ਗ਼ਜ਼ਲ
ਹਰ ਵੇਲ਼ੇ ਹੀ ਚਾਹੇ ਦੁਖੜੇ ਸਹਿੰਦਾ ਸੀ।
ਤਾਂ ਵੀ ਬਾਪੂ ਖੇੜੇ ਦੇ ਵਿਚ ਰਹਿੰਦਾ ਸੀ।
ਸਾਰੀ ਸੱਥ ਦੇ ਤੁਰਲੇ ਨੀਵੇਂ ਹੋ ਜਾਂਦੇ,
ਭੁੱਲ-ਭੁਲੇਖੇ ਜਦ ਵੀ ਜਾ ਕੇ ਬਹਿੰਦਾ ਸੀ।
ਥੱਕਿਆ-ਟੁੱਟਿਆ ਮੁੜਦਾ ਸੀ ਉਹ ਖੇਤਾਂ ‘ਚੋਂ,
ਸੌਂ ਚੁੱਕਦਾ ਸੀ ਜਦ ਨੂੰ ਮੰਜਾ ਡਹਿੰਦਾ ਸੀ।
ਪਲ ਵਿਚ ਦੁੱਧ ਦੇ ਵਾਂਗ ਉਬਾਲ਼ਾ ਖਾ ਜਾਂਦਾ,
ਝੱਗ ਦੇ ਵਾਂਗੂੰ ਉਸਦਾ ਗੁੱਸਾ ਲਹਿੰਦਾ ਸੀ।
ਰੋਜ਼ ਕਨ੍ਹੇੜੇ ਚੁੱਕ ਕੇ ਦਿੰਦਾ ਸੀ ਝੂਟੇ,
ਲੁਕਣ-ਮਚੀਚੀ ਖੇਡੇ, ਲੁਕ-ਲੁਕ ਛਹਿੰਦਾ ਸੀ।
ਮੇਰਿਆ ਦੁੱਖਾਂ ਕਰਕੇ ਬਾਬਲ ਹਾਰ ਗਿਆ,
ਜਿਸ ਤੋਂ ਜੱਗ ਦਾ ਹਰ ਇਕ ਦੁੱਖ ਤ੍ਰਹਿੰਦਾ ਸੀ।
ਹੁਣ ਕਾਹਤੋਂ ਨਈਂ ਕਹਿੰਦਾ ਧੀਏ ! ਮਰ ਜਾਹ ਤੂੰ,
ਬਚਪਨ ਦੇ ਵਿਚ ਮਰਨੀ-ਮਰਨੀ ਕਹਿੰਦਾ ਸੀ।
“ਬਾਦਲ” ਧੀ ਦੇ ਸੰਸੇ ਵਿੱਚ ਗੁਆਚ ਗਿਆ,
ਜਿਹੜਾ ਹਸ-ਹਸ ਨਾਲ਼ ਮੁਸੀਬਤ ਖਹਿੰਦਾ ਸੀ।
2 comments:
ਡੈਡੀ ਜੀ ਦਾ ਖ਼ੂਬਸੂਰਤ ਗ਼ਜ਼ਲਾਂ ਲਈ ਵੀ ਬੇਹੱਦ ਸ਼ੁਕਰੀਆ।
ਤਨਦੀਪ 'ਤਮੰਨਾ'
Dad:
ਹੁਣ ਕਾਹਤੋਂ ਨਈਂ ਕਹਿੰਦਾ ਧੀਏ ! ਮਰ ਜਾਹ ਤੂੰ,
ਬਚਪਨ ਦੇ ਵਿਚ ਮਰਨੀ-ਮਰਨੀ ਕਹਿੰਦਾ ਸੀ।
I love all ghazals written by you, but this one is one of my favourites!! Kash main vi ghazal likhni sikhi hundi..:(
Tamanna
Post a Comment