ਐਵੇਂ ਨਾ ਝੂਰ ਬਹਿ ਕੇ, ਦਿਲ ਨੂੰ ਕਰਾਰ ਦੇ ।
ਕਿੰਨੀ ਹਸੀਨ ਜ਼ਿੰਦਗੀ, ਹੱਸ ਕੇ ਗੁਜ਼ਾਰ ਦੇ ।
----
ਖੁਸ਼ੀਆਂ ਤੇ ਖੇੜਿਆਂ ਦੀ, ਲਾ ਦੇ ਚੁਫੇਰ ਮਹਿਫਲ
ਸੁਹਜਾਂ ਦੇ ਨਾਲ ਗਮ ਦਾ, ਮੁੱਖੜਾ ਸੁਆਰ ਦੇ ।
----
ਚੁਣ ਕੇ ਹਮੇਸ਼ ਕੰਡੇ, ਪੀੜਾਂ ਦੇ ਪੈਂਡਿਆਂ ਚੋਂ,
ਕਲੀਆਂ ਤੇ ਫੁੱਲ ਖੇੜੇ, ਹਰ ਥਾਂ ਖਿਲਾਰ ਦੇ ।
----
ਦੂਈ ਦਵੈਤ ਸਾੜਾ, ਛੱਡ ਈਰਖਾ ਬਖੀਲੀ,
ਕੋਮਲ ਮਲੂਕ ਜ਼ਜ਼ਬੇ, ਹਰ ਥਾਂ ਸ਼ਿੰਗਾਰ ਦੇ ।
----
ਵੈਰੀ ਨਹੀਂ ਹੈ ਕੋਈ, ਨਾ ਹੀ ਕੋਈ ਬੇਗਾਨਾ,
ਜੋ ਵੀ ਪਿਆਰ ਮੰਗਦਾ, ਉਸ ਨੂੰ ਪਿਆਰ ਦੇ ।
----
ਮੱਚਦੀ ਪਿਆਰ ਬਾਝੋਂ, ਦੁਨੀਆਂ ਮਾਯੂਸ ਹੋਈ,
ਅੰਮ੍ਰਿਤ ਦੇ ਪਿਆਰ ਛਿੱਟੇ, ਸਭਨਾ ਤੇ ਮਾਰ ਦੇ ।
----
