ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, June 20, 2009

ਜਸਵੰਤ ਦੀਦ - ਨਜ਼ਮ

ਸਾਹਿਤਕ ਨਾਮ: ਜਸਵੰਤ ਦੀਦ

ਜਨਮ : ਪਿੰਡ ਸ਼ਾਹਕੋਟ

ਅਜੋਕਾ ਨਿਵਾਸ: ਜਲੰਧਰ, ਪੰਜਾਬ

ਕਿਤਾਬਾਂ: ਕਹਾਣੀ ਸੰਗ੍ਰਹਿ: ਇੱਕ ਲੱਪ ਯਾਦਾਂ ਦੀ, ਕਾਵਿ-ਸੰਗ੍ਰਹਿ: ਬੱਚੇ ਤੋਂ ਡਰਦੀ ਕਵਿਤਾ, ਅਚਨਚੇਤ, ਆਵਾਜ਼ ਆਏਗੀ ਅਜੇ, ਘੁੰਡੀ, ਕਮੰਡਲ, ਅਨੁਵਾਦ: ਜੰਗਲ ਦੀ ਕਹਾਣੀ, ਯਸ਼ਪਾਲ, ਸੰਪਾਦਨਾ: ਦੇਸ਼ ਵੰਡ ਦੀਆਂ ਕਹਾਣੀਆਂ, ਵਾਰਤਕ: ਧਰਤੀ ਹੋਰ ਪਰ੍ਹੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਇਨਾਮ-ਸਨਮਾਨ: ਦੀਦ ਸਾਹਿਬ ਨੂੰ ਉਹਨਾਂ ਦੇ ਕਾਵਿ-ਸੰਗ੍ਰਹਿ ਕਮੰਡਲ ਲਈ ਸਾਹਿਤ ਅਕਾਦਮੀ ਐਵਾਰਡ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ।

----

ਬਕੌਲ ਜਸਵੰਤ ਦੀਦ: - "ਮੈਂ ਐਕਸਟਰੀਮਿਸਟ ਹਾਂ...ਮੇਰੀ ਮੁਹੱਬਤ, ਮੇਰਾ ਕੰਮ ਤੇ ਮੇਰੀ ਕਵਿਤਾ ਤਿੰਨੋਂ ਇਸੇ ਤਰ੍ਹਾਂ ਹੀ ਸਿਖ਼ਰ ਛੂੰਹਦੇ ਹਨ.."

----

ਦੋਸਤੋ! ਸਾਡੇ ਲਈ ਬੜੇ ਮਾਣ ਵਾਲ਼ੀ ਗੱਲ ਹੈ ਕਿ ਆਰਸੀ ਤੇ ਜਸਵੰਤ ਦੀਦ ਸਾਹਿਬ ਦੀ ਪਹਿਲੀ ਵਾਰ ਹਾਜ਼ਰੀ ਲੱਗਣ ਜਾ ਰਹੀ ਹੈ। ਅੱਜ ਉਹਨਾਂ ਨਾਲ਼ ਫੋਨ ਤੇ ਗੱਲ ਹੋਈ ਤਾਂ ਉਹਨਾਂ ਨੇ ਬੜੀ ਖ਼ੁਸ਼ੀ ਨਾਲ਼ ਆਪਣੀਆਂ ਰਚਨਾਵਾਂ ਬਲੌਗ ਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ, ਮੈਂ ਉਹਨਾਂ ਦੀ ਤਹਿ ਦਿਲੋਂ ਮਸ਼ਕੂਰ ਹਾਂ। ਸਾਰੇ ਆਰਸੀ ਪਰਿਵਾਰ ਵੱਲੋਂ ਦੀਦ ਸਾਹਿਬ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਉਹਨਾਂ ਦੀਆਂ ਚਾਰ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਦਵਿੰਦਰ ਪੂਨੀਆ ਜੀ ਨੇ ਦੀਦ ਸਾਹਿਬ ਦੀ ਕਿਤਾਬ ਮੈਨੂੰ ਪੜ੍ਹਨ ਲਈ ਦਿੱਤੀ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ 'ਤਮੰਨਾ'

***********

ਤਾਜ਼ਾ

ਨਜ਼ਮ

ਮੈਂ ਜਦ ਵੀ ਪੁਰਾਣਾ ਹੋਣ ਲਗਦਾ ਹਾਂ

ਤੇਰੀ ਆਵਾਜ਼ ਸੁਣਦੀ ਹੈ....

ਨਵਾਂ ਨਕੋਰ ਹੋ ਜਾਂਦਾ ਹਾਂ

ਹੁਣੇ ਆਵੀ ਤੋਂ ਲਾਹਿਆ

ਨਵਾਂ ਨਕੋਰ ਬਰਤਨ

ਗਿੱਲਾ, ਕੱਚਾ, ਹੱਥਾਂ ਦੀਆਂ ਧਾਰੀਆਂ

ਨਾਲ਼ ਸੰਵਾਰਿਆ

ਅੱਗ ਚ ਜਾਣ ਤੋਂ ਪਹਿਲਾਂ ਦਾ

ਰੂਪ

ਹੁਣੇ ਤੇਰੇ ਤੇਜ਼ ਘੁੰਮਦੇ ਚੱਕੇ ਤੋਂ ਉੱਤਰਿਆ...

======

ਦਾ ਐਇੰਡ

ਨਜ਼ਮ

ਤੈਨੂੰ ਅਦਾਕਾਰੀ ਦਾ ਸ਼ੌਕ ਸੀ

ਮੈਨੂੰ ਤਜਰਬੇ ਦਾ,

ਤੂੰ ਕਿਸੇ ਨਸ਼ੇ ਅੰਦਰ

ਮੁਦਰਾਵਾਂ ਬਦਲਦੀ

ਮੈਂ ਤੇਰੇ ਵੱਖੋ ਵੱਖ ਐਂਗਲ ਸ਼ੂਟ ਕਰਦਾ

...........

ਮੈਨੂੰ ਤੇਰੇ ਕਲੋਜ਼ ਅੱਪ ਡੱਲ ਲੱਗਣ ਲੱਗੇ ਅਚਾਨਕ

ਤੈਨੂੰ ਮੇਰੀ ਨਿਰਦੇਸ਼ਨਾ ਤੇ ਸ਼ੱਕ ਹੋਣ ਲੱਗਾ

..................

