ਯੁੱਧ ਸੋਚਾਂ ਦਾ ਸੀ ਭਾਵੇਂ...
ਯੁੱਧ ਸੋਚਾਂ ਦਾ ਸੀ ਭਾਵੇਂ, ਯਾਤਰੀ ਦੇ ਨਾਲ਼-ਨਾਲ਼।
ਚਲ ਰਹੇ ਸੁਪਨੇ ਸੀ ਫਿਰ ਵੀ, ਪਾਲਕੀ ਦੇ ਨਾਲ਼-ਨਾਲ਼।
ਹੋਰ ਵੀ ਘੇਰਾ ਸੁਹੱਪਣ ਦਾ, ਬਹੁਤ ਵਧਦਾ ਤਦੋਂ,
ਸੁਹਜ ਵੀ ਜੇ ਕੋਲ਼ ਹੁੰਦਾ, ਸਾਦਗੀ ਦੇ ਨਾਲ਼-ਨਾਲ਼।
ਮਨ ਬੜਾ ਚੰਚਲ, ਟਿਕਾਅ ਦੇ ਵਿਚ ਨਹੀਂ ਆਉਂਦਾ ਕਦੇ,
ਕੁੱਲ ਦੁਨੀਆਂ ਘੁੰਮ ਆਵੇ, ਆਰਤੀ ਦੇ ਨਾਲ਼-ਨਾਲ਼।
ਮਨ ਅਤੇ ਚਿਹਰਾ ਪੜ੍ਹੇ ਜਾਂਦੇ ਸਦਾ ਇੱਕੋ ਸਮੇਂ,
ਜੇ ਕੁਈ ਪੁਸਤਕ ਵੀ ਖੁਲ੍ਹਦੀ, ਆਰਸੀ ਦੇ ਨਾਲ਼-ਨਾਲ਼।
ਇਕ ਰਹੀ ਓਡੀ ਦੀ ਓਡੀ, ਇਕ ‘ਤੇ ਜੋਬਨ ਆ ਗਿਆ,
ਵਧ ਸਕੀ ਨਾ ਕੋਈ ਗੁੜੀਆ, ਬਾਲੜੀ ਦੇ ਨਾਲ਼-ਨਾਲ਼।
ਨੇੜਤਾ ਇਨਸਾਨ ਨੇ ਖ਼ੁਸ਼ੀਆਂ ਥੀਂ ਚਾਹੀ ਰੱਖਣੀ,
ਪਰ ਹਨੇਰਾ ਵੀ ਰਿਹਾ ਹੈ, ਚਾਨਣੀ ਦੇ ਨਾਲ਼-ਨਾਲ਼।
ਬਣ ਗਿਆ ਸ਼ਾਇਰ ਉਹੀ, ਤੇ ਨਾਮ ‘ਬਾਦਲ’ ਧਰ ਲਿਆ,
ਸ਼ਿਅਰ ਜੋ ਕਹਿੰਦਾ ਰਿਹਾ, ਦੀਵਾਨਗੀ ਦੇ ਨਾਲ਼-ਨਾਲ਼।
1 comment:
Dad:
Tuhadey iss sheyer ne iss site da naam dhra ditta..'Aarsi'...nahin tan pata ni ki ki sochi jana si..:) Thanks.
Tamanna
Post a Comment