਚਿਤਰ' ਬਾਰੇ ਕਹਿੰਦਾ,
ਤੇ ਕੋਈ 'ਗੁਪਤ' ਦੀ ਦੱਸ ਪਾਉਂਦਾ
..ਤੇ ਮੈਂ ਰੁਲ਼ਦਾ-ਖੁਲ਼ਦਾ,
ਟੁੱਟੇ ਤਾਰੇ ਦੀ ਰਾਖ਼ ਲੈ ਕੇ ਹੀ
ਪਰਤ ਆਇਆ ਸੀ...!
.....
ਪਰ ਤੂੰ ਉਦਾਸ ਨਾ ਹੋ..!!
ਧਰਤੀਆਂ ਹੋਰ ਬਹੁਤ ਨੇ!
ਤੇ ਜਨਮ ਵੀ ਅਨੇਕ!!
ਸ਼ਾਇਦ ਕਿਸੇ ਜਨਮ ਵਿਚ
ਤੇਰਾ ਚੰਦਰਮਾ ਨਾਲ਼
ਮੇਲ ਹੋ ਜਾਵੇ?
ਕਹਿੰਦੇ ਉਹ ਸੂਰਜ ਤੋਂ
ਰੌਸ਼ਨੀ ਉਧਾਰੀ ਲੈਂਦਾ ਹੈ!
ਉਹਨਾਂ ਦੀ ਸਾਂਝ ਦੀ ਤਾਂ ਲੋਕ
ਕਮਲ਼ੀਏ ਦਾਦ ਦਿੰਦੇ ਨੇ!
ਤੇਰੀ ਚਾਹਤ ਮੈਂ ਨਹੀਂ ਤਾਂ,
ਇਕ ਨਾ ਇਕ ਦਿਨ ਚੰਦਰਮਾ
ਜ਼ਰੂਰ ਪੂਰੀ ਕਰੇਗਾ!
.....
ਠਹਿਰ ਜ਼ਰਾ..!
ਇਕ ਗੱਲ ਦੱਸ ਦੇਵਾਂ...
ਚੰਦਨ ਦੇ ਰੁੱਖ ਹੇਠ ਬੈਠ
ਮਣੀ ਦੀਆਂ ਬੁਝਾਰਤਾਂ ਨਾ ਪਾਇਆ ਕਰ
ਚੰਦਨ ਦੇ ਰੁੱਖ ਨਾਲ,
ਸੱਪ ਲਿਪਟੇ ਹੁੰਦੇ ਨੇ
...ਤੇ ਮਣੀ,
ਨਾਗ ਦੇ ਸਿਰ ਵਿਚ ਹੁੰਦੀ ਹੈ!
ਰੇਗਿਸਤਾਨ ਦੀ ਬੁੱਕਲ਼ ਵਿਚ ਬੈਠ
ਕਸਤੂਰੀ ਲੱਭਣ ਦੀ
ਜ਼ਿੱਦ ਵੀ ਨਾ ਕਰਿਆ ਕਰ
ਕਸਤੂਰੀ ਵੀ ਸੁਣਿਐਂ
ਕਾਲ਼ੇ ਨੈਣਾਂ ਵਾਲ਼ੇ ਮਿਰਗ ਦੀ
ਨਾਭੀ ਵਿਚ ਹੁੰਦੀ ਹੈ,
ਜੋ ਖ਼ੁਦ ਉਸ ਦੀ ਹੀ ਭਾਲ਼ ਵਿਚ
ਆਖ਼ਰ ਨੂੰ ਪ੍ਰਾਣ-ਹੀਣ ਹੋ ਜਾਂਦੈ!
......
ਪੁੱਛ ਕੇ ਦੇਖੀਂ ਕਿਸੇ ਦਿਨ
ਮੰਦਰ ਦੇ ਪੱਥਰਾਂ ਨੂੰ
ਕਿ ਹੁਣ ਉਹਨਾਂ ਨੂੰ ਧੂਫ਼ 'ਚੋਂ
ਕਿੰਨੀ ਕੁ ਮਹਿਕ ਆਉਂਦੀ ਹੈ?
ਹੁਣ ਤਾਂ ਉਹ ਵੀ ਆਦਮ-ਜ਼ਾਤ ਵਾਂਗ
ਸਿਲ਼-ਪੱਥਰ ਹੀ ਹੋ ਗਏ ਹੋਣਗੇ
ਅਤੇ ਖਿਝਦੇ ਹੋਣਗੇ ਕਿਸੇ ਦੀ
ਅੰਨ੍ਹੀ ਸ਼ਰਧਾ 'ਤੇ!
ਜਾਂ ਫਿਰ ਹੱਸਦੇ ਹੋਣਗੇ ਮਾਣਸ-ਜ਼ਾਤ 'ਤੇ
ਕਿ ਤੁਹਾਡੇ ਨਾਲ਼ੋਂ ਤਾਂ ਅਸੀਂ ਹੀ ਬਿਹਤਰ ਹਾਂ,
ਜਿੰਨਾਂ ਦੀ ਇਬਾਦਤ ਤਾਂ ਹੁੰਦੀ ਹੈ!