ਅੱਜ ਤੱਕ ਰਫ-ਕੱਟ

ਰੁਲ਼ਦੇ ਪਏ

========

ਅੱਜ-ਕੱਲ੍ਹ

ਨਜ਼ਮ

ਮੈਨੂੰ ਤੇਰਾ ਖ਼ਿਆਲ

ਬਹੁਤ ਘੱਟ ਆਉਂਦਾ ਹੈ

ਕਿਤੇ ਕਿਤੇ

ਜਿਵੇਂ ਯਾਦਦਾਸ਼ਤ ਗੁਆ ਚੁੱਕਾ ਕੋਈ ਆਦਮੀ

ਆਪਣਾ ਨਾਂ ਲਵੇ

ਤੇ ਰੋ ਪਵੇ

ਜਾਂ ਹੱਸ

ਤੇ ਫੇਰ ਚੁੱਪ ਦੀ ਕੰਡੇਦਾਰ ਝਾੜੀ ਚੋਂ

ਕੱਢਦਾ ਰਹੇ ਆਪਣਾ ਆਪ

ਲਗਾਤਾਰ

==========

ਐੱਸ.ਐੱਮ.ਐੱਸ.

ਨਜ਼ਮ

ਤੂੰ ਮੇਰਾ ਹੱਥ ਫੜਿਆ

.........

ਖਿੜੇ ਬਾਗਾਂ ਚੋਂ ਲੰਘਦਿਆਂ

ਮੈਂ ਤੈਨੂੰ ਚੁੰਮ ਲਿਆ

ਤੇਰਾ ਦੁਪੱਟਾ ਹਲਕਾ ਜਿਹਾ

ਉੜਿਆ

ਨਸ਼ਿਆਈ ਹਵਾ

ਤੇਰੀਆਂ ਨੀਲੀਆਂ ਅੱਖਾਂ ਅੰਦਰ ਜਾ ਗੁਆਚੀ

.........

ਜੰਗਲ਼ ਕਿੰਨਾ ਸੋਹਣਾ ਹੈ!

ਤੂੰ ਮੇਰੇ ਵੱਲ ਦੇਖਿਆ

............

ਇਹ ਤੂੰ ਮੈਨੂੰ ਕਿੱਥੇ ਲੈ ਆਈ ਹੈਂ?

ਮੈ ਤੇਰੇ ਵੱਲ ਝਾਕਿਆ

...............

ਪਹਾੜ ਦੀ ਕੰਦੀ ਤੋਂ

ਤੂੰ ਮੇਰਾ ਹੱਥ ਛੱਡ ਦਿੱਤਾ

................

ਮੇਰੀ ਆਵਾਜ਼

ਪਹਾੜਾਂ ਦਰੱਖਤਾਂ ਆਕਾਸ਼ਾਂ ਪਤਾਲਾਂ

ਨਾਲ਼ ਖਹਿੰਦੀ ਹੋਈ

..................

ਤੈਨੂੰ ਲੱਭ ਰਹੀ...


Friday, June 19, 2009

ਦਰਵੇਸ਼ - ਗੀਤ

ਗੀਤ

ਮੇਰੇ ਗੀਤਾਂ ਨੂੰ ਉਦਾਸੀਆਂ ਚ ਡੁੱਬ ਲੈਣ ਦੇ,

ਪਾ ਨਾ ਝਾਂਜਰਾਂ ਦਾ ਸ਼ੋਰ।

ਮੈਨੂੰ ਆਪਣੀ ਕਬਰ ਅੱਜ ਪੁੱਟ ਲੈਣ ਦੇ,

ਪਾ ਨਾ ਝਾਂਜਰਾਂ ਦਾ ਸ਼ੋਰ।

----

ਜਦੋਂ ਧੁੰਦ ਦਿਆਂ ਬੱਦਲ਼ਾਂ ਨਾਲ਼ ਵਾਹ ਪੈ ਗਿਆ,

ਚਿੱਟੇ ਮੀਂਹ ਦੇ ਭੁਲੇਖੇ ਹਾਉਕਾ ਪੱਲੇ ਪੈ ਗਿਆ।

ਬੂਹੇ ਆਏ ਹਾਉਕਿਆਂ ਨੂੰ ਵਿਹੜੇ ਰਹਿਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

----

ਰੋਸਾ ਕਾਹਤੋਂ ਪਰਛਾਵਿਆਂ ਤੇ ਕਰਦਾ ਫਿਰਾਂ,

ਅੱਕ ਫੰਭੜੀ ਹਨੇਰਿਆਂ ਚੋਂ ਫੜਦਾ ਫਿਰਾ।

ਬੂਟੇ ਪੱਟੀਂ ਨਾ ਅੱਕਾਂ ਦੇ ਘਰੋਂ ਖੜ੍ਹੇ ਰਹਿਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

----

ਮੇਰਾ ਮਾਰੂਥਲੀ ਲੀਕ ਜਿੰਨਾ ਕੱਦ ਰਹਿ ਗਿਆ,

ਕੌਣ ਵਾਵਰੋਲ਼ਾ ਸਿਰ ਤੋਂ ਛੁਹਾ ਕੇ ਲੈ ਗਿਆ।

ਕਾਹਤੋਂ ਚੇਤਿਆਂ ਚੋਂ ਲੱਥਾ ਚੰਦਰੀ ਸ਼ੁਦੈਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

----

ਤਲ਼ੀਆਂ ਦੇ ਪਾਣੀਆਂ ਤੋਂ ਫੁੱਲ ਸੁੱਕ ਗਏ,

ਅਣਪਾਏ ਪੈਣ ਛਾਤੀ ਵਿਚ ਮੁੱਕ ਗਏ।

ਠੰਢੀ ਚੁੱਪ ਨੂੰ ਪੌਣਾਂ ਦੇ ਸੰਗ ਪੁੱਗ ਲੈਣ ਦੇ...

ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....

