ਜਨਮ: 1 ਫਰਵਰੀ, 1941
ਅਜੋਕਾ ਨਿਵਾਸ: 1962 ਤੋਂ ਯੂ.ਕੇ.
ਕਿੱਤਾ: ‘ਕਿਸਮਤ’ ਰੇਡਿਓ ਲੰਡਨ ਤੇ ਹੋਸਟ
ਕਿਤਾਬਾਂ: ਸਮੁੰਦਰੋਂ ਪਾਰ, ਉੱਡਦੀਆਂ ਤਿਤਲੀਆਂ ਮਗਰ, ਅੱਗ ਖਾਣ ਪਿੱਛੋਂ, ਪ੍ਰੇਮ ਖੇਲਨ ਕਾ ਚਾਉ, ਸਮੇਂ ਦੇ ਪੈਰ ਚਿੰਨ੍ਹ, ਕਦੇ ਸਾਹਿਲ ਕਦੇ ਸਮੁੰਦਰ, ਮੌਸਮ ਖ਼ਰਾਬ ਹੈ, ਤਿੜਕਿਆ ਸ਼ਹਿਰ ਆਦਿ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਾਥੀ ਸਾਹਿਬ ਨਜ਼ਮਾਂ,ਮਿੰਨੀ ਕਹਾਣੀਆਂ ਅਤੇ ਨਿਬੰਧ ਲਿਖਦੇ ਹਨ।
---
ਇਨਾਮ-ਸਨਮਾਨ: ਪੰਜਾਬ ਦਰਕਾਰ ਵੱਲੋਂ ਸਾਹਿਤ ਸ਼੍ਰੋਮਣੀ ਮੈਵਾਰਡ ( 1985), ਪੰਜਾਬੀ ਅਕਾਦਮੀ ਲਾਇਸੈਸਟਰ ਵੱਲੋਂ ‘ਦ ਲਾਈਫ਼ ਟਾਈਮ ਲਿਟ੍ਰੇਰੀ ਅਚੀਵਮੈਂਟ (2006), ਲੰਡਨ ਦੇ ਮੇਅਰ ਵੱਲੋਂ ਰੇਡਿਓ ਟੀ.ਵੀ. ਤੇ ਪ੍ਰਾਪਤੀਆਂ ਲਈ ਸਨਮਾਨਿਤ ( 2001), ਦ ਹਾਊਸ ਆਫ਼ ਕਾਮਨਜ਼ ‘ਚ ਬ੍ਰਿਟੇਨ ਦੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਕਲਚਰਲ ਐਵਾਰਡ (2007) ਅਤੇ ਹੋਰ ਬਹੁਤ ਸਾਰੇ ਇਨਾਮਾਂ ਨਾਲ਼ ਸਾਥੀ ਸਾਹਿਬ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।
---
ਸਾਥੀ ਸਾਹਿਬ ਨੇ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਭੇਜ ਕੇ ਆਰਸੀ ‘ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਖ਼ੁਸ਼ਆਦਦੀਦ ਤੇ ਸ਼ੁਕਰੀਆਂ ਆਖਦੀ ਹੋਈ ਉਹਨਾਂ ਦੀ ਗ਼ਜ਼ਲ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਗ਼ਜ਼ਲ
ਉਸ ਦਾ ਦਰਦ ਅੱਥਰੂ ਬਣ ਕੇ ਅੱਖ਼ ਚੋਂ ਕਿਰ ਗਿਆ ਹੋਣਾ।
ਉਸ ਦਾ ਆਹਲਣਾ ਜਦ ਤਿਣਕਾ ਤਿਣਕਾ ਬਿਖ਼ਰਿਆ ਹੋਣਾ।
----
ਹੁਣ ਇਹ ਸ਼ਾਂਤ ਦਿਸਦਾ ਹੈ, ਲਹਿਰਾਂ ‘ਚ ਵੀ ਨਹੀਂ ਹਲਚਲ,
ਤੂਫ਼ਾਨਾਂ ਦੇ ਸਮੇਂ ਸਾਗ਼ਰ ਇਹ ਕਿੰਨਾ ਤੜਪਿਆ ਹੋਣਾ।
----
ਪਿਆਸਾ ਸੀ, ਸਮੁੰਦਰ ਕੋਲ਼ ਤਾਂ ਉਹ ਅੱਪੜ ਚੁੱਕਿਆ ਸੀ,
ਪਾਣੀ ਪੀ ਕੇ ਨਹੀਂ ਮਰਿਆ, ਪਿਆਸਾ ਮਰ ਗਿਆ ਹੋਣਾ।
----
ਉਸ ਨੂੰ ਤਦੇ ਤਾਂ ਹੁਣ ਇਹ ਖ਼ਿਜ਼ਾਂ ਚੰਗੀ ਨਹੀਂ ਲਗਦੀ,
ਉਸ ਦੇ ਬਾਗ਼ ਵਿਚ ਕੋਈ ਬੜਾ ਹੀ ਚਿਰ ਮਹਿਕਿਆ ਹੋਣਾ।
----
ਸ਼ਿਕਾਰੀ ਦਾ ਨਿਸ਼ਾਨਾ ਲੱਗ ਗਿਆ ਹੋਣਾ ਨਿਸ਼ਾਨੇ ‘ਤੇ,
ਭੋਂ ‘ਤੇ ਡਿੱਗ ਕੇ ਪੰਛੀ ਬੜਾ ਹੀ ਚਿਰ ਤੜਪਿਆ ਹੋਣਾ।
----
ਉਸ ਦੇ ਪੈਰ ਪੱਥਰ ਹੋ ਗਏ ਹੋਣੇ ਨੇ ਦਰ ਅੰਦਰ,
ਜਦ ਉਹ ਆਪਣੇ ਘਰ ਵਿਚ ਗ਼ੈਰ ਦੇ ਵਾਂਗਰ ਗਿਆ ਹੋਣਾ।
----
ਬਹੁਤ ਛੋਟਾ ਸੀ, ਉਹ ਤਾਂ ਗੁੰਮ ਗਿਆ ਹੋਣਾ ਖ਼ਿਲਾਅ ਅੰਦਰ,
ਜੁਗਨੂੰ ਵਿੱਤ ਮੁਤਾਬਕ ਰੋਸ਼ਨੀ ਤਾਂ ਕਰ ਗਿਆ ਹੋਣਾ।
----
ਪਰਬਤ ਤੋਂ ਵੀ ਉੱਚਾ ਸੀ, ਸਮੁੰਦਰ ਤੋਂ ਵੀ ਗ਼ਹਿਰਾ ਸੀ,
ਉਹ ਸ਼ਖ਼ਸ ਛਾ ਗਿਆ ਹੋਣਾ, ਜਿਧਰ ਗਿਆ ਹੋਣਾ।
----
ਉਸ ਦਾ ਅੰਗ ਅੰਗ ਤਾਂ ਬੜਾ ਹੀ ਨਸ਼ਿਆ ਗਿਆ ਹੋਣਾ,
‘ਸਾਥੀ’ ਅਚਨਚੇਤੀ ਯਾਰ ਦੇ ਜਦ ਘਰ ਗਿਆ ਹੋਣਾ।
No comments:
Post a Comment