ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, October 25, 2008

ਤਨਦੀਪ 'ਤਮੰਨਾ' - ਨਜ਼ਮ

ਰੰਗਾਂ ਦਾ ਕੋਲਾਜ

ਝੜਨ ਤੋਂ ਪਹਿਲਾਂ

ਪੱਤਝੜ ਰੁੱਤੇ

ਪੀਲੇ, ਗੁਲਾਬੀ, ਦਾਲਚੀਨੀ ਰੰਗੇ

ਪੱਤਿਆਂ ਨੇ

ਕੁੱਝ ਕਿਹਾ ਤਾਂ ਹੈ

ਕਿ ਫੇਰ ਆਵਾਂਗੇ

ਬਹਾਰ ਰੁੱਤੇ

ਹਰਿਆਵਲ ਲੈ ਕੇ

ਫੁੱਟਾਂਗੇ

ਏਸੇ ਰੁੱਖ ਦੀਆਂ ਟਾਹਣੀਆਂ ਚੋਂ

ਕਦੇ ਸਾਨੂੰ

ਚਾਨਣੀ ਰਾਤੇ

ਰਾਤ ਦੇ ਪਹਿਲੇ ਪਹਿਰੇ

ਨੂਰੋ-ਨੂਰ ਹੁੰਦਿਆਂ ਦੇਖੀਂ

ਫੇਰ ਆਵਾਂਗੇ

ਸਾਂਭ ਰੱਖੀਂ

ਓਦੋਂ ਤੀਕਰ ਸਾਡੀ

ਗੁਲਾਬੀ ਜਿਹੀ ਯਾਦ

ਅੱਥਰੂ ਨਾ ਵਹਾਈਂ

ਬੱਸ ਰੁੱਖ ਨੂੰ ਜਾ

ਗਲਵੱਕੜੀ ਪਾਵੀਂ

ਸਮਝ ਲਵੀਂ

ਰਿਸ਼ਤਿਆਂ ਦੇ

ਰੰਗਾਂ ਦੀ,

ਖ਼ੁਸ਼ਬੂ ਦੀ ਕੀਮਤ

ਫੇਰ ਆਵਾਂਗੇ

ਹਰਿਆਵਲ ਲੈ ਕੇ

ਪਰ...

ਅਗਲੀ ਬਹਾਰ ਰੁੱਤੇ

ਤੇਰੀਆਂ ਅੱਖਾਂ

ਦੋ ਨਰਗਿਸੀ ਫੁੱਲ

ਖਿੜੇ ਦੇਖਣੇ ਚਾਹੁੰਦੇ ਹਾਂ!!

6 comments:

Jagjit said...

Wow!!! great work.

ਤਨਦੀਪ 'ਤਮੰਨਾ' said...

Thanks a lot Jagjit ji. Please visit again and also forward 'Aarsi' link to those who love Punjabi poetry.
Regards
Tamanna

Silver Screen said...
This comment has been removed by a blog administrator.
ਤਨਦੀਪ 'ਤਮੰਨਾ' said...
This comment has been removed by the author.
ਦਰਸ਼ਨ ਦਰਵੇਸ਼ said...

ਤਨਦੀਪ, ਅੱਜ ਤੇਰੀਆਂ ਸਾਰੀਆਂ ਨਜ਼ਮਾਂ ਨਿੱਠ ਕੇ ਪੜ੍ਹੀਆਂ ਨੇ, ਤੇਰੀ ਸੋਚ ਦੇ ਸ਼ਬਦਾਂ ਦੇ ਧਰਾਤਲ ਉੱਪਰ, ਆਪਣੀ ਸੋਚ ਨੂੰ ਰੁਕਣ ਦੀ ਇਜਾਜ਼ਤ ਮੈਂ ਆਪਣੇ ਆਪ ਕੋਲ਼ੋਂ ਮੰਗੀ, ਤੇਰੇ ਸਫ਼ਰ ਦੇ ਹਰ ਬੂਹੇ ਨੂੰ ਦਸਤਕ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਜਾਪਿਆ ਕਿ ਤੇਰੀ ਸ਼ਾਇਰੀ ਅੰਦਰ ਚੁੱਪ ੳਤੇ ਚੀਕ ਨੂੰ ਇੱਕੋ ਮੰਚ ਉੱਪਰ ਮੰਚਿਤ ਕਰਨ ਦੀ ਹਿੰਮਤ ਹੈ। ਇਹ ਹੌਸਲੇ ਵਾਲ਼ਾ ਦਰਦ ਤੁਰਦਾ ਹੋਇਆ ਮੈਂ ਪਹਿਲੀ ਵਾਰ ਵੇਖਿਆ ਹੈ, ਸ਼ਿੱਦਤ ਦੀ ਮੌਲਿਕਤਾ ਦੀ ਆਵਾਜ਼ ‘ਚ ਬੋਲਦੀ ਹੋਈ ਨਜ਼ਰ ਮੈਂ ਪਹਿਲੀ ਵਾਰ ਵੇਖੀ ਹੈ। ਇਹ ਕਵਿਤਾ ਅੱਜ ਦੀ ਕਵਿਤਾ ਹੈ। ਸਮੇਂ ਦੇ ਨਾਲ਼-ਨਾਲ਼ ਤਥਾ-ਕਥਿਤ ਆਲੋਚਕਾਂ ਨੂੰ ਸਵਾਲ ਕਰਦੀ ਕਵਿਤਾ ਹੈ। ਏਥੇ ਅਪਣੱਤ ਨਹੀਂ, ਸਗੋਂ ਇੱਕ ਗ਼ੈਰ-ਸਵਾਰਥੀ ਪਾਠਕ ਤੇਰੀ ਇਸ ਕਵਿਤਾ ਨੂੰ ਪਿਆਰ ਭੇਜਦਾ ਹੈ।

ਦਰਸ਼ਨ ਦਰਵੇਸ਼

ਤਨਦੀਪ 'ਤਮੰਨਾ' said...

ਦਰਵੇਸ਼ ਜੀ! ਬਹੁਤ-ਬਹੁਤ ਸ਼ੁਕਰੀਆ! ਸ਼ਾਇਦ ਰੂਹ ਦਾ ਦਰਦ ਸ਼ਾਇਰੀ ਦੇ ਲਫ਼ਜ਼ਾਂ ਨੂੰ ਸਭ ਤੋਂ ਸੁੰਦਰ ਲਿਬਾਸ ਨਾਲ਼ ਸਜਾ ਦਿੰਦਾ ਹੈ...ਏਸੇ ਕਰਕੇ ਇਹ ਨਜ਼ਮਾਂ ਨਿੱਖਰੀਆਂ-ਨਿੱਖਰੀਆਂ ਜਾਪਦੀਆਂ ਨੇ। ਤੁਹਾਡੀ ਕਿਤਾਬ 'ਉਦਾਸ ਸਿਰਲੇ਼ਖ' 'ਚੋਂ ਕੱਲ੍ਹ ਸੁਣੀ ਬੇਹੱਦ ਖ਼ੂਬਸੂਰਤ ਲੰਮੀ ਨਜ਼ਮ ਏਸੇ ਦਰਦ ਨੂੰ ਹੀ ਤਾਂ ਬਿਆਨਦੀ ਹੈ। ਉਸ ਨਜ਼ਮ ਨੇ ਮੇਰੇ ਸੂਖ਼ਮ ਮਨ ਤੇ ਬਹੁਤ ਗਹਿਰਾ ਪ੍ਰਭਾਵ ਛੱਡਿਆ ਹੈ।

ਤਮੰਨਾ