******

ਦਰਵੇਸ਼ ਜੀ ਦਾ ਇਹ ਗੀਤ ਕਾਪੀਰਾਈਟਡ ਹੈ।

Thursday, June 18, 2009

ਰਾਜਿੰਦਰ ਜਿੰਦ - ਗ਼ਜ਼ਲ

ਗ਼ਜ਼ਲ

ਕਿਥੇ ਲੈ ਜਾਵਾਂ ਇਸ ਦਿਲ ਨੂੰ, ਦੂਰ ਦੂਰ ਤੱਕ ਨ੍ਹੇਰੇ ਨੇ।

ਮਜਬੂਰੀ ਨੇ ਖਾ ਲਿਆ ਸੂਰਜ, ਜਿਸਦੇ ਹੱਥ ਸਵੇਰੇ ਨੇ।

----

ਐਸੀ ਸ਼ਾਮ ਪਈ ਹੈ ਸਿਰ ਤੇ ਰਾਤ ਗ਼ਮਾਂ ਦੀ ਮੁਕਦੀ ਨਹੀਂ,

ਕਿਸ ਦਾ ਫੜ ਕੇ ਹੱਥ ਤੁਰਾਂ ਹੁਣ, ਉਂਝ ਤਾਂ ਯਾਰ ਬਥੇਰੇ ਨੇ।

----

ਗ਼ਮ ਦੀ ਕਾਲ਼ੀ ਕਾਲਖ ਨੂੰ ਮੈਂ ਲੱਖ ਹੰਝੂਆਂ ਨਾਲ਼ ਧੋਤਾ ਸੀ,

ਦਿਲ ਤੋਂ ਦਾਗ਼ ਨਾ ਫਿਰ ਵੀ ਜਾਂਦੇ ਐਸੇ ਗਏ ਉਕੇਰੇ ਨੇ।

----

ਹੁਣ ਤਾਂ ਸਿਰ ਢਕਣ ਲਈ ਕੋਈ ਐਸੀ ਛੱਤ ਵੀ ਦਿਸਦੀ ਨਹੀਂ,

ਜਿਧਰ ਦੇਖਾਂ ਹਰ ਘਰ ਦੇ ਹੀ ਢੱਠੇ ਪਏ ਬਨੇਰੇ ਨੇ।

----

ਮਜਬੂਰੀ, ਮੱਕਾਰੀ, ਧੋਖਾ ਦਿਲ ਨੂੰ ਲੁੱਟ ਚੁਫ਼ੇਰੇ ਹੈ,

ਕਿਥੇ ਜਾਣ ਵਿਚਾਰੇ ਜਿਹਨਾਂ ਦਿਲ ਨਾਲ਼ ਲੈ ਲਏ ਫੇਰੇ ਨੇ।

----

ਕਾਵਾਂ ਦੇ ਇਸ ਦੇਸ਼ ਚ ਘੁੱਗੀਆਂ ਮਰ ਮਰ ਕੇ ਹੀ ਜੀਣਾ ਏਂ,

ਪੱਥਰ ਫਿਰ ਵੀ ਮੋਮ ਪਏ ਨੇ ਬੁਕ ਬੁਕ ਹੰਝੂ ਕੇਰੇ ਨੇ।


Wednesday, June 17, 2009

ਸ਼ੇਰ ਸਿੰਘ ਕੰਵਲ - ਗ਼ਜ਼ਲ

ਗ਼ਜ਼ਲ

ਲਹਿਰਾਂ ਨੇ ਜਦ ਰੋਲ਼ਿਆ ਚੰਨ ਦਾ ਪਰਛਾਵਾਂ।

ਖੁਰਿਆ ਸਾਰੀ ਝੀਲ ਵਿਚ ਉਸ ਦਾ ਸਿਰਨਾਵਾਂ।

----

ਰੁੱਖ ਉਦਾਸੇ ਮੌਲ ਪਏ ਨਸ਼ਿਆਏ ਝੂੰਮੇ,

ਵਰ੍ਹੀਆਂ ਜਦ ਸਿਰ ਜੋੜ ਕੇ ਘਨਘੋਰ ਘਟਾਵਾਂ।

----

ਹੁੰਦੇ ਪੱਟੇ ਹਵਾ ਦੇ ਰੁੱਖ ਜੜ੍ਹਾਂ ਲਗਾਉਂਦੇ,

ਸਾਨੂੰ ਤਾਂ ਪਰ ਪੱਟਿਆ ਹੈ ਸ਼ੋਖ਼ ਅਦਾਵਾਂ।

----

ਇਕ ਇਕ ਕਰਕੇ ਹੰਸ ਦਿਨਾਂ ਦੇ ਉੱਡਦੇ ਜਾਂਦੇ,

ਰੁਕਦੀ ਨਾ ਇਹ ਡਾਰ ਹਾਏ! ਲੱਖ ਬਣਤ ਬਣਾਵਾਂ।

----

ਅਕਸ ਆਪਣੇ ਨਾਲ਼ ਲੜੇ ਮੱਥਾ ਭੰਨਵਾਵੇ,

ਦੱਸੋ ਮੈਂ ਉਸ ਚਿੜੀ ਨੂੰ ਕੀਕਰ ਸਮਝਾਵਾਂ।

----

ਅਪਣੇ ਅਪਣੇ ਆਖ ਘਰਾਂ ਵਿਚ ਵਸੀਏ-ਰਸੀਏ,

ਹੋਰਾਂ ਦੇ ਹਿੱਸੇ ਆਉਂਣੀਆਂ ਕਲ੍ਹ ਇਹ ਹੀ ਥਾਵਾਂ।

----

ਆਇਆ ਹੈਂ, ਨਾ ਆ ਰਿਹੈਂ, ਨਾ ਹੀ ਤੈਂ ਆਉਣੈਂ,

ਐਵੈਂ ਝੱਲਿਆਂ ਵਾਂਗ ਨਿਮਾਣੇ ਤੱਕੀਏ ਰਾਹਵਾਂ।

----

ਛੰਡੇ ਉਸਨੇ ਜਦੋਂ ਨਹਾ ਕੇ ਕੇਸ ਸੁਨਹਿਰੀ,

ਟੁੱਟੀਆਂ ਇਕੋ ਵਾਰ ਅਸਾਂ ਤੇ ਲੱਖ ਬਲਾਵਾਂ।

----

ਅਮਰ ਵੇਲ ਦੇ ਵਾਂਗ ਪਹਿਲੋਂ ਰੁੱਖ ਦੀ ਰੱਤ ਪੀਤੀ,

ਇਸ ਤੋਂ ਹੀ ਫਿਰ ਭਾਲ਼ਦੇ ਹੋ ਠੰਢੀਆਂ ਛਾਵਾਂ?


