ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 26, 2008

ਪਾਲ ਢਿੱਲੋਂ - ਗ਼ਜ਼ਲ

ਦੋਸਤੋ! ਅੱਜ ਮੈਂਨੂੰ ਡੈਡੀ ਜੀ ਨੇ ਵਰਨਨ, ਕੈਨੇਡਾ ਵੱਸਦੇ ਇੱਕ ਹੋਰ ਗ਼ਜ਼ਲਗੋ ਸਤਿਕਾਰਤ ਪਾਲ ਢਿੱਲੋਂ ਜੀ ਕਿਤਾਬ ਦਿੱਤੀ ਹੈ। ਪਾਲ ਢਿੱਲੋਂ ਜੀ ਦੀਆਂ ਹੁਣ ਤੱਕ ਪੰਜ ਕਿਤਾਬਾਂ ਆ ਚੁੱਕੀਆਂ ਹਨ,ਜਿਨ੍ਹਾ ਵਿੱਚ: ਗੀਤ ਸੰਗ੍ਰਹਿ: ਉੱਡਦੀਆਂ ਫੁਲਕਾਰੀਆਂ, ਗ਼ਜ਼ਲ ਸੰਗ੍ਰਹਿ: ਜੰਗਲ਼ ਪਹਾੜ ਝੀਲਾਂ, ਬਰਫ਼ਾਂ ਲੱਦੇ ਰੁੱਖ, ਖ਼ੁਸ਼ੀ ਖ਼ੁਸ਼ਬੂ ਖ਼ੁਮਾਰੀ,ਦਿਸਹੱਦੇ ਤੋਂ ਪਾਰ ਸ਼ਾਮਿਲ ਹਨ। ਅੱਜ ਆਰਸੀ ਤੇ ਢਿਲੋਂ ਸਾਹਿਬ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਤੁਹਾਡੀ ਸਭ ਦੀ ਨਜ਼ਰ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਉਹਨਾਂ ਦੀ ਆਰਸੀ ਤੇ ਗ਼ਜ਼ਲਾਂ ਨਾਲ਼ ਪਹਿਲੀ ਹਾਜ਼ਰੀ ਹੈ....ਪਾਲ ਢਿੱਲੋਂ ਜੀ ਨੂੰ ਸਾਰੇ ਪਾਠਕ / ਲੇਖਕ ਵਰਗ ਵੱਲੋਂ ਖ਼ੁਸ਼ਆਮਦੀਦ!