.....
ਖਿਝਿਆ ਨਾ ਕਰ ਤੂੰ ਮੇਰੀ ਸ਼ਰਾਬ ਤੋਂ
ਤੂੰ ਆਦਮ-ਜ਼ਾਤ ਤੋਂ ਡਰਿਆ ਕਰ!
ਮੈਂ ਤਾਂ ਸ਼ਰਾਬ ਹੀ ਪੀਂਦਾ ਹਾਂ,
ਕੋਈ ਦਰਦ ਭੁਲਾਉਣ ਵਾਸਤੇ,
ਪਰ....
ਅੱਜ ਕੱਲ੍ਹ ਆਦਮ-ਜ਼ਾਤ ਨੂੰ
ਮਾਣਸ ਦਾ ਖ਼ੂਨ ਪੀਣ ਦਾ ਸ਼ੌਕ ਪੈ ਗਿਐ!
.....
ਨਾਲ਼ੇ ਵਾਰ ਵਾਰ ਪੌਣਾਂ ਨੂੰ
ਵੰਗਾਰਾਂ ਨਾ ਪਾਇਆ ਕਰ
ਬ੍ਰਹਿਮੰਡ ਵਿਚ ਉਹਨਾਂ 'ਤੇ ਕੋਈ
ਪਾਬੰਦੀ ਨਹੀਂ!
ਪਰਬਤਾਂ 'ਤੇ ਵਾਸ ਕਰਨ ਵਾਲਿਆਂ ਨੂੰ
ਸੀਮਾਵਾਂ ਦਾ ਘੇਰਾ ਨਹੀਂ ਦੱਸੀਦਾ
ਤੇ ਨਾ ਹੀ ਕਿਰਨਾਂ ਨੂੰ
ਉਹਨਾਂ ਦੀ ਹੱਦ ਦਾ ਮਿਹਣਾ ਮਾਰੀਦੈ
ਸਾਢੇ ਤਿੰਨ ਹੱਥ ਧਰਤੀ ਤਾਂ,
ਸਿਰਫ਼ ਬੰਦੇ ਦੀ ਮਲਕੀਅਤ ਹੈ,
ਬਾਕੀ ਸਭ ਉਸ ਤੋਂ ਕਿਤੇ ਅਮੀਰ ਨੇ!!!
1 comment:
ਮਾਣਯੋਗ ਕੁੱਸਾ ਸਾਹਿਬ ਜੀਓ !
ਅਦਬ ਸਹਿਤ ਸਤਿ ਸ੍ਰੀ ਅਕਾਲ!!
ਛੋਟੇ ਵੀਰ ਨੂੰ ਮਾਫ਼ ਕਰਨਾ, ਕਿ ਆਪਦਾ ਧੰਨਵਾਦ ਨਹੀਂ ਕਰ ਸਕਿਆ- ਐਨ ਓਸ ਮੌਕੇ 'ਤੇ !
ਪਰ ਬਾਈ, ਤੂੰ ਤਾਂ ਸਮ੍ਹੇਂ -ਸਮੇਂ ਸਿਰ 'ਆਰ' ਲਾਉਂਦਾ ਹੀ ਰਿਹਾ ।..ਤੇ ਮੈਂ ਮ੍ਹੌਲਾ, ਨਗੌਰੀ ਵੈਹੜਕੇ ਵਾਂਗੂੰ- ਇਲਤਾਂ ਕਰਦਾ ਕਰਦਾ ਕਦੇ ਕਦੇ ਐਵੇਂ ਸਾਨ੍ਹਾਂ ਦੇ ਭੇੜ 'ਚ ਖਰਬਲੀ ਮਚਾਉਂਦਾ ਰਿਹਾ..._...
ਵੈੜ੍ਹ ਦੇ ਸਿਰ 'ਚ ਨਾਗਮਣੀ ਦੇਖਣ ਲਈ !
ਪਰ ਕੀ ਕੀਤਾ ਜਾਵੇ ...? ! ?
ਮਨ ਬਾਂਸ ਨੇ ਸੁਗੰਧੀਆਂ ਨਾ ਪਾਈਆਂ....ਚੰਦਨਾਂ 'ਚ ਵਾਸ ਕਰਕੇ ...!!! ਸਾਡੇ ਨਾਲੋਂ ਤਾਂ ਕਾਲੇ ਨਾਗ ਹੀ ਚੰਗੇ....!!
ਇਕ ਗੱਲ ਦੱਸ ਦੇਵਾਂ...