ਰੂਪ ਨਿਮਾਣਾ - ਗ਼ਜ਼ਲ

ਗ਼ਜ਼ਲ
(ਬਹਿਰ-- ਰਜਜ਼ ਮੁਸੱਮਨ ਸਾਲਿਮ )

ਰਬ ਤੋਂ ਸਹਾਰਾ ਕੀ ਲਵਾਂ , ਮੇਰਾ ਸਹਾਰਾ ਤੂੰ ਹੀ ਹੈਂ !
ਤੈਥੋਂ ਕਿਨਾਰਾ ਕੀ ਕਰਾਂ , ਮੇਰਾ ਕਿਨਾਰਾ ਤੂੰ ਹੀ ਹੈਂ !
----
ਨਾ ਸੋਚਿਆ ਸੀ ਮੈਂ ਕਦੇ , ਦਿਲਬਰ ਮਿਲੂ ਤੇਰੇ ਜਿਹਾ ,
ਦਿਲਬਰ ਮੇਰੇ ,ਹਮਦਮ ਮੇਰੇ, ਜੱਗ ਤੋਂ ਨਿਆਰਾ ਤੂੰ ਹੀ ਹੈਂ !
----
ਪਰਬਤ ਵੀ ਨੇ, ਨਦੀਆਂ ਵੀ ਨੇ, ਝਰਨੇ ਵੀ ਨੇ, ਤੇ ਫੁੱਲ ਖਿੜੇ ,
ਬੇਸ਼ਕ ਪਿਆਰੇ ਨੇ ਮਗਰ , ਸਭ ਤੋਂ ਪਿਆਰਾ ਤੂੰ ਹੀ ਹੈਂ !
----
ਮੈਂ ਧੂੜ ਸੀ, ਮੈਂ ਕੂੜ ਸੀ, ਹਰ ਥਾਂ ਤੇ ਨਾ -ਮਨਜ਼ੂਰ ਸੀ ,
ਜਿਸ ਲੇਖ ਮੇਰੇ ਬਦਲ 'ਤੇ, ਕਿਸਮਤ ਸਿਤਾਰਾ ਤੂੰ ਹੀ ਹੈਂ !
----
ਮੇਰਾ ਸਹਾਰਾ ਯਾਰ ਤੂੰ , ਚਾਨਣ - ਮੁਨਾਰਾ ਯਾਰ ਤੂੰ ,
ਨਾ ਕਰ ਕਿਨਾਰਾ ਯਾਰ ਤੂੰ , ਅੱਖਾਂ ਦਾ ਤਾਰਾ ਤੂੰ ਹੀ ਹੈਂ !
----
ਤੇਰਾ ਸਹਾਰਾ ਬਣ ਸਕੇ , ਇਹ "ਰੂਪ" ਦੀ ਔਕਾਤ ਨਈਂ ,
ਪਰ ਤੂੰ ਕਿਨਾਰਾ "ਰੂਪ" ਦਾ, ਉਸਦਾ ਸਹਾਰਾ ਤੂੰ ਹੀ ਹੈਂ !

Tuesday, June 16, 2009

ਬਲਜੀਤਪਾਲ ਸਿੰਘ - ਗ਼ਜ਼ਲ

ਗਜ਼ਲ

ਪਾਣੀ ਦਿੰਦਾ ਰਹਿੰਦਾ ਹਾਂ ਫਿਰ ਵੀ ਤਿਰਹਾਏ ਰਹਿੰਦੇ ਨੇ।

ਕੁਝ ਪੌਦੇ ਉਸਦੀ ਯਾਦ ਵਿਚ ਸਦਾ ਕੁਮਲਾਏ ਰਹਿੰਦੇ ਨੇ

----

ਆਲੇ ਦੁਆਲੇ ਟੁੱਟੇ ਖੰਡਰਾਂ ਨੂੰ ਨਫ਼ਰਤ ਨਾ ਕਰੀਂ,

ਇਸ ਸ਼ਹਿਰ ਵਿਚ ਤੇਰੇ ਵੀ ਕੁਝ ਹਮਸਾਏ ਰਹਿੰਦੇ ਨੇ

----

ਮੁਮਕਿਨ ਨਹੀਂ ਸਕੂਨ ਮਿਲਣਾ ਭੀੜ ਵਿਚ ਗੁਆਚ ਕੇ,

ਜ਼ਿਹਨ ਵਿਚ ਕਾਲੇ ਹਨੇਰੇ ਜਦ ਸਮਾਏ ਰਹਿੰਦੇ ਨੇ

----

ਇੰਦਰਧਨੁਸ਼ ਦੇ ਰੰਗਾਂ ਦੀ ਉਹ ਛਡਣਗੇ ਫਿਰ ਦੋਸਤੀ,

ਅੱਖਾਂ ਉਪਰ ਹਰਦਮ ਜੋ ਚਸ਼ਮੇ ਚੜ੍ਹਾਏ ਰਹਿੰਦੇ ਨੇ

----

ਉਸ ਨਾਲ ਬਹਾਰਾਂ ਵਾਲੀ ਗੱਲ ਕਿਹੜੇ ਸਮੇਂ ਕਰੀਏ,

ਝਰਨਿਆਂ ਦੀ ਵਾਦੀ ਵਿਚ ਵੀ ਜੋ ਤਪੇ ਤਪਾਏ ਰਹਿੰਦੇ ਨੇ

----

ਰੀਸਾਂ ਨਾ ਕਰਿਆ ਕਰ ਉਹਨਾਂ ਅਣਥੱਕੇ ਰਾਹੀਆਂ ਦੀਆਂ,

ਮਾਰੂਥਲ ਦੇ ਆਤਿਸ਼ ਵਿਚ ਜੋ ਖਿੜੇ ਖਿੜਾਏ ਰਹਿੰਦੇ ਨੇ

----

ਮਾਰ ਕਲਮ ਦੀ ਉਹਨਾਂ ਥਾਵਾਂ ਤੇ ਵੀ ਹੁੰਦੀ ਅਕਸਰ,

ਬੰਬ ਬੰਦੂਕਾਂ ਜਿਹੜੇ ਥਾਈਂ ਧਰੇ ਧਰਾਏ ਰਹਿੰਦੇ ਨੇ


Monday, June 15, 2009

ਕੁਲਵਿੰਦਰ - ਗ਼ਜ਼ਲ

ਗ਼ਜ਼ਲ

ਮੈਂ ਸੁੰਨੀ ਰਾਤ ਨੂੰ ਕਰ ਬੰਦ ਡਾਇਰੀ

ਅਜੇ ਰੱਖੀ ਹੀ ਸੀ, ਦੀਵਾ ਬੁਝਾ ਕੇ

ਕਿ ਮੇਰੇ ਖ਼ਾਬ ਦੇ ਅਸਮਾਨ ਅੰਦਰ

ਗ਼ਜ਼ਲ ਉਤਰੀ ਸੁਨਿਹਰੀ ਖੰਭ ਲਾ ਕੇ

----

ਜਦੋਂ ਤੂਫ਼ਾਨ ਆਇਆ ਕੀ ਕਰੇਂਗਾ

ਤੂੰ ਇਕ ਇਕ ਲਹਿਰ ਕੋਲੋਂ ਵੀ ਡਰੇਂਗਾ

ਤੂੰ ਖ਼ੁਦ ਅੰਜਾਮ ਅਪਣਾ ਲਿਖ ਲਿਆ ਹੈ

ਨਦੀ ਕੰਢੇ ਤੂੰ ਘਰ ਰੇਤੇ ਦਾ ਪਾ ਕੇ

----

ਸੁਲਗਦੇ ਤਾਰਿਆਂ ਨੂੰ ਰੋੜ੍ਹ ਆਇਆਂ

ਨਦੀ ਨੂੰ ਮੈਂ ਤਾਂ ਸਭ ਕੁਝ ਮੋੜ ਆਇਆਂ

ਮੈਂ ਅਜ ਦੀ ਰਾਤ ਕਿੰਨਾ ਸੁਰਖ਼ਰੂ ਹਾਂ

ਮੈਂ ਇਕ ਇਕ ਹਰਫ਼ ਅਜ ਉਸਦਾ ਜਲਾ ਕੇ

----

ਇਹ ਜਿਸਮੀ ਫ਼ਾਸਿਲਾ ਰਖ ਲੈ ਤੂੰ ਪਿਆਰੇ

ਕਵੀ ਹਾਂ, ਹਰਫ਼ ਤਾਂ ਮੇਰੇ ਨੇ ਸਾਰੇ

ਬਦਨ ਦੇ ਪਾਰ ਤੇਰੀ ਆਤਮਾ ਨੂੰ

ਮਿਲਾਂਗਾ, ਅੱਖਰਾਂ ਦਾ ਪੁਲ਼ ਬਣਾ ਕੇ

----

ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ

ਭਲਾ ਕੀ ਜਿਸਮ ਯਾਰੋ ਆਤਮਾ ਬਿਨ

ਕਰੇਂਗਾ ਕੀ ਬਿਨਾ ਸੰਵੇਦਨਾ ਤੋਂ

ਇਕੱਲੇ ਸ਼ਿਅਰ ਬਹਿਰਾਂ ਵਿਚ ਸਜਾ ਕੇ


Sunday, June 14, 2009

ਸੰਤੋਖ ਸਿੰਘ ਧੀਰ - ਨਜ਼ਮ

ਦੋਸਤੋ! ਕੱਲ੍ਹ ਹੀ ਪੰਜਾਬੀ ਦੇ ਪ੍ਰਸਿੱਧ ਲੇਖਕ ਸੰਤੋਖ ਸਿੰਘ ਧੀਰ ਸਾਹਿਬ ਦੀ ਤਬੀਅਤ ਨਾਸਾਜ਼ ਹੋਣ ਦੀ ਖ਼ਬਰ ਮਿਲ਼ੀ ਸੀ। ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਹੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਨਾਲ਼ ਉਹਨਾਂ ਦੀ ਜਲਦ ਸਿਹਤਯਾਬੀ ਲਈ ਰੱਬ ਸੋਹਣੇ ਅੱਗੇ ਦੁਆਗੋਅ ਹਾਂ...ਆਮੀਨ!

*****

ਵੇਸਵਾ ਚਿੰਤਾਮਣੀ ਦੋਸ਼ੀ ਨਹੀਂ ਹੈ

ਨਜ਼ਮ

ਫੇਰ ਧੋਖਾ ਖਾ ਗਿਆ ਮੈਂ

ਸਮਝ ਬੈਠਾ ਲਾਲ ਫਿਰ ਮੈਂ

ਪੀਕ ਗੰਦੀ ਪਾਨ ਦੀ ਨੂੰ

ਫੇਰ ਚਿੱਕੜ ਵਿਚ ਡਿੱਗਿਆ

ਹੋ ਗਿਆ ਲਥਪਥ ਮੈਂ ਸਾਰਾ।

..................

ਬਹੁਤ ਨੇ ਆਸਾਨ, ਸੂਏ

ਮਾਰ ਲੈਣੇ ਅੱਖੀਆਂ ਵਿਚ

ਬਹੁਤ ਹੈ ਮੁਸ਼ਕਿਲ

ਦ੍ਰਿਸ਼ਟੀ ਬਦਲਨੀ

ਜਜ਼ਬਿਆਂ ਦੀ ਵਾਗ

ਬੁੱਧੀ ਹੱਥ ਦੇਣੀ।

.....................

ਨਾ ਮੈਂ ਕੋਈ ਭਰਤਰੀ ਹਾਂ

ਨਾ ਮੈਂ ਕੋਈ ਸੂਰਦਾਸ

ਕਾਲ ਵੀ ਇਹ ਉਹ ਨਹੀਂ ਹੈ

ਕਾਲ ਹੈ ਇਹ ਰੌਸ਼ਨੀ ਦਾ

ਫੇਰ ਵੀ ਮੈਂ ਸਮਝ ਬੈਠਾ

ਰੇਸ਼ਮੀ ਰੱਸੀ ਸਰਪ ਨੂੰ

ਚੜ੍ਹ ਗਿਆ ਮੈਂ ਫਿਰ ਚੁਬਾਰੇ

ਵੇਸਵਾ ਚਿੰਤਾਮਣੀ ਦੇ

ਸਮਝਿਆ ਮੈਂ ਸੱਚ ਹੈ ਇਹ

ਕੂੜ ਹੈ ਬਾਕੀ ਪਸਾਰਾ

ਸੱਚ ਵੀ ਇਹ ਸੱਚ ਅੰਤਮ

ਇਸਦੇ ਅੱਗੇ ਚੰਨ-ਸੂਰਜ

ਕੁਝ ਨਹੀਂ ਹਨ।

.....................

ਕੌਣ ਦੋਸ਼ੀ?

ਕੌਣ ਨਵਾਂ?

ਵੇਸਵਾ ਚਿੰਤਾਮਣੀ ਦੋਸ਼ੀ ਨਹੀਂ ਹੈ

ਮੈਂ ਹਾਂ ਦੋਸ਼ੀ

ਮੈਂ ਹਾਂ ਨੀਵਾਂ

ਕਾਲ਼ ਹੈ ਇਹ ਰੌਸ਼ਨੀ ਦਾ

ਕੋਲ਼ ਬੈਠੇ ਚੰਨ, ਸੂਰਜ ਤੇ ਸਿਤਾਰੇ

ਅੱਖੀਆਂ ਦੇ ਵਿਚ ਚੰਨ-ਸੂਰਜ

ਪੁਤਲੀਆਂ ਦੇ ਵਾਂਗ ਜਗਣ

ਫੇਰ ਵੀ ਮੈਂ ਸਮਝ ਬੈਠਾ

ਰੇਸ਼ਮੀ ਰੱਸੀ ਸਰਪ ਨੂੰ

ਚੜ੍ਹ ਗਿਆ ਮੈਂ ਫਿਰ ਚੁਬਾਰੇ

ਵੇਸਵਾ ਚਿੰਤਾਮਣੀ ਦੇ

.......................

ਵੇਸਵਾ ਚਿੰਤਾਮਣੀ ਦੋਸ਼ੀ ਨਹੀਂ ਹੈ

ਮੈਂ ਹਾਂ ਦੋਸ਼ੀ!

ਮੈਂ ਹਾਂ ਨੀਵਾਂ!!


Saturday, June 13, 2009

ਦਸ਼ਮੇਸ਼ ਗਿੱਲ 'ਫ਼ਿਰੋਜ਼' - ਉਰਦੂ ਰੰਗ

ਕ਼ਤਰਾ

ਨਜ਼ਮ

ਮੈਂ ਕ਼ਤਰਾ ਹੂੰ , ਮਹਿਜ਼ ਕ਼ਤਰਾ

ਅਸ਼ਕ ਵੋ ਆਸਮਾਂ ਕਾ

ਜੋ ਗਿਰਤਾ ਹੈ

ਕਿਸੀ ਦਹਿਕਾਂ* ਕੇ ਸੂਖੇ ਖੇਤ ਪਰ

ਬਰਸਾਤ ਬਨ ਕੇ

ਮੇਰੇ ਦਾਮਨ ਮੇਂ ਹੈਂ-

ਚੰਦ ਗੰਦਮ** ਕੇ ਦਾਨੇ,

ਇਕ ਚਾਵਲ ਕੀ ਮੁੱਠੀ,

ਔਰ ਬੀਵੀ ਕਾ ਕੰਗਨ,

ਜੋ ਗਿਰਵੀ ਇਸ ਲੀਏ ਹੈਂ

ਕਿ ਪਿਛਲੇ ਸਾਲ ਹੀ

ਇਸ ਖੇਤ ਕੀ ਮੈਂ ਰਾਹ ਭੂਲਾ ਥਾ....

....................

ਮੈਂ ਕ਼ਤਰਾ ਹੂੰ , ਮੈਂ ਕ਼ਤਰਾ ਖ਼ੂਨ ਕਾ

ਜੋ ਸ਼ਾਇਰ ਨੇ ਬਹਾਯਾ ਹੈ

ਸਰ ਫ਼ੋੜ ਕੇ

ਇਸ ਸ਼ਹਿਰ ਕੇ ਜਲਤੇ ਮਕਾਨੋਂ ਸੇ

ਤਾਕਿ ਧੋ ਸਕੇ ਵੋ

ਨਾਹਕ ਖ਼ੂਨ ਕੇ ਛੀਂਟੇ

ਕਿਸੀ ਮੰਦਿਰ ਕੇ ਆਂਗਨ ਸੇ

ਕਿਸੀ ਮਸਜਿਦ ਕੀ ਸੀੜੀ ਸੇ

ਕਿਸੀ ਕਲੀਸਾ*** ਕੀ ਦੀਵਾਰੋਂ ਸੇ....

....................

ਮੈਂ ਕ਼ਤਰਾ ਹੂੰ , ਮਹਿਜ਼ ਕ਼ਤਰਾ

ਛਲਕਤਾ ਹੂੰ, ਬਰਸਤਾ ਹੂੰ

ਬਹਿਤਾ ਹੂੰ ਔਰ ਸੂਖ ਜਾਤਾ ਹੂੰ

ਯਹੀ ਹੈ ਜ਼ਿੰਦਗੀ ਮੇਰੀ

ਇਕ ਨੰਨ੍ਹਾ ਸਾ ਵੁਜੂਦ

ਮਗਰ ਦਾਮਨ ਮੇਂ ਹੈਂ-

ਕਿਸੀ ਸ਼ਾਇਰ ਕੇ ਆਂਸੂ,

ਕਿਸੀ ਦਹਿਕਾਂ ਦੇ ਅਰਮਾਂ,

ਕਿਸੀ ਬੀਵੀ ਕੇ ਕੰਗਨ,

ਮੈਂ ਹੂੰ ਆਬ-ਏ-ਹਯਾਤ****

ਮੈਂ ਹੂੰ ਤੇਜ਼ਾਬ ਭੀ

ਸੂਖਾ ਭੀ ਔਰ ਸੈਲਾਬ***** ਭੀ

ਮੈਂ ਕ਼ਤਰਾ ਹੂੰ , ਮਹਿਜ਼ ਕ਼ਤਰਾ

********

ਦਹਿਕਾਂ ਕਿਸਾਨ, ਗੰਦਮ ਕਣਕ, ਕਲੀਸਾ ਗਿਰਜਾ ਘਰ, ਆਬ-ਏ-ਹਯਾਤ ਜ਼ਿੰਦਗੀ ਦੇਣ ਵਾਲ਼ਾ ਪਾਣੀ, ਸੈਲਾਬ - ਹੜ੍ਹ


Friday, June 12, 2009

ਜਸਵਿੰਦਰ - ਗ਼ਜ਼ਲ

ਗ਼ਜ਼ਲ

ਹੋਰਾਂ ਲਈ ਨੇ ਗਾਗਰਾਂ ਇੱਕ ਦੋ ਬਥੇਰੀਆਂ।

ਤੇਰੀ ਨਦੀ ਤੋਂ ਮੇਰੀਆਂ ਤੇਹਾਂ ਲੰਮੇਰੀਆਂ ।

----

ਤੇਰੇ ਸ਼ਹਿਰ ਦੇ ਬਾਣੀਏਂ ਲੈ ਗਏ ਉਧਾਲ਼ ਕੇ,

ਜਦ ਵੀ ਉਮੰਗਾਂ ਮੇਰੀਆਂ ਹੋਈਆਂ ਲਵੇਰੀਆਂ।

----

ਚੰਗਾ ਭਲਾ ਸੀ ਓਸਨੂੰ ਇਕਦਮ ਕੀ ਹੋ ਗਿਆ,

ਪਹਿਲਾਂ ਬਣਾਉਂਦਾ ਹੈ ਤੇ ਫਿਰ ਢਾਹੁੰਦਾ ਹੈ ਢੇਰੀਆਂ।

----

ਹਾਲੇ ਵੀ ਸਦੀਆਂ ਬਾਦ ਹੈ ਕੰਬਦੀ ਦਰੋਪਤੀ,

ਮਰਦਾਂ ਜੁਆਰੀਆਂ ਜਦੋਂ ਨਰਦਾਂ ਬਖੇਰੀਆਂ।

---

ਏਧਰ ਤਾਂ ਨਾਗਾਂ ਘੇਰ ਲਏ ਚਿੜੀਆਂ ਦੇ ਆਹਲਣੇ,

ਉੱਡੀਆਂ ਤਾਂ ਓਧਰ ਅੰਬਰੀਂ ਕਾਗਾਂ ਨੇ ਘੇਰੀਆਂ।

----

ਉਹਨਾਂ ਨੂੰ ਗੂੰਗੇ ਵਕਤ ਨੇ ਸੁਕਰਾਤ ਨਾ ਕਿਹਾ,

ਯਾਰਾਂ ਨੇ ਏਥੇ ਪੀਤੀਆਂ ਜ਼ਹਿਰਾਂ ਬਥੇਰੀਆਂ।

----

ਧਰਤੀ ਨੂੰ ਕੱਜਣ ਵਾਸਤੇ ਪੁੰਨਿਆਂ ਦੀ ਰਾਤ ਨੂੰ,

ਮਾਈ ਨੇ ਬਹਿ ਕੇ ਚੰਨ 'ਤੇ ਕਿਰਨਾਂ ਅਟੇਰੀਆਂ।


Thursday, June 11, 2009

ਰਾਮ ਸਿੰਘ ਚਾਹਲ - ਨਜ਼ਮ

ਨਵਾਂ ਸੰਸਾਰ

ਨਜ਼ਮ

ਮੈਂ

ਵੱਡੇ ਭਾਈ ਹਰਨੈਲ ਸਿਹੁੰ ਦੇ

ਫੁੱਲ ਲੈ ਕੇ

ਕੀਰਤਪੁਰ ਜਾ ਰਿਹਾ ਹਾਂ

..........

ਮੀਂਹ ਜ਼ੋਰ ਦੀ ਆ ਰਿਹਾ ਹੈ

ਹਨੇਰੀ ਵਗ ਰਹੀ ਹੈ

ਫੁੱਲ ਮੇਰੀ ਹਿੱਕ ਨਾਲ਼

ਚਿਪਕੇ ਹੋਏ ਹਨ

ਵੱਡਾ ਭਾਈ

ਇੱਕ ਨਵੀਂ ਦੁਨੀਆਂ ਚ ਜਾ ਰਿਹਾ ਹੈ

...............

ਜਦ ਤੱਕ ਫੁੱਲ ਮੇਰੇ ਨਾਲ਼ ਸਨ

ਮੈਨੂੰ ਖ਼ੁਸ਼ਬੋ ਆਉਂਦੀ ਰਹੀ

ਦੇਖ ਰਿਹਾਂ-

ਬਸ ਦੀ ਹਰ ਸਵਾਰੀ ਦੀ

ਮੇਰੇ ਵੱਲ ਉਦਾਸੀ ਅੱਖ ਸੀ

ਮੈਂ ਫਿਰ ਵੀ

ਉਦਾਸ ਨਹੀਂ ਸਾਂ ਹੋ ਰਿਹਾ

ਮੈਂ ਧੁਰ ਤੱਕ

ਫੁੱਲਾਂ ਨਾਲ਼

ਗੱਲਾਂ ਕਰਦਾ ਗਿਆ

..............

ਕੀਰਤਪੁਰ-

ਇੱਕ ਖੁੱਲ੍ਹਾ ਵਿਹੜਾ

ਲੋਹੇ ਦੀਆਂ ਪਾਈਪਾਂ

ਕਿੰਨੀਆਂ ਹੀ ਕਤਾਰਾਂ

................

ਪਾਈਪਾਂ ਨਾਲ਼

ਕੱਪੜਿਆਂ ਦੀਆਂ ਪੋਟਲੀਆਂ

ਬੰਨ੍ਹੀਆਂ ਹੋਈਆਂ

...................

ਹੋਰ ਕਿੰਨੀ ਹੀ ਦੁਨੀਆਂ ਦੇ

ਫੁੱਲ ਟੰਗੇ ਹੋਏ ਸਨ

.................

ਗੇਟ ਵਾਲ਼ਾ ਆਦਮੀ

ਕਹਿ ਰਿਹਾ ਹੈ

ਭਾਈ-

ਆਪਣੇ ਫੁੱਲਾਂ ਤੇ

ਕੋਈ ਨਿਸ਼ਾਨੀ ਲਾ ਦਿਉ

ਨਹੀਂ ਤਾਂ-

ਸਵੇਰੇ ਇੱਕ ਦੂਜੇ ਵਿਚ ਰਲ਼ ਜਾਣਗੇ

....................

ਤੁਹਾਨੂੰ ਆਪਣੇ ਫੁੱਲ ਨਹੀਂ ਜੇ ਲੱਭਣੇ!


Wednesday, June 10, 2009

ਸੰਤੋਖ ਧਾਲੀਵਾਲ - ਨਜ਼ਮ

ਸਬੰਧ

ਨਜ਼ਮ

ਇਹ ਰਾਹ, ਇਹ ਪੈਂਡੇ

ਬੜੇ ਕੰਬਖ਼ਤ ਨੇ

ਜੋ ਰੋਜ਼ ਮੈਨੂੰ ਇਨ੍ਹਾਂ ਸਰਾਪੀਆਂ ਕੰਧਾਂ ਤੱਕ

ਪਹੁੰਚਾ ਦਿੰਦੇ ਹਨ

ਤੇ.....

ਤਾੜਦੇ ਹਨ, ਘੂਰਦੇ ਹਨ

ਕਿ ਮੈਂ ਇਨ੍ਹਾਂ ਕੰਧਾਂ ਨੂੰ ਘਰ ਕਹਾਂ

...........

ਕਿਵੇਂ.......

ਕਹਾਂ ਇਨ੍ਹਾਂ ਚਹੁੰ ਕੰਧਾਂ ਤੇ

ਇਨ੍ਹਾਂ ਉੱਪਰ ਚੋਂਦੀ ਹੋਈ ਛੱਤ ਨੂੰ ਘਰ---?

ਜਿੱਥੇ ਨਾ ਕੋਈ

ਤੱਤਾ ਚੁੱਲ੍ਹਾ,ਨਿੱਘਾ ਬਿਸਤਰਾ

ਨਾ ਕੋਈ ਸੁਰਮੇ ਵਾਲੀ ਅੱਖ

ਲਲਚਾਉਂਦੀ ਮਟਕਣ ਲਈ

ਨਾ ਕੋਈ ਵਿਹੜੇ

ਮਾਸੂਮ ਹਾਸਾ ਘੁੰਮਦਾ

ਲਟਬੌਰਾ ਹੋਇਆ

ਚੌੜ ਕਰਦਾ

...................

ਇਨ੍ਹਾਂ ਕੰਧਾਂ ਦੀ ਹਿੱਕ

ਦਫ਼ਨ ਹਨ ਮੇਰੀ ਮਾਂ ਦੇ ਹਉਕੇ

ਉਸਦੀ ਵਿਲਕਦੀ ਹੋਂਦ ਦੀਆਂ ਘੜੀਆਂ

ਕਿਉਂਕਿ ਮੈਂ ਸੱਤ ਮਹੀਨੇ ਬਾਅਦ ਜੰਮਿਆ ਸਾਂ

ਬਾਪੂ ਦੇ ਮਰਨ ਤੋਂ

ਇਨ੍ਹਾਂ ਕੰਧਾਂ ਦੀ ਸਰਦਾਰੀ ਕਰਕੇ ਹੀ

ਉਹ ਸੁੱਚੀ ਹੁੰਦੀ ਹੋਈ ਵੀ

ਬਦਚਲਣ ਗਰਦਾਨੀ ਗਈ ਹੈ

ਸਾਰੀ ਹਿਯਾਤੀ

ਇਨ੍ਹਾਂ ਕੰਧਾਂ ਚ ਰਹਿੰਦੇ ਸੰਸਕਾਰਾਂ ਦੇ ਸਰਪੰਚਾਂ

ਉਸਨੂੰ ਬਦਨਾਮੀ ਦੀ ਸਲੀਬੇ

ਟੰਗੀ ਰੱਖਿਆ ਹੈ

................

ਮਾਂ

ਹੁਣ ਬਹੁਤ ਬੁੱਢੀ ਹੋ ਗਈ ਹੈ

ਉਡੀਕ ਦੀ ਸਰਦਲ ਤੇ ਬੈਠੀ ਹਾਲੀ ਵੀ

ਇਨ੍ਹਾਂ ਦੀਵਾਰਾਂ ਤੋਂ ਬਾਹਰ

ਝਾਕਦੀ ਰਹਿੰਦੀ ਹੈ

ਕਿ

ਇੱਕ ਦਿਨ ਉਸਦਾ

ਜੁਆਨ ਹੋ ਗਿਆ ਪੁੱਤ ਪਰਤੇਗਾ

ਹਰੇ ਰੰਗ ਦਾ ਮਾਂਡੀ ਲੱਗਿਆ ਦੁਪੱਟਾ ਲੈ ਕੇ

ਤੇ ਉਹ

ਫ਼ਖ਼ਰ ਨਾਲ਼

ਢਕ ਲਵੇਗੀ ਆਪਣਾ ਸਿਰ

ਜੋ ਉਮਰ ਭਰ ਨੰਗਾ ਰਿਹਾ ਹੈ

ਤੋਹਮਤਾਂ ਕੋਈ ਦੁਪੱਟਾ

ਉਸਦੇ ਸਿਰ ਤੇ ਟਿਕਣ ਨਹੀਂ ਦਿੱਤਾ

ਉਹ ਸੁਰਖ਼ਰੂ ਹੋ ਕੇ ਬਚਦੇ ਦਿਨ ਲੰਘਾ ਸਕੇਗੀ

ਇਸ ਗੰਦੀ ਹਵਾੜ੍ਹ ਤੋਂ

ਇਸ ਲੁੱਚੀ ਹਾਹਾਕਾਰ ਤੋਂ

ਤੇ ਮਿਲ ਜਾਏਗਾ ਹਰ ਇੱਕ ਨੂੰ

ਉਸਦੇ ਸੁੱਚੇ ਹੋਣ ਦਾ ਸਬੂਤ

...................

ਮੈਂ ਹੈਰਾਨ ਹਾਂ ਕਿ ਕਿਉਂ

ਅਜੇ ਤੱਕ ਵੀ ਲਟਕਾਈ ਰੱਖੀ ਹੈ ਉਸਨੇ

ਚੁਬਾਰੇ ਵਿੱਚ

ਮੇਰੇ ਫੌਜੀ ਪਿਉ ਦੀ ਤਸਵੀਰ

ਜਿਸਨੂੰ ਉਹ ਰੋਜ਼

ਉਦਾਸ ਨਜ਼ਰਾਂ ਨਾਲ ਵੇਖਦੀ ਹੈ

ਤੇ ਖ਼ਾਮੋਸ਼ੀ ਚ ਕੁਝ ਕਹਿੰਦੀ ਹੈ

ਜੋ ਅੱਜ ਤੱਕ ਕਿਸੇ ਨਹੀਂ ਸੁਣਿਆ

ਕਿੰਝ ਅਦਨਾ ਜਿਹਾ ਲੱਗ ਰਿਹਾ ਹੈ

ਖਾਕੀ ਨਿੱਕਰ ਤੇ ਫੰਬਿਆਂ ਵਾਲੀ ਪੱਗ

ਉਸਦੀ ਹਿੱਕ ਤੇ ਲਟਕਦਾ ਤਗਮਾ

ਮੈਨੂੰ ਸਦਾ ਹੀ ਸ਼ਰਮਸਾਰ ਕਰਦਾ ਰਹਿੰਦੈ

ਜਿਸਨੂੰ ਜਿੱਤਣ ਲਈ

ਉਸਨੇ ਚਲਾਈ ਸੀ ਗੋਲੀ

ਬੜੀ ਖੁੱਲ੍ਹਦਿਲੀ ਨਾਲ਼

ਆਪਣੇ ਹੀ ਅਜ਼ਾਦੀ ਮੰਗਦੇ ਭਰਾਵਾਂ ਤੇ

.....................

ਪਰ ਮੈਂ...........

ਇਸ ਤਸਵੀਰ ਨੂੰ ਕੁਝ ਨਹੀਂ ਕਰ ਸਕਦਾ

ਨਾ ਹੱਥ ਲਾ ਸਕਦਾ ਹਾਂ

ਨਾ ਚੁਬਾਰੇ ਚੋਂ ਬਾਹਰ ਹੀ ਸੁੱਟ ਸਕਦਾ ਹਾਂ

ਮਾਂ ਵੀ

ਇਹੋ ਚਾਹੁੰਦੀ ਹੈ ਕਿ ਮੈਂ

ਚੁਬਾਰੇ ਚ ਇਸ ਤਸਵੀਰ ਨੂੰ

ਲਟਕਦੀ ਰਹਿਣ ਦਿਆਂ

ਕਿਉਂਕਿ

ਇਸ ਨਾਲ ਮੇਰਾ ਤੇ ਮੇਰੀ ਮਾਂ ਦਾ ਸਬੰਧ ਹੈ

ਇਹੋ ਹੀ

ਉਸਦੇ ਸੁੱਚੇ ਹੋਣ ਦਾ

ਇੱਕੋ ਇੱਕ ਸਬੂਤ ਹੈ