ਗ਼ਜ਼ਲ

ਮੈਂ ਆਪਣੇ ਨਾਮ ਹੀ ਸਾਰੀ ਧਰਤ ਅੰਬਰ ਲਿਖ ਲਿਆ ਹੁੰਦਾ।

ਜੇ ਮੇਰੇ ਵੱਸ ਚ ਹੁੰਦਾ ਖ਼ੁਦ ਮੁਕੱਦਰ ਲਿਖ ਲਿਆ ਹੁੰਦਾ।

---------

ਜੇ ਹੁੰਦਾ ਲਾਲਚੀ ਮੈਂ ਦੌਲਤਾਂ ਤੇ ਸ਼ੌਹਰਤਾਂ ਦਾ ਫਿਰ,

ਮੈਂ ਅਪਣਾ ਨਾਮ ਨਾਦਰ ਜਾਂ ਸਿਕੰਦਰ ਲਿਖ ਲਿਆ ਹੁੰਦਾ।

---------

ਪਰਿੰਦਾ, ਪੌਣ, ਬੱਦਲ਼, ਚੰਨ, ਸੂਰਜ ਜੇ ਮੈਂ ਹੁੰਦਾ ਤਾਂ,

ਪਰਾਂ ਤੇ ਆਪਣੇ ਸਾਰਾ ਹੀ ਅੰਬਰ ਲਿਖ ਲਿਆ ਹੁੰਦਾ।

----------

ਹਰਿਕ ਰਾਹ, ਮੀਲ ਪੱਥਰ ਤੇ ਬਿਰਖ਼ ਸਭ ਨਾਲ਼ ਤੁਰ ਪੈਂਦੇ,

ਸਫ਼ਰ ਵਿਚ ਮੈਂ ਇਹਨਾਂ ਨੂੰ ਜੇ ਮੁਸਾਫ਼ਿਰ ਲਿਖ ਲਿਆ ਹੁੰਦਾ।

----------

ਪਤਾ ਹੁੰਦਾ ਟਿਕਾਣਾ ਜੇ ਇਹਨਾਂ ਦਾ ਇਕ ਥਾਂ ਪੱਕਾ,

ਮੈਂ ਹਰ ਪੰਛੀ ਦੇ ਨਾਂ ਤੇ ਉਸ ਨਗਰ ਘਰ ਲਿਖ ਲਿਆ ਹੁੰਦਾ।

---------

ਨਾ ਹੁੰਦਾ ਖ਼ੌਫ਼ ਖ਼ੰਜਰ ਦਾ ਕਦੇ ਵੀ ਫੁੱਲ ਕਲੀਆਂ ਨੂੰ,

ਜੇ ਹਰ ਫੁੱਲ ਹਰ ਕਲੀ ਦੇ ਨਾਮ ਖ਼ੰਜਰ ਲਿਖ ਲਿਆ ਹੁੰਦਾ।

---------

ਫਸੀਲਾਂ ਤਿੜਕੀਆਂ, ਨਾ ਦਰ ਨਾ ਬਾਰੀ, ਛੱਤ ਵੀ ਚੋਂਦੀ,

ਜੇ ਮੇਰਾ ਘਰ ਨਾ ਇਹ ਹੁੰਦਾ ਮੈਂ ਖੰਡਰ ਲਿਖ ਲਿਆ ਹੁੰਦਾ।

============================

ਗ਼ਜ਼ਲ

ਜਦੋਂ ਵੀ ਦੇਖਿਆ ਕਿਧਰੇ ਮੈਂ ਅਪਣੇ ਹਾਣ ਦਾ ਸ਼ੀਸ਼ਾ।

ਇਵੇਂ ਲੱਗਾ ਜਿਵੇਂ ਮੈਨੂੰ ਚਿਰਾਂ ਤੋਂ ਜਾਣਦਾ ਸ਼ੀਸ਼ਾ।

---------

ਜਦੋਂ ਸ਼ੀਸ਼ੇ ਦੇ ਅੱਗੇ ਖੜ੍ਹ ਕੇ ਸ਼ੀਸ਼ਾ ਦੇਖਦਾ ਖ਼ੁਦ ਨੂੰ,

ਧੁਰ ਅੰਦਰ ਤੀਕ ਅਪਣੇ ਆਪ ਨੂੰ ਹੈ ਮਾਣਦਾ ਸ਼ੀਸ਼ਾ।

--------

ਉਨ੍ਹਾਂ ਨੇ ਜ਼ਿੰਦਗੀ ਭਰ ਸ਼ੀਸ਼ਿਆਂ ਨੂੰ ਘੂਰਦੇ ਰਹਿਣਾ,

ਨਾ ਮਿਲ਼ਿਆ ਹੈ ਜਿਨ੍ਹਾਂ ਨੂੰ ਜ਼ਿੰਦਗੀ ਵਿਚ ਹਾਣ ਦਾ ਸ਼ੀਸ਼ਾ।

---------

ਇਹ ਫੁੱਲ ਤੋਂ ਖ਼ਾਰ ਬਣਦਾ ਹੈ ਇਹ ਬਣਦਾ ਮੋਮ ਤੋਂ ਪੱਥਰ,

ਜਦੋਂ ਪੱਥਰ ਨਾ ਟੱਕਰ ਲੈਣ ਦੀ ਹੈ ਠਾਣਦਾ ਸ਼ੀਸ਼ਾ।

---------

ਮਿਰੀ ਹਾਂ ਵਿਚ ਹਾਂ ਨਾਂਹ ਵਿਚ ਨਾਂਹ ਜਿਵੇਂ ਆਖਾਂ ਉਵੇਂ ਕਰਦਾ,

ਮਿਰਾ ਹਮਰਾਜ਼ ਜਨਮਾਂ ਤੋਂ ਹੈ ਮੈਨੂੰ ਜਾਣਦਾ ਸ਼ੀਸ਼ਾ।

---------

ਚੁਫ਼ੇਰੇ ਕੰਧ, ਸਿਰ ਤੇ ਛੱਤ, ਪਰਦੇ ਖਿੜਕੀਆਂ ਉੱਤੇ,

ਹਿਫ਼ਾਜ਼ਤ ਆਪਣੀ ਖ਼ਾਤਰ ਹਮੇਸ਼ਾ ਤਾਣਦਾ ਸ਼ੀਸਾ।

--------

ਨਾ ਦੇ ਧੋਖਾ ਬਦਲ ਕੇ ਰੂਪ ਆਪਣਾ ਏਸ ਨੂੰ ਢਿੱਲੋਂ!