ਚੰਦਨ ਦੇ ਰੁੱਖ ਹੇਠ ਬੈਠ
ਮਣੀ ਦੀਆਂ ਬੁਝਾਰਤਾਂ ਨਾ ਪਾਇਆ ਕਰ
ਚੰਦਨ ਦੇ ਰੁੱਖ ਨਾਲ,
ਸੱਪ ਲਿਪਟੇ ਹੁੰਦੇ ਨੇ
...ਤੇ ਮਣੀ,
ਪਰ ਬਾਈ, ਤੇਰੀ ਕਵਿਤਾ 'ਨਾਗਮਣੀ' ਐਨੀ ਪਾਏਦਾਰ ਹੈ ,ਐਨੀ ਵਧੀਆ ਹੈ – ਨਾਗਣ ਤਾਂ ਆਪੇ ਉੱਡਣੇ ਸੱਪਾਂ ਦੀ ਕੁੰਜ ਲਾਹ ਕੇ ਸੇਜ ਵਿਛਾਉਂਦੀ ਹੋਵੇਗੀ ....!..ਨਾਗਮਣੀ ਦਾ ਟਿਕਾਣਾ ਦੱਸਣ ਲਈ !!
ਮੈਂ ਤਾਂ ਸ਼ਰਾਬ ਹੀ ਪੀਂਦਾ ਹਾਂ,
ਕੋਈ ਦਰਦ ਭੁਲਾਉਣ ਵਾਸਤੇ,
ਪਰ....
ਅੱਜ ਕੱਲ੍ਹ ਆਦਮ-ਜ਼ਾਤ ਨੂੰ
ਮਾਣਸ ਦਾ ਖ਼ੂਨ ਪੀਣ ਦਾ ਸ਼ੌਕ ਪੈ ਗਿਐ!
ਕਾਸ਼ ! ਮਾਣਸ ਜਾਤ ਸਾਡੇ ਦੁੱਖ ਵੀ ਪੀ ਲੈਂਦੀ !! ਜਾਂ............. ਪੀ ਲਵੇ !
ਪਰਬਤਾਂ 'ਤੇ ਵਾਸ ਕਰਨ ਵਾਲਿਆਂ ਨੂੰ
ਸੀਮਾਵਾਂ ਦਾ ਘੇਰਾ ਨਹੀਂ ਦੱਸੀਦਾ
ਤੇ ਨਾ ਹੀ ਕਿਰਨਾਂ ਨੂੰ
ਉਹਨਾਂ ਦੀ ਹੱਦ ਦਾ ਮਿਹਣਾ ਮਾਰੀਦੈ
ਸਾਢੇ ਤਿੰਨ ਹੱਥ ਧਰਤੀ ਤਾਂ,
ਸਿਰਫ਼ ਬੰਦੇ ਦੀ ਮਲਕੀਅਤ ਹੈ,
ਬਾਕੀ ਸਭ ਉਸ ਤੋਂ ਕਿਤੇ ਅਮੀਰ ਨੇ!!!
ਉੱਚੀਆਂ ਇਮਾਰਤਾਂ ਦਾ ਮਾਣ ਨਾ ਤੂੰ ਕਰ ..ਜਦੋਂ ਆਉਂਦਾ ਏ ਭੁਚਾਲ ਇਹ ਗਿਰ ਜਾਂਦੀਆਂ ..............!!
ਪਰ ਬਾਈ ਜੀ ! 'ਸਾਢੇ ਤਿੰਨ ਹੱਥ ਧਰਤੀ' ਵਾਲੀ ਗੱਲ..!.. ਬੰਦਾ ਭੁਲਾਈ ਬੈਠਾ ਹੈ !!
ਪਰ ਤੂੰ ਉਦਾਸ ਨਾ ਹੋ..!!
ਧਰਤੀਆਂ ਹੋਰ ਬਹੁਤ ਨੇ!
ਤੇ ਜਨਮ ਵੀ ਅਨੇਕ!!
ਸ਼ਾਇਦ ਕਿਸੇ ਜਨਮ ਵਿਚ
ਤੇਰਾ ਚੰਦਰਮਾ ਨਾਲ਼
ਮੇਲ ਹੋ ਜਾਵੇ?
ਚਕੋਰ ਦੇ ਹੌਸਲੇ ਤੋਂ ਕੁਰਬਾਨ ..!!
ਅੰਤ 'ਚ, ਇਹੇ ਹੀ ਕਹਿ ਸਕਦੇ ਹਾਂ ਕਿ ਭਾਸ਼ਾ ਤਾਂ ਇੱਕ ਨਿੱਕੇ ਜਿਹੇ ਅਹਿਸਾਸ (ਅਹਿਸਾਸ 'ਚ) ਦੀ ਹੁੰਦੀ ਹੈ , ..ਪਰ ਜੇ ਕੋਈ ਸਮਝੇ ਤਾਂ...!!
'ਨਾਗਮਣੀ ਨਾ ਸਮਝ ਕੇ ਵੀ ਸਮਝਣ ਵਾਲਾ -
ਆਪਦਾ ਨਿੱਕਾ ਵੀਰ ,
ਗੁਰਮੇਲ ਬਦੇਸ਼ਾ !!
ਸਰੀ, ਕੈਨੇਡਾ
Post a Comment