ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, June 16, 2009

ਬਲਜੀਤਪਾਲ ਸਿੰਘ - ਗ਼ਜ਼ਲ

ਗਜ਼ਲ

ਪਾਣੀ ਦਿੰਦਾ ਰਹਿੰਦਾ ਹਾਂ ਫਿਰ ਵੀ ਤਿਰਹਾਏ ਰਹਿੰਦੇ ਨੇ।

ਕੁਝ ਪੌਦੇ ਉਸਦੀ ਯਾਦ ਵਿਚ ਸਦਾ ਕੁਮਲਾਏ ਰਹਿੰਦੇ ਨੇ

----

ਆਲੇ ਦੁਆਲੇ ਟੁੱਟੇ ਖੰਡਰਾਂ ਨੂੰ ਨਫ਼ਰਤ ਨਾ ਕਰੀਂ,

ਇਸ ਸ਼ਹਿਰ ਵਿਚ ਤੇਰੇ ਵੀ ਕੁਝ ਹਮਸਾਏ ਰਹਿੰਦੇ ਨੇ

----

ਮੁਮਕਿਨ ਨਹੀਂ ਸਕੂਨ ਮਿਲਣਾ ਭੀੜ ਵਿਚ ਗੁਆਚ ਕੇ,

ਜ਼ਿਹਨ ਵਿਚ ਕਾਲੇ ਹਨੇਰੇ ਜਦ ਸਮਾਏ ਰਹਿੰਦੇ ਨੇ

----

ਇੰਦਰਧਨੁਸ਼ ਦੇ ਰੰਗਾਂ ਦੀ ਉਹ ਛਡਣਗੇ ਫਿਰ ਦੋਸਤੀ,

ਅੱਖਾਂ ਉਪਰ ਹਰਦਮ ਜੋ ਚਸ਼ਮੇ ਚੜ੍ਹਾਏ ਰਹਿੰਦੇ ਨੇ

----

ਉਸ ਨਾਲ ਬਹਾਰਾਂ ਵਾਲੀ ਗੱਲ ਕਿਹੜੇ ਸਮੇਂ ਕਰੀਏ,

ਝਰਨਿਆਂ ਦੀ ਵਾਦੀ ਵਿਚ ਵੀ ਜੋ ਤਪੇ ਤਪਾਏ ਰਹਿੰਦੇ ਨੇ

----

ਰੀਸਾਂ ਨਾ ਕਰਿਆ ਕਰ ਉਹਨਾਂ ਅਣਥੱਕੇ ਰਾਹੀਆਂ ਦੀਆਂ,

ਮਾਰੂਥਲ ਦੇ ਆਤਿਸ਼ ਵਿਚ ਜੋ ਖਿੜੇ ਖਿੜਾਏ ਰਹਿੰਦੇ ਨੇ

----

ਮਾਰ ਕਲਮ ਦੀ ਉਹਨਾਂ ਥਾਵਾਂ ਤੇ ਵੀ ਹੁੰਦੀ ਅਕਸਰ,

ਬੰਬ ਬੰਦੂਕਾਂ ਜਿਹੜੇ ਥਾਈਂ ਧਰੇ ਧਰਾਏ ਰਹਿੰਦੇ ਨੇ


Monday, June 15, 2009

ਕੁਲਵਿੰਦਰ - ਗ਼ਜ਼ਲ

ਗ਼ਜ਼ਲ

ਮੈਂ ਸੁੰਨੀ ਰਾਤ ਨੂੰ ਕਰ ਬੰਦ ਡਾਇਰੀ

ਅਜੇ ਰੱਖੀ ਹੀ ਸੀ, ਦੀਵਾ ਬੁਝਾ ਕੇ

ਕਿ ਮੇਰੇ ਖ਼ਾਬ ਦੇ ਅਸਮਾਨ ਅੰਦਰ

ਗ਼ਜ਼ਲ ਉਤਰੀ ਸੁਨਿਹਰੀ ਖੰਭ ਲਾ ਕੇ

----

ਜਦੋਂ ਤੂਫ਼ਾਨ ਆਇਆ ਕੀ ਕਰੇਂਗਾ

ਤੂੰ ਇਕ ਇਕ ਲਹਿਰ ਕੋਲੋਂ ਵੀ ਡਰੇਂਗਾ

ਤੂੰ ਖ਼ੁਦ ਅੰਜਾਮ ਅਪਣਾ ਲਿਖ ਲਿਆ ਹੈ

ਨਦੀ ਕੰਢੇ ਤੂੰ ਘਰ ਰੇਤੇ ਦਾ ਪਾ ਕੇ

----

ਸੁਲਗਦੇ ਤਾਰਿਆਂ ਨੂੰ ਰੋੜ੍ਹ ਆਇਆਂ

ਨਦੀ ਨੂੰ ਮੈਂ ਤਾਂ ਸਭ ਕੁਝ ਮੋੜ ਆਇਆਂ

ਮੈਂ ਅਜ ਦੀ ਰਾਤ ਕਿੰਨਾ ਸੁਰਖ਼ਰੂ ਹਾਂ

ਮੈਂ ਇਕ ਇਕ ਹਰਫ਼ ਅਜ ਉਸਦਾ ਜਲਾ ਕੇ

----

ਇਹ ਜਿਸਮੀ ਫ਼ਾਸਿਲਾ ਰਖ ਲੈ ਤੂੰ ਪਿਆਰੇ

ਕਵੀ ਹਾਂ, ਹਰਫ਼ ਤਾਂ ਮੇਰੇ ਨੇ ਸਾਰੇ

ਬਦਨ ਦੇ ਪਾਰ ਤੇਰੀ ਆਤਮਾ ਨੂੰ

ਮਿਲਾਂਗਾ, ਅੱਖਰਾਂ ਦਾ ਪੁਲ਼ ਬਣਾ ਕੇ

----

ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ

ਭਲਾ ਕੀ ਜਿਸਮ ਯਾਰੋ ਆਤਮਾ ਬਿਨ

ਕਰੇਂਗਾ ਕੀ ਬਿਨਾ ਸੰਵੇਦਨਾ ਤੋਂ

ਇਕੱਲੇ ਸ਼ਿਅਰ ਬਹਿਰਾਂ ਵਿਚ ਸਜਾ ਕੇ


Sunday, June 14, 2009

ਸੰਤੋਖ ਸਿੰਘ ਧੀਰ - ਨਜ਼ਮ

ਦੋਸਤੋ! ਕੱਲ੍ਹ ਹੀ ਪੰਜਾਬੀ ਦੇ ਪ੍ਰਸਿੱਧ ਲੇਖਕ ਸੰਤੋਖ ਸਿੰਘ ਧੀਰ ਸਾਹਿਬ ਦੀ ਤਬੀਅਤ ਨਾਸਾਜ਼ ਹੋਣ ਦੀ ਖ਼ਬਰ ਮਿਲ਼ੀ ਸੀ। ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਹੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਨਾਲ਼ ਉਹਨਾਂ ਦੀ ਜਲਦ ਸਿਹਤਯਾਬੀ ਲਈ ਰੱਬ ਸੋਹਣੇ ਅੱਗੇ ਦੁਆਗੋਅ ਹਾਂ...ਆਮੀਨ!

*****

ਵੇਸਵਾ ਚਿੰਤਾਮਣੀ ਦੋਸ਼ੀ ਨਹੀਂ ਹੈ

ਨਜ਼ਮ

ਫੇਰ ਧੋਖਾ ਖਾ ਗਿਆ ਮੈਂ

ਸਮਝ ਬੈਠਾ ਲਾਲ ਫਿਰ ਮੈਂ

ਪੀਕ ਗੰਦੀ ਪਾਨ ਦੀ ਨੂੰ

ਫੇਰ ਚਿੱਕੜ ਵਿਚ ਡਿੱਗਿਆ

ਹੋ ਗਿਆ ਲਥਪਥ ਮੈਂ ਸਾਰਾ।

..................

ਬਹੁਤ ਨੇ ਆਸਾਨ, ਸੂਏ

ਮਾਰ ਲੈਣੇ ਅੱਖੀਆਂ ਵਿਚ

ਬਹੁਤ ਹੈ ਮੁਸ਼ਕਿਲ

ਦ੍ਰਿਸ਼ਟੀ ਬਦਲਨੀ

ਜਜ਼ਬਿਆਂ ਦੀ ਵਾਗ

ਬੁੱਧੀ ਹੱਥ ਦੇਣੀ।

.....................

ਨਾ ਮੈਂ ਕੋਈ ਭਰਤਰੀ ਹਾਂ

ਨਾ ਮੈਂ ਕੋਈ ਸੂਰਦਾਸ

ਕਾਲ ਵੀ ਇਹ ਉਹ ਨਹੀਂ ਹੈ

ਕਾਲ ਹੈ ਇਹ ਰੌਸ਼ਨੀ ਦਾ

ਫੇਰ ਵੀ ਮੈਂ ਸਮਝ ਬੈਠਾ

ਰੇਸ਼ਮੀ ਰੱਸੀ ਸਰਪ ਨੂੰ

ਚੜ੍ਹ ਗਿਆ ਮੈਂ ਫਿਰ ਚੁਬਾਰੇ

ਵੇਸਵਾ ਚਿੰਤਾਮਣੀ ਦੇ

ਸਮਝਿਆ ਮੈਂ ਸੱਚ ਹੈ ਇਹ

ਕੂੜ ਹੈ ਬਾਕੀ ਪਸਾਰਾ

ਸੱਚ ਵੀ ਇਹ ਸੱਚ ਅੰਤਮ

ਇਸਦੇ ਅੱਗੇ ਚੰਨ-ਸੂਰਜ

ਕੁਝ ਨਹੀਂ ਹਨ।

.....................

ਕੌਣ ਦੋਸ਼ੀ?

ਕੌਣ ਨਵਾਂ?

ਵੇਸਵਾ ਚਿੰਤਾਮਣੀ ਦੋਸ਼ੀ ਨਹੀਂ ਹੈ

ਮੈਂ ਹਾਂ ਦੋਸ਼ੀ

ਮੈਂ ਹਾਂ ਨੀਵਾਂ

ਕਾਲ਼ ਹੈ ਇਹ ਰੌਸ਼ਨੀ ਦਾ

ਕੋਲ਼ ਬੈਠੇ ਚੰਨ, ਸੂਰਜ ਤੇ ਸਿਤਾਰੇ

ਅੱਖੀਆਂ ਦੇ ਵਿਚ ਚੰਨ-ਸੂਰਜ

ਪੁਤਲੀਆਂ ਦੇ ਵਾਂਗ ਜਗਣ

ਫੇਰ ਵੀ ਮੈਂ ਸਮਝ ਬੈਠਾ

ਰੇਸ਼ਮੀ ਰੱਸੀ ਸਰਪ ਨੂੰ

ਚੜ੍ਹ ਗਿਆ ਮੈਂ ਫਿਰ ਚੁਬਾਰੇ

ਵੇਸਵਾ ਚਿੰਤਾਮਣੀ ਦੇ

.......................

ਵੇਸਵਾ ਚਿੰਤਾਮਣੀ ਦੋਸ਼ੀ ਨਹੀਂ ਹੈ

ਮੈਂ ਹਾਂ ਦੋਸ਼ੀ!

ਮੈਂ ਹਾਂ ਨੀਵਾਂ!!


Saturday, June 13, 2009

ਦਸ਼ਮੇਸ਼ ਗਿੱਲ 'ਫ਼ਿਰੋਜ਼' - ਉਰਦੂ ਰੰਗ

ਕ਼ਤਰਾ

ਨਜ਼ਮ

ਮੈਂ ਕ਼ਤਰਾ ਹੂੰ , ਮਹਿਜ਼ ਕ਼ਤਰਾ

ਅਸ਼ਕ ਵੋ ਆਸਮਾਂ ਕਾ

ਜੋ ਗਿਰਤਾ ਹੈ

ਕਿਸੀ ਦਹਿਕਾਂ* ਕੇ ਸੂਖੇ ਖੇਤ ਪਰ

ਬਰਸਾਤ ਬਨ ਕੇ

ਮੇਰੇ ਦਾਮਨ ਮੇਂ ਹੈਂ-

ਚੰਦ ਗੰਦਮ** ਕੇ ਦਾਨੇ,

ਇਕ ਚਾਵਲ ਕੀ ਮੁੱਠੀ,

ਔਰ ਬੀਵੀ ਕਾ ਕੰਗਨ,

ਜੋ ਗਿਰਵੀ ਇਸ ਲੀਏ ਹੈਂ

ਕਿ ਪਿਛਲੇ ਸਾਲ ਹੀ

ਇਸ ਖੇਤ ਕੀ ਮੈਂ ਰਾਹ ਭੂਲਾ ਥਾ....

....................

ਮੈਂ ਕ਼ਤਰਾ ਹੂੰ , ਮੈਂ ਕ਼ਤਰਾ ਖ਼ੂਨ ਕਾ

ਜੋ ਸ਼ਾਇਰ ਨੇ ਬਹਾਯਾ ਹੈ

ਸਰ ਫ਼ੋੜ ਕੇ

ਇਸ ਸ਼ਹਿਰ ਕੇ ਜਲਤੇ ਮਕਾਨੋਂ ਸੇ

ਤਾਕਿ ਧੋ ਸਕੇ ਵੋ

ਨਾਹਕ ਖ਼ੂਨ ਕੇ ਛੀਂਟੇ

ਕਿਸੀ ਮੰਦਿਰ ਕੇ ਆਂਗਨ ਸੇ

ਕਿਸੀ ਮਸਜਿਦ ਕੀ ਸੀੜੀ ਸੇ

ਕਿਸੀ ਕਲੀਸਾ*** ਕੀ ਦੀਵਾਰੋਂ ਸੇ....

....................

ਮੈਂ ਕ਼ਤਰਾ ਹੂੰ , ਮਹਿਜ਼ ਕ਼ਤਰਾ

ਛਲਕਤਾ ਹੂੰ, ਬਰਸਤਾ ਹੂੰ

ਬਹਿਤਾ ਹੂੰ ਔਰ ਸੂਖ ਜਾਤਾ ਹੂੰ

ਯਹੀ ਹੈ ਜ਼ਿੰਦਗੀ ਮੇਰੀ

ਇਕ ਨੰਨ੍ਹਾ ਸਾ ਵੁਜੂਦ

ਮਗਰ ਦਾਮਨ ਮੇਂ ਹੈਂ-

ਕਿਸੀ ਸ਼ਾਇਰ ਕੇ ਆਂਸੂ,

ਕਿਸੀ ਦਹਿਕਾਂ ਦੇ ਅਰਮਾਂ,

ਕਿਸੀ ਬੀਵੀ ਕੇ ਕੰਗਨ,

ਮੈਂ ਹੂੰ ਆਬ-ਏ-ਹਯਾਤ****

ਮੈਂ ਹੂੰ ਤੇਜ਼ਾਬ ਭੀ

ਸੂਖਾ ਭੀ ਔਰ ਸੈਲਾਬ***** ਭੀ

ਮੈਂ ਕ਼ਤਰਾ ਹੂੰ , ਮਹਿਜ਼ ਕ਼ਤਰਾ

********

ਦਹਿਕਾਂ ਕਿਸਾਨ, ਗੰਦਮ ਕਣਕ, ਕਲੀਸਾ ਗਿਰਜਾ ਘਰ, ਆਬ-ਏ-ਹਯਾਤ ਜ਼ਿੰਦਗੀ ਦੇਣ ਵਾਲ਼ਾ ਪਾਣੀ, ਸੈਲਾਬ - ਹੜ੍ਹ


Friday, June 12, 2009

ਜਸਵਿੰਦਰ - ਗ਼ਜ਼ਲ

ਗ਼ਜ਼ਲ

ਹੋਰਾਂ ਲਈ ਨੇ ਗਾਗਰਾਂ ਇੱਕ ਦੋ ਬਥੇਰੀਆਂ।

ਤੇਰੀ ਨਦੀ ਤੋਂ ਮੇਰੀਆਂ ਤੇਹਾਂ ਲੰਮੇਰੀਆਂ ।

----

ਤੇਰੇ ਸ਼ਹਿਰ ਦੇ ਬਾਣੀਏਂ ਲੈ ਗਏ ਉਧਾਲ਼ ਕੇ,

ਜਦ ਵੀ ਉਮੰਗਾਂ ਮੇਰੀਆਂ ਹੋਈਆਂ ਲਵੇਰੀਆਂ।

----

ਚੰਗਾ ਭਲਾ ਸੀ ਓਸਨੂੰ ਇਕਦਮ ਕੀ ਹੋ ਗਿਆ,

ਪਹਿਲਾਂ ਬਣਾਉਂਦਾ ਹੈ ਤੇ ਫਿਰ ਢਾਹੁੰਦਾ ਹੈ ਢੇਰੀਆਂ।

----

ਹਾਲੇ ਵੀ ਸਦੀਆਂ ਬਾਦ ਹੈ ਕੰਬਦੀ ਦਰੋਪਤੀ,

ਮਰਦਾਂ ਜੁਆਰੀਆਂ ਜਦੋਂ ਨਰਦਾਂ ਬਖੇਰੀਆਂ।

---

ਏਧਰ ਤਾਂ ਨਾਗਾਂ ਘੇਰ ਲਏ ਚਿੜੀਆਂ ਦੇ ਆਹਲਣੇ,

ਉੱਡੀਆਂ ਤਾਂ ਓਧਰ ਅੰਬਰੀਂ ਕਾਗਾਂ ਨੇ ਘੇਰੀਆਂ।

----

ਉਹਨਾਂ ਨੂੰ ਗੂੰਗੇ ਵਕਤ ਨੇ ਸੁਕਰਾਤ ਨਾ ਕਿਹਾ,

ਯਾਰਾਂ ਨੇ ਏਥੇ ਪੀਤੀਆਂ ਜ਼ਹਿਰਾਂ ਬਥੇਰੀਆਂ।

----

ਧਰਤੀ ਨੂੰ ਕੱਜਣ ਵਾਸਤੇ ਪੁੰਨਿਆਂ ਦੀ ਰਾਤ ਨੂੰ,

ਮਾਈ ਨੇ ਬਹਿ ਕੇ ਚੰਨ 'ਤੇ ਕਿਰਨਾਂ ਅਟੇਰੀਆਂ।


Thursday, June 11, 2009

ਰਾਮ ਸਿੰਘ ਚਾਹਲ - ਨਜ਼ਮ

ਨਵਾਂ ਸੰਸਾਰ

ਨਜ਼ਮ

ਮੈਂ

ਵੱਡੇ ਭਾਈ ਹਰਨੈਲ ਸਿਹੁੰ ਦੇ

ਫੁੱਲ ਲੈ ਕੇ

ਕੀਰਤਪੁਰ ਜਾ ਰਿਹਾ ਹਾਂ

..........

ਮੀਂਹ ਜ਼ੋਰ ਦੀ ਆ ਰਿਹਾ ਹੈ

ਹਨੇਰੀ ਵਗ ਰਹੀ ਹੈ

ਫੁੱਲ ਮੇਰੀ ਹਿੱਕ ਨਾਲ਼

ਚਿਪਕੇ ਹੋਏ ਹਨ

ਵੱਡਾ ਭਾਈ

ਇੱਕ ਨਵੀਂ ਦੁਨੀਆਂ ਚ ਜਾ ਰਿਹਾ ਹੈ

...............

ਜਦ ਤੱਕ ਫੁੱਲ ਮੇਰੇ ਨਾਲ਼ ਸਨ

ਮੈਨੂੰ ਖ਼ੁਸ਼ਬੋ ਆਉਂਦੀ ਰਹੀ

ਦੇਖ ਰਿਹਾਂ-

ਬਸ ਦੀ ਹਰ ਸਵਾਰੀ ਦੀ

ਮੇਰੇ ਵੱਲ ਉਦਾਸੀ ਅੱਖ ਸੀ

ਮੈਂ ਫਿਰ ਵੀ

ਉਦਾਸ ਨਹੀਂ ਸਾਂ ਹੋ ਰਿਹਾ

ਮੈਂ ਧੁਰ ਤੱਕ

ਫੁੱਲਾਂ ਨਾਲ਼

ਗੱਲਾਂ ਕਰਦਾ ਗਿਆ

..............

ਕੀਰਤਪੁਰ-

ਇੱਕ ਖੁੱਲ੍ਹਾ ਵਿਹੜਾ

ਲੋਹੇ ਦੀਆਂ ਪਾਈਪਾਂ

ਕਿੰਨੀਆਂ ਹੀ ਕਤਾਰਾਂ

................

ਪਾਈਪਾਂ ਨਾਲ਼

ਕੱਪੜਿਆਂ ਦੀਆਂ ਪੋਟਲੀਆਂ

ਬੰਨ੍ਹੀਆਂ ਹੋਈਆਂ

...................

ਹੋਰ ਕਿੰਨੀ ਹੀ ਦੁਨੀਆਂ ਦੇ

ਫੁੱਲ ਟੰਗੇ ਹੋਏ ਸਨ

.................

ਗੇਟ ਵਾਲ਼ਾ ਆਦਮੀ

ਕਹਿ ਰਿਹਾ ਹੈ

ਭਾਈ-

ਆਪਣੇ ਫੁੱਲਾਂ ਤੇ

ਕੋਈ ਨਿਸ਼ਾਨੀ ਲਾ ਦਿਉ

ਨਹੀਂ ਤਾਂ-

ਸਵੇਰੇ ਇੱਕ ਦੂਜੇ ਵਿਚ ਰਲ਼ ਜਾਣਗੇ

....................

ਤੁਹਾਨੂੰ ਆਪਣੇ ਫੁੱਲ ਨਹੀਂ ਜੇ ਲੱਭਣੇ!


Wednesday, June 10, 2009

ਸੰਤੋਖ ਧਾਲੀਵਾਲ - ਨਜ਼ਮ

ਸਬੰਧ

ਨਜ਼ਮ

ਇਹ ਰਾਹ, ਇਹ ਪੈਂਡੇ

ਬੜੇ ਕੰਬਖ਼ਤ ਨੇ

ਜੋ ਰੋਜ਼ ਮੈਨੂੰ ਇਨ੍ਹਾਂ ਸਰਾਪੀਆਂ ਕੰਧਾਂ ਤੱਕ

ਪਹੁੰਚਾ ਦਿੰਦੇ ਹਨ

ਤੇ.....

ਤਾੜਦੇ ਹਨ, ਘੂਰਦੇ ਹਨ

ਕਿ ਮੈਂ ਇਨ੍ਹਾਂ ਕੰਧਾਂ ਨੂੰ ਘਰ ਕਹਾਂ

...........

ਕਿਵੇਂ.......

ਕਹਾਂ ਇਨ੍ਹਾਂ ਚਹੁੰ ਕੰਧਾਂ ਤੇ

ਇਨ੍ਹਾਂ ਉੱਪਰ ਚੋਂਦੀ ਹੋਈ ਛੱਤ ਨੂੰ ਘਰ---?

ਜਿੱਥੇ ਨਾ ਕੋਈ

ਤੱਤਾ ਚੁੱਲ੍ਹਾ,ਨਿੱਘਾ ਬਿਸਤਰਾ

ਨਾ ਕੋਈ ਸੁਰਮੇ ਵਾਲੀ ਅੱਖ

ਲਲਚਾਉਂਦੀ ਮਟਕਣ ਲਈ

ਨਾ ਕੋਈ ਵਿਹੜੇ

ਮਾਸੂਮ ਹਾਸਾ ਘੁੰਮਦਾ

ਲਟਬੌਰਾ ਹੋਇਆ

ਚੌੜ ਕਰਦਾ

...................

ਇਨ੍ਹਾਂ ਕੰਧਾਂ ਦੀ ਹਿੱਕ

ਦਫ਼ਨ ਹਨ ਮੇਰੀ ਮਾਂ ਦੇ ਹਉਕੇ

ਉਸਦੀ ਵਿਲਕਦੀ ਹੋਂਦ ਦੀਆਂ ਘੜੀਆਂ

ਕਿਉਂਕਿ ਮੈਂ ਸੱਤ ਮਹੀਨੇ ਬਾਅਦ ਜੰਮਿਆ ਸਾਂ

ਬਾਪੂ ਦੇ ਮਰਨ ਤੋਂ

ਇਨ੍ਹਾਂ ਕੰਧਾਂ ਦੀ ਸਰਦਾਰੀ ਕਰਕੇ ਹੀ

ਉਹ ਸੁੱਚੀ ਹੁੰਦੀ ਹੋਈ ਵੀ

ਬਦਚਲਣ ਗਰਦਾਨੀ ਗਈ ਹੈ

ਸਾਰੀ ਹਿਯਾਤੀ

ਇਨ੍ਹਾਂ ਕੰਧਾਂ ਚ ਰਹਿੰਦੇ ਸੰਸਕਾਰਾਂ ਦੇ ਸਰਪੰਚਾਂ

ਉਸਨੂੰ ਬਦਨਾਮੀ ਦੀ ਸਲੀਬੇ

ਟੰਗੀ ਰੱਖਿਆ ਹੈ

................

ਮਾਂ

ਹੁਣ ਬਹੁਤ ਬੁੱਢੀ ਹੋ ਗਈ ਹੈ

ਉਡੀਕ ਦੀ ਸਰਦਲ ਤੇ ਬੈਠੀ ਹਾਲੀ ਵੀ

ਇਨ੍ਹਾਂ ਦੀਵਾਰਾਂ ਤੋਂ ਬਾਹਰ

ਝਾਕਦੀ ਰਹਿੰਦੀ ਹੈ

ਕਿ

ਇੱਕ ਦਿਨ ਉਸਦਾ

ਜੁਆਨ ਹੋ ਗਿਆ ਪੁੱਤ ਪਰਤੇਗਾ

ਹਰੇ ਰੰਗ ਦਾ ਮਾਂਡੀ ਲੱਗਿਆ ਦੁਪੱਟਾ ਲੈ ਕੇ

ਤੇ ਉਹ

ਫ਼ਖ਼ਰ ਨਾਲ਼

ਢਕ ਲਵੇਗੀ ਆਪਣਾ ਸਿਰ

ਜੋ ਉਮਰ ਭਰ ਨੰਗਾ ਰਿਹਾ ਹੈ

ਤੋਹਮਤਾਂ ਕੋਈ ਦੁਪੱਟਾ

ਉਸਦੇ ਸਿਰ ਤੇ ਟਿਕਣ ਨਹੀਂ ਦਿੱਤਾ

ਉਹ ਸੁਰਖ਼ਰੂ ਹੋ ਕੇ ਬਚਦੇ ਦਿਨ ਲੰਘਾ ਸਕੇਗੀ

ਇਸ ਗੰਦੀ ਹਵਾੜ੍ਹ ਤੋਂ

ਇਸ ਲੁੱਚੀ ਹਾਹਾਕਾਰ ਤੋਂ

ਤੇ ਮਿਲ ਜਾਏਗਾ ਹਰ ਇੱਕ ਨੂੰ

ਉਸਦੇ ਸੁੱਚੇ ਹੋਣ ਦਾ ਸਬੂਤ

...................

ਮੈਂ ਹੈਰਾਨ ਹਾਂ ਕਿ ਕਿਉਂ

ਅਜੇ ਤੱਕ ਵੀ ਲਟਕਾਈ ਰੱਖੀ ਹੈ ਉਸਨੇ

ਚੁਬਾਰੇ ਵਿੱਚ

ਮੇਰੇ ਫੌਜੀ ਪਿਉ ਦੀ ਤਸਵੀਰ

ਜਿਸਨੂੰ ਉਹ ਰੋਜ਼

ਉਦਾਸ ਨਜ਼ਰਾਂ ਨਾਲ ਵੇਖਦੀ ਹੈ

ਤੇ ਖ਼ਾਮੋਸ਼ੀ ਚ ਕੁਝ ਕਹਿੰਦੀ ਹੈ

ਜੋ ਅੱਜ ਤੱਕ ਕਿਸੇ ਨਹੀਂ ਸੁਣਿਆ

ਕਿੰਝ ਅਦਨਾ ਜਿਹਾ ਲੱਗ ਰਿਹਾ ਹੈ

ਖਾਕੀ ਨਿੱਕਰ ਤੇ ਫੰਬਿਆਂ ਵਾਲੀ ਪੱਗ

ਉਸਦੀ ਹਿੱਕ ਤੇ ਲਟਕਦਾ ਤਗਮਾ

ਮੈਨੂੰ ਸਦਾ ਹੀ ਸ਼ਰਮਸਾਰ ਕਰਦਾ ਰਹਿੰਦੈ

ਜਿਸਨੂੰ ਜਿੱਤਣ ਲਈ

ਉਸਨੇ ਚਲਾਈ ਸੀ ਗੋਲੀ

ਬੜੀ ਖੁੱਲ੍ਹਦਿਲੀ ਨਾਲ਼

ਆਪਣੇ ਹੀ ਅਜ਼ਾਦੀ ਮੰਗਦੇ ਭਰਾਵਾਂ ਤੇ

.....................

ਪਰ ਮੈਂ...........

ਇਸ ਤਸਵੀਰ ਨੂੰ ਕੁਝ ਨਹੀਂ ਕਰ ਸਕਦਾ

ਨਾ ਹੱਥ ਲਾ ਸਕਦਾ ਹਾਂ

ਨਾ ਚੁਬਾਰੇ ਚੋਂ ਬਾਹਰ ਹੀ ਸੁੱਟ ਸਕਦਾ ਹਾਂ

ਮਾਂ ਵੀ

ਇਹੋ ਚਾਹੁੰਦੀ ਹੈ ਕਿ ਮੈਂ

ਚੁਬਾਰੇ ਚ ਇਸ ਤਸਵੀਰ ਨੂੰ

ਲਟਕਦੀ ਰਹਿਣ ਦਿਆਂ

ਕਿਉਂਕਿ

ਇਸ ਨਾਲ ਮੇਰਾ ਤੇ ਮੇਰੀ ਮਾਂ ਦਾ ਸਬੰਧ ਹੈ

ਇਹੋ ਹੀ

ਉਸਦੇ ਸੁੱਚੇ ਹੋਣ ਦਾ

ਇੱਕੋ ਇੱਕ ਸਬੂਤ ਹੈ


Tuesday, June 9, 2009

ਦੇਵਨੀਤ - ਨਜ਼ਮ

ਸਾਹਿਤਕ ਨਾਮ: ਦੇਵਨੀਤ

ਅਸਲੀ ਨਾਮ : ਬਲਦੇਵ ਸਿੰਘ ਸਿੱਧੂ

ਜਨਮ : 23/03/1951 (ਨੰਗਲਾ), ਪੰਜਾਬ

ਕਿੱਤਾ: ਸੇਵਾ-ਮੁਕਤ ਪੰਜਾਬੀ ਲੈਕਚਰਾਰ

ਕਿਤਾਬਾਂ : ਕਾਵਿ-ਸੰਗ੍ਰਹਿ : ਕਾਗਜ਼-ਕੰਦਰਾਂ (1996), ਪੱਥਰ 'ਤੇ ਪਈ ਸੈਕਸੋਫੋਨ (1999), ਯਾਤਰੀ ਧਿਆਨ ਦੇਣ (2001), ਹੁਣ ਸਟਾਲਿਨ ਚੁੱਪ ਹੈ (2009) ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਦੇਵਨੀਤ ਦੀਆਂ ਆਰਸੀ ਲਈ ਭੇਜੀਆਂ ਕਵਿਤਾਵਾਂ ਨਵੀਂ ਛਪੀ ਪੁਸਤਕ " ਹੁਣ ਸਟਾਲਿਨ ਚੁੱਪ ਹੈ " (2009) ਵਿਚੋਂ ਹਨ

ਗੁਰਪ੍ਰੀਤ

ਮਾਨਸਾ, ਪੰਜਾਬ

********

ਦੋਸਤੋ! ਮਾਨਸਾ ਵਸਦੇ ਲੇਖਕ ਗੁਰਪ੍ਰੀਤ ਜੀ ਨੇ ਦੇਵਨੀਤ ਜੀ ਦੀਆਂ ਇਹ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ । ਦੇਵਨੀਤ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਇਹਨਾਂ ਨਜ਼ਮਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।

ਅਦਬ ਸਹਿਤ

ਤਨਦੀਪ ਤਮੰਨਾ

*********

ਵੀਲ੍ਹ ਚੇਅਰ ਦੀ ਪ੍ਰਾਰਥਨਾ

ਨਜ਼ਮ

ਸਕੂਲ ਦੀ ਸਵੇਰ ਸਭਾ ਹੋ ਰਹੀ ਹੈ

ਵੀਲ੍ਹ ਚੇਅਰ 'ਚ ਬੈਠੀ ਕੁੜੀ

ਸੁਣ ਰਹੀ ਹੈ

ਸਾਵਧਾਨ ! ਵਿਸ਼ਰਾਮ ਆਰਾਮ ਸੇ !

...............

ਕੁੜੀ ਆਰਾਮ ਸੇ ਦੀ ਮੁਦਰਾ ਵਿੱਚ ਵੀ

ਆਰਾਮ ਸੇ ਨਹੀਂ

ਜੋ ਮਾਂਗੇ ਦੀ ਧੁਨ 'ਤੇ ਜੁੜੇ ਹੱਥ

ਕੁੜੀ ਸੋਚਦੀ ਹੈ:

..............

ਮੇਰੇ ਸਾਰੇ ਸਾਥੀ ਸਾਬਤ ਤਾਂ ਹਨ

ਉਹ ਠਾਕੁਰ ਤੋਂ ਕੀ ਮੰਗ ਰਹੇ ਹਨ?

====

ਥਾਹ ਕੋਲ਼

ਨਜ਼ਮ

ਜਾਣਦਾ ਨਹੀਂ ਸਾਂ

ਰਿਸ਼ਤਿਆਂ ਦੀ ਥਾਹ

ਸ਼ੀਤਲਤਾ, ਠੰਢਕ, ਸੁਗੰਧ

............

ਅੱਜ

ਮੇਰੇ ਨਾਲ਼ ਦੇ ਕਮਰੇ 'ਚ ਰਹਿੰਦੀ ਔਰਤ

ਮੇਰੇ ਤਪਦੇ ਮੱਥੇ ਲਈ

ਪਾਣੀ ਪੱਟੀ ਲਿਆਈ ਹੈ

.................

ਮੈਂ ਇੱਕ ਮਹਾਨ ਰਿਸ਼ਤੇ ਦੀ

ਥਾਹ ਕੋਲ਼ ਹਾਂ

=======

ਕਣਕਾਂ 'ਚ ਕੋਲਾ

ਨਜ਼ਮ

ਪੰਜਾਬ ਦਾ ਕਿਸਾਨ

ਤਾਂ ਅੱਜ

ਰੇਲਵੇ ਟਰੈਕ 'ਤੇ ਵਿਛਿਆ ਬੈਠਾ ਹੈ

.................

ਮਾਹੌਲ

ਕੋਲੇ ਵਾਲੇ ਇੰਜਣ ਦਾ

ਬੁਆਇਲਰ ਬਣ ਗਿਆ ਹੈ

......................

ਇਹ ਕੋਲਾ ਕਿੱਥੋਂ ਆ ਗਿਆ

ਸਿਆੜਾਂ ਅੰਦਰ

ਬੀਜਾਂ ਦੀ ਥਾਂ

.................

ਬੋਹਲ਼ ਪੁੱਛਦੇ ਹਨ...!


ਦਵਿੰਦਰ ਸਿੰਘ ਪੂਨੀਆ - ਨਜ਼ਮ

ਸੁਪਨੇ

ਨਜ਼ਮ

ਸੁਪਨੇ ਆਉਂਦੇ ਤੇ ਕਹਿੰਦੇ

ਕਿ ਜ਼ਿੰਦਗੀ ਹੈ

ਜੀ.ਟੀ. ਰੋਡ ਵਾਂਗ....

ਸਿੱਧ ਪੱਧਰੀ ਸੋਹਣੀ

ਕਿਸੇ ਸਾਜ਼ ਦੀ ਮਧੁਰ ਆਵਾਜ਼

ਲਤਾ-ਰਫ਼ੀ ਦੀ ਆਵਾਜ਼ ਵਾਂਗ

ਮਿੱਠੀ, ਸਾਫ਼ ਤੇ ਲੈਅ ਬੱਧ

ਨੁਸਰਤ ਦੀ ਸਰਗਮ ਵਾਂਗ ਬੇਨੁਕਸ

ਬਸੰਤ ਵੇਲ਼ੇ ਖਿੜੇ

ਹੱਸਦੇ ਜਵਾਨ ਖੇਤ ਵਰਗੀ

ਜਾਂ ਚਾਨਣੀ ਰਾਤ ਵਿਚ

ਚਮਕਦੇ ਤਾਜ ਮਹਿਲ ਵਰਗੀ

..........................

ਹਰ ਰੋਜ਼ ਅਸੀਂ ਜ਼ਿੰਦਗੀ ਦੇ ਸਨਮੁੱਖ ਹੁੰਦੇ

ਜਾਣਦੇ ਹਾਂ ਜ਼ਿੰਦਗੀ ਹੈ

ਕਿਸੇ ਪਿੰਡ ਨੂੰ ਜਾਂਦੀ ਟੁੱਟੀ ਭੱਜੀ

ਧੂੜ ਭਰੀ ਸੜਕ ਜਿਹੀ

ਕਿਸੇ ਮਸ਼ੀਨ ਦੀ ਘਰਰ-ਘਰਰ ਜਾਂ

ਕਿਸੇ ਇੰਜਨ ਦੀ ਫਿਟ-ਫਿਟ ਵਰਗੀ

ਕਿਸੇ ਫੇਰੀ ਵਾਲ਼ੇ ਦੇ ਹੋਕੇ ਵਰਹੀ

ਸ਼ਾਮ ਪਈ ਸਬਜ਼ੀ ਮੰਡੀ ਦੇ ਰੌਲ਼ੇ ਰੱਪੇ ਵਰਗੀ

ਕਿਸੇ ਮਜਬੂਰ ਕਿਸਾਨ ਦੇ ਨਦੀਨਾਂ ਭਰੇ

ਕੀੜਿਆਂ ਖਾਧੇ

ਬੀਮਾਰੀਆਂ ਚੱਟੇ ਖੇਤ ਵਰਗੀ ਜਾਂ

ਬਿਜਲੀ ਗੁੱਲ ਵੇਲ਼ੇ

ਉਬਾਸੀਆਂ ਲੈਂਦੇ ਪਿੰਡ ਜਿਹੀ

.................

ਜ਼ਿੰਦਗੀ ਤਾਂ ਜ਼ਿੰਦਗੀ ਹੁੰਦੀ ਹੈ!

..................

ਸੁਪਨੇ ਸਚਮੁੱਚ ਸੋਹਣੇ ਹੁੰਦੇ ਨੇ!!


Monday, June 8, 2009

ਮਨਮੋਹਨ ਆਲਮ – ਉਰਦੂ ਰੰਗ

ਸਾਹਿਤਕ ਨਾਮ: ਮਨਮੋਹਨ ਆਲਮ

ਜਨਮ: 1938 ਪਾਕਿਸਤਾਨ

ਅਜੋਕਾ ਨਿਵਾਸ: ਨਿਊਯਾਰਕ, ਯੂ.ਐੱਸ.ਏ.

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਧੂਪ ਛਾਓਂ ( ਉਰਦੂ ਚ) ਪ੍ਰਕਾਸ਼ਿਤ ਹੋ ਚੁੱਕਾ ਹੈ।

ਮਨਮੋਹਨ ਆਲਮ ਨਿਊਯਾਰਕ ਦੇ ਸਾਹਿਤਕ ਹਲਕਿਆਂ ਵਿਚ ਮਨਮੋਹਨ ਭੱਲਾ ਕਰਕੇ ਮਸ਼ਹੂਰ ਹਨਉਹਨਾਂ ਦਾ ਜਨਮ 1938 ਵਿਚ ਗੁਜਰਾਤ ਜ਼ਿਲ੍ਹੇ (ਪਾਕਿਸਤਾਨ) ਦੇ ਪਿੰਡ ਡਿੰਗਾ ਵਿਚ ਹੋਇਆਉਹਨਾਂ ਦੀ ਮਾਤਾ ਜੀ ਡਾਕਟਰ ਸਨਉਹਨਾਂ ਦੇ ਪਿਤਾ ਜੀ ਬਚਪਨ ਵਿਚ ਹੀ ਰੱਬ ਨੂੰ ਪਿਆਰੇ ਹੋ ਗਏਸੰਤਾਲੀ ਤੋਂ ਪਹਿਲਾਂ ਉਹਨਾਂ ਦੇ ਮਾਤਾ ਜੀ ਪਾਕਿਸਤਾਨ ਵਿਚ ਹਸਪਤਾਲ ਵਿਚ ਸਰਕਾਰੀ ਨੌਕਰੀ ਕਰਦੇ ਸਨਸੰਤਾਲੀ ਤੋਂ ਪਹਿਲਾਂ ਉਹ ਹਿੰਦੋਸਤਾਨ ਵਿਚ ਆ ਗਏਜਲਦੀ ਹੀ ਉਹਨਾਂ ਦੀ ਵੀ ਮੌਤ ਹੋ ਗਈਮਨਮੋਹਨ ਆਲਮ ਨੇ ਡੀ ਏ ਵੀ ਕਾਲਜ ਜਲੰਧਰ ਤੋਂ ਬੀ ਏ ਪਾਸ ਕੀਤੀਦਿੱਲੀ ਯੂਨੀਵਰਸਿਟੀ ਤੋਂ ਐਮ ਏ ਦੀ ਡਿਗਰੀ ਲਈ

----

ਉਹ ਲੰਮਾ ਅਰਸਾ ਹਿੰਦੋਸਤਾਨ ਟਾਈਮਜ਼, ਇਕਨੌਮਿਕਸ ਟਾਈਮਜ਼, ਫਾਈਨੈਸ਼ਨਲ ਐਕਸਪ੍ਰੈਸ ਵਰਗੇ ਪਰਚਿਆਂ ਵਿਚ ਪੁਸਤਕ ਸਮੀਖਿਅਕ ਰਹੇਉਹ ਮੈਂਟਲ ਹੈਲਥ ਦੇ ਖੇਤਰ ਨਾਲ ਸੰਬੰਧਿਤ ਕਈ ਏਜੰਸੀਆਂ ਵਿਚ ਥੈਰੇਪਿਸਟ ਦੀ ਹੈਸੀਅਤ ਵਿਚ ਰਹੇ1971 ਵਿਚ ਉਹ ਅਮਰੀਕਾ ਆ ਗਏਅੱਜ ਕੱਲ੍ਹ ਉਹ ਨਿਊਯਾਰਕ ਵਿਚ ਡਿਪਾਰਟਮੈਂਟ ਆਫ਼ ਕੁਰੈਕਸ਼ਨ ਦੀ ਜੇਲ੍ਹ ਵਿਚ ਸਾਈਕੋ-ਥੈਰੇਪਿਸਟ ਵਜੋਂ ਸੇਵਾਵਾਂ ਨਿਭਾ ਰਹੇ ਹਨ

----

ਉਹਨਾਂ ਨੇ ਮਨੋਵਿਗਿਆਨ ਦੇ ਵਿਸ਼ੇ ਤੇ ਕਈ ਲੇਖ ਅੰਗਰੇਜ਼ੀ ਵਿਚ ਲਿਖੇਧੂਪ ਛਾਓਂਉਹਨਾਂ ਦਾ 2009 ਵਿਚ ਪ੍ਰਕਾਸ਼ਿਤ ਹੋਇਆ ਪਹਿਲਾ ਉਰਦੂ ਗ਼ਜ਼ਲਾਂ ਦਾ ਸੰਗ੍ਰਹਿ ਹੈ, ਜਿਸ ਵਿਚ 131 ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨਇਕ ਹੋਰ ਗ਼ਜ਼ਲ-ਸੰਗ੍ਰਹਿ ਦਾ ਖਰੜਾ ਛਪਣ ਲਈ ਤਿਆਰ ਹੈਗ਼ਜ਼ਲਾਂ ਤੋਂ ਇਲਾਵਾ ਉਹ ਆਜ਼ਾਦ ਅਤੇ ਪਾਬੰਦ ਨਜ਼ਮਾਂ ਵੀ ਲਿਖਦੇ ਹਨ

----

ਮਨਮੋਹਨ ਆਲਮ ਦੀਆਂ ਗ਼ਜ਼ਲਾਂ ਰਿਵਾਇਤੀ ਗ਼ਜ਼ਲ ਨਾਲੋਂ ਇਕ ਵਿਥ ਸਥਾਪਤ ਕਰਦੀਆਂ ਹਨਜ਼ੁਲਫ਼, ਰਿੰਦ, ਸਾਕੀ, ਮੈਖ਼ਾਨਾ, ਵਰਗੀ ਸ਼ਬਦਾਵਲੀ ਨੂੰ ਉਹਨਾਂ ਨੇ ਸੁਚੇਤ ਪੱਧਰ ਤੇ ਤਿਲਾਂਜਲੀ ਦਿੱਤੀਉਹਨਾਂ ਦੀਆਂ ਗ਼ਜ਼ਲਾਂ ਜ਼ਬਾਨ ਪੱਖੋਂ ਬੇਹੱਦ ਸਾਦਾ, ਪਰ ਖ਼ਿਆਲ ਪੱਖੋਂ ਡੂੰਘੀਆਂ ਹਨਉਹਨਾਂ ਦੀ ਸ਼ਾਇਰੀ ਕੀ, ਕਿਵੇਂ, ਕਿਉਂ ਜਿਹੇ ਸਵਾਲ ਪੈਦਾ ਕਰਕੇ ਪਾਠਕ ਦੇ ਦਿਲ ਵਿਚ ਹਰ ਚੀਜ਼ ਨੂੰ ਹੋਰ ਬਰੀਕੀ ਨਾਲ ਘੋਖਣ ਦੀ ਜਗਿਆਸਾ ਪੈਦਾ ਕਰਦੀ ਹੈਸਾਦਾ ਜ਼ਬਾਨ ਵਿਚ ਫ਼ਲਸਫ਼ਾਨਾ ਖ਼ਿਆਲ ਪੇਸ਼ ਕਰ ਜਾਣਾ ਮਨਮੋਹਨ ਆਲਮ ਦੀਆਂ ਗ਼ਜ਼ਲਾਂ ਦੀ ਅਹਿਮ ਪ੍ਰਾਪਤੀ ਹੈਮਨੋਵਿਗਿਆਨ ਦ੍ਰਿਸ਼ਟੀਕੋਣ ਤੋਂ ਪੇਸ਼ ਹੋਏ ਖ਼ਿਆਲ ਮਨਮੋਹਨ ਆਲਮ ਨੂੰ ਬਾਕੀ ਗ਼ਜ਼ਲਗੋਆਂ ਨਾਲੋਂ ਨਿਖੇੜ ਕੇ ਉਸਦੀ ਅਲਗ ਪਹਿਚਾਣ ਬਣਾਉਣ ਵਿਚ ਕਾਮਯਾਬ ਹੋਏ ਹਨ

----

ਮਨਮੋਹਨ ਆਲਮ ਬੇਹੱਦ ਮਿਲਾਪੜੇ, ਸਾਦਾ ਤਬੀਅਤ ਇਨਸਾਨ ਹਨਆਪਣੀ ਸ਼ਾਇਰੀ ਦੀ ਕਾਮਯਾਬੀ ਪਿੱਛੇ ਉਹ ਆਪਣੀ ਪਤਨੀ ਦੇ ਯੋਗਦਾਨ ਨੂੰ ਅੱਖੋਂ ਓਹਲੇ ਨਹੀਂ ਕਰਦੇਕਈ ਵਾਰ ਮਸਤੀ ਵਿਚ ਆਏ ਹੋਏ ਆਲਮ ਸਾਹਿਬ ਆਪਣੀ ਪਤਨੀ ਬਾਰੇ ਲਿਖੀ ਰੁਬਾਈ ਸੁਣਾ ਕੇ ਆਪਣੇ ਗੰਭੀਰ ਸੁਭਾਅ ਪਿੱਛੇ ਲੁਕੇ ਹੋਏ ਚੰਚਲ, ਸ਼ੋਖ ਤੇ ਹਸਮੁਖ ਮਨਮੋਹਨ ਆਲਮ ਦੇ ਦਰਸ਼ਨ ਵੀ ਕਰਵਾ ਦਿੰਦੇ ਹਨ-

....ਰੋਜ਼ ਚਾਵਲ ਉਬਾਲ ਰਖਤੀ ਹੋ

ਸਾਥ ਮੂੰਗੀ ਕੀ ਦਾਲ ਰਖਤੀ ਹੋ

ਬਾਜ਼-ਓ-ਕਾਤ ਸੋਚਤਾ ਹੂੰ ਕਿ ਤੁਮ,

ਮੇਰਾ ਕਿਤਨਾ ਖ਼ਿਆਲ ਰਖਤੀ ਹੋ....।

ਸੁਰਿੰਦਰ ਸੋਹਲ

*********

ਦੋਸਤੋ! ਸੁਰਿੰਦਰ ਸੋਹਲ ਜੀ ਨੇ ਮਨਮੋਹਨ ਆਲਮ ਸਾਹਿਬ ਦੀਆਂ ਇਹ ਬੇਹੱਦ ਖ਼ੂਬਸੂਰਤ ਉਰਦੂ ਗ਼ਜ਼ਲਾਂ ਆਰਸੀ ਲਈ ਭੇਜੀਆਂ ਹਨ । ਉਹਨਾਂ ਦਾ ਬੇਹੱਦ ਸ਼ੁਕਰੀਆ । ਆਲਮ ਸਾਹਿਬ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਦੋਵਾਂ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।

ਅਦਬ ਸਹਿਤ

ਤਨਦੀਪ ਤਮੰਨਾ

************

ਗ਼ਜ਼ਲ

ਪੁਰਾਨੀ ਕਦਰ-ਓ-ਕੀਮਤ ਕਾ ਸਿਲਾ ਅੱਛਾ ਨਹੀਂ ਲਗਤਾ

ਮਗਰ ਹੈ ਆਜ ਕਲ ਜੋ ਭੀ ਨਯਾ ਅੱਛਾ ਨਹੀਂ ਲਗਤਾ

----

ਮੁਝੇ ਅੱਛਾ ਲਗੇ ਯਾ ਨਾ ਲਗੇ ਅਬ ਇਸ ਕੇ ਕਯਾ ਮਾਈਨੇ,

ਕਿ ਜੋ ਅੱਛਾ ਲਗਾ ਵੋ ਭੀ ਸਦਾ ਅੱਛਾ ਨਹੀਂ ਲਗਤਾ

----

ਮੇਰੀ ਹਰ ਸੋਚ ਤੋ ਸਭ ਕੋ ਬੜੀ ਅੱਛੀ ਲਗੀ ਆਖ਼ਿਰ,

ਮਗਰ ਤਰਜ਼ੇ ਅਮਲ ਹੈ ਜੋ ਮੇਰਾ ਅੱਛਾ ਨਹੀਂ ਲਗਤਾ

----

ਖ਼ਿਆਲ ਆਯਾ ਮੁਝੇ ਯੇ ਭੀ ਕਿ ਮੈਂ ਕਿਯੂੰ ਸੋਚਤਾ ਹੂੰ ਯੇ,

ਕਿ ਅੱਛਾ ਉਨ ਕੋ ਕਯਾ ਲਗਤਾ ਹੈ ਕਯਾ ਅੱਛਾ ਨਹੀਂ ਲਗਤਾ

----

ਮੇਰੇ ਦਿਲ ਨੇ ਕਹਾ ਜੋ ਭੀ ਮੁਝੇ ਅੱਛਾ ਲਗਾ ਲੇਕਿਨ,

ਮੁਹੱਬਤ ਮੇਂ ਖ਼ਿਰਦ* ਕਾ ਫ਼ੈਸਲਾ ਅੱਛਾ ਨਹੀਂ ਲਗਤਾ

----

ਵੋ ਮੇਰੀ ਜੁਰੱਤੇ ਇਨਕਾਰ ਸੇ ਭੀ ਤੋ ਪਰੇਸ਼ਾਂ ਹੈਂ,

ਉਨ੍ਹੇ ਯੇ ਮੇਰੇ ਦਿਲ ਕਾ ਹੌਸਲਾ ਅੱਛਾ ਨਹੀਂ ਲਗਤਾ

----

ਅਨਾ** ਮੇਰੀ ਨਾ ਜਾਨੇ ਕਿਯੂੰ ਉਨ੍ਹੇ ਅੱਛੀ ਨਹੀਂ ਲਗਤੀ,

ਉਨ੍ਹੇ ਰਿਸ਼ਤਾ ਇਧਰ ਖ਼ੁਦ ਸੇ ਮੇਰਾ ਅੱਛਾ ਨਹੀਂ ਲਗਤਾ

----

ਮੇਰੇ ਦਿਲ ਕੋ ਯਕੀਂ ਦਰਕਾਰ*** ਹੈ ਹਰ ਬਾਤ ਕੋ ਲੇਕਰ,

ਮੇਰੇ ਦਿਲ ਕੋ ਗੁਮਾਂ ਕੋਈ ਜ਼ਰਾ ਅੱਛਾ ਨਹੀਂ ਲਗਤਾ

----

ਨਾ ਗ਼ਮ ਕੋਈ ਮੁਝੇ ਹੈ ਔਰ ਨਾ ਕੋਈ ਖ਼ੁਸ਼ੀ ਮੁਝ ਕੋ,

ਮੇਰੇ ਦਿਲ ਮੇਂ ਜੋ ਹੈ ਅਬ ਯੇ ਖ਼ਲਾਅ ਅੱਛਾ ਨਹੀਂ ਲਗਤਾ

======

ਗ਼ਜ਼ਲ

ਕਬ ਹੈ ਅੱਛਾ ਆਜ ਕਲ ਕੁਛ ਭੀ ਕਿਸੀ ਸੇ ਪੂਛਨਾ

ਆਪ ਲੇਕਿਨ ਮੁਝ ਸੇ ਜੋ ਚਾਹੋ ਖ਼ੁਸ਼ੀ ਸੇ ਪੂਛਨਾ

----

ਜ਼ਿੰਦਗੀ ਸੇ ਕੈਸੇ ਕੈਸੇ ਮੈਨੇ ਸਮਝੌਤੇ ਕੀਏ,

ਪੂਛਨਾ ਹੋ ਤੋ ਯੇ ਮੇਰੀ ਬੇਬਸੀ ਸੇ ਪੂਛਨਾ

----

ਦਾਸਤਾਨੇ ਦਿਲ ਬਤਾ ਦੇਤੇ ਹੈਂ ਚਿਹਰੇ ਕੇ ਨਕੂਸ਼,

ਜੀ ਮੇਂ ਆਤਾ ਹੈ ਮੇਰੇ ਅਬ ਕਯਾ ਕਿਸੀ ਸੇ ਪੂਛਨਾ

----

ਪੂਛਨੀ ਹੋ ਬਾਤ ਕੁਛ ਤੋ ਪਿਆਰ ਸੇ ਪੂਛੋ ਮੁਝੇ,

ਰਾਏਗਾਂ* ਹੈ ਸਭ ਤੇਰਾ ਯੂੰ ਬੇਦਿਲੀ ਸੇ ਪੂਛਨਾ

----

ਮੁਸਕਰਾਹਟ ਦੇਖ ਕਰ ਇਸ ਕੀ ਨਾ ਅੰਦਾਜ਼ੇ ਲਗਾ,

ਬਾਤ ਮਤਲਬ ਕੀ ਜੋ ਹੈ ਐ ਦਿਲ ਉਸੀ ਸੇ ਪੂਛਨਾ

----

ਜ਼ਿੰਦਗੀ ਹਰ ਹਾਲ ਮੇਂ ਹੈ ਖ਼ੂਬਸੂਰਤ ਇਸ ਕਦਰ,

ਤੁਮ ਕਭੀ ਇਸ ਕੀ ਸਦਾਕਤ** ਬੇਖ਼ੁਦੀ ਸੇ ਪੂਛਨਾ

*****

ਔਖੇ ਸ਼ਬਦਾਂ ਦੇ ਅਰਥ

ਪਹਿਲੀ ਗ਼ਜ਼ਲ: - ਅਕਲ 2. ਅਣਖ, ਗ਼ੈਰਤ 3. ਲ਼ੋੜੀਂਦਾ

ਦੂਜੀ ਗ਼ਜ਼ਲ: - 1. ਫ਼ਜ਼ੂਲ 2. ਸੱਚਾਈ