ਤਿਰੇ ਹਰ ਰੂਪ ਨੂੰ ਹੈ ਜਾਣਦਾ ਪਹਿਚਾਣਦਾ ਸ਼ੀਸ਼ਾ।

4 comments:

N Navrahi/एन नवराही said...

ਬਈ ਕਮਾਲ ਦੀਆਂ ਗ਼ਜ਼ਲਾਂ ਨੇ। ਇਕ ਇਕ ਸ਼ੇਅਰ ਦਿਲ ਚ ਉੱਤਰਨ ਵਾਲਾ ਏ।

Jasvir Hussain said...

ਆਦਾਬ,
ਪਾਲ ਢਿੱਲੋਂ ਜੀ ਦੀਆਂ ਗ਼ਜ਼ਲਾਂ ਪੜ੍ਹ ਕੇ ਇੰਝ ਮਹਿਸੂਸ ਹੋਇਆ ਜਿਵੇਂ ਮੈਂ ਸੱਚਮੁੱਚ ਹੀ ਸ਼ੀਸ਼ੇ ਦੇ ਸਾਹਵੇਂ ਖੜ੍ਹਾ ਹੋਵਾਂ ।
ਸੱਚ ਦੇ ਰੂਬਰੂ ਕਰਵਾਉਂਦੀ ਇਸ ਕਲਮ ਨੂੰ ਜਸਵੀਰ ਹੁਸੈਨ ਵਲੋਂ ਸਲਾਮ.......

रीतू कलसी said...

ਗ਼ਜ਼ਲਾਂ ਪਸੰਦ ਆਈਆਂ।
ਬਹੁਤ ਬਹੁਤ ਵਧਾਈ

ਰੀਤੂ ਕਲਸੀ
ਮੈਨੇਜਰ (ਮਾਰਕਿਟਿੰਗ)
ਰੋਜ਼ਾਨਾ ਨਵਾਂ ਜ਼ਮਾਨਾ
ਜਲੰਧਰ, ਪੰਜਾਬ

ਤਨਦੀਪ 'ਤਮੰਨਾ' said...

Respected Paul Dhillon saheb...tuhadi kisse vi likhat nu parhan da eh mera pehla mauka si...bahut ziada khoobsurat laggiaan dono ghazalan hi...Thanks to Dad too...jinna ne tuhadi kitaab mainu ditti...
ਮੈਂ ਆਪਣੇ ਨਾਮ ਹੀ ਸਾਰੀ ਧਰਤ ਅੰਬਰ ਲਿਖ ਲਿਆ ਹੁੰਦਾ।
ਜੇ ਮੇਰੇ ਵੱਸ ‘ਚ ਹੁੰਦਾ ਖ਼ੁਦ ਮੁਕੱਦਰ ਲਿਖ ਲਿਆ ਹੁੰਦਾ।
---------
ਜੇ ਹੁੰਦਾ ਲਾਲਚੀ ਮੈਂ ਦੌਲਤਾਂ ਤੇ ਸ਼ੌਹਰਤਾਂ ਦਾ ਫਿਰ,
ਮੈਂ ਅਪਣਾ ਨਾਮ ਨਾਦਰ ਜਾਂ ਸਿਕੰਦਰ ਲਿਖ ਲਿਆ ਹੁੰਦਾ।
EH sheyer mainu enney changey laggey ke ki likhan!
------
ਜਦੋਂ ਵੀ ਦੇਖਿਆ ਕਿਧਰੇ ਮੈਂ ਅਪਣੇ ਹਾਣ ਦਾ ਸ਼ੀਸ਼ਾ।
ਇਵੇਂ ਲੱਗਾ ਜਿਵੇਂ ਮੈਨੂੰ ਚਿਰਾਂ ਤੋਂ ਜਾਣਦਾ ਸ਼ੀਸ਼ਾ।
---------
ਚੁਫ਼ੇਰੇ ਕੰਧ, ਸਿਰ ‘ਤੇ ਛੱਤ, ਪਰਦੇ ਖਿੜਕੀਆਂ ਉੱਤੇ,
ਹਿਫ਼ਾਜ਼ਤ ਆਪਣੀ ਖ਼ਾਤਰ ਹਮੇਸ਼ਾ ਤਾਣਦਾ ਸ਼ੀਸਾ।
Kamaal de khayal ne ehna sheyeraan vich!! Marvellous!! Mubarakbaad kabool karo.

Tamanna







----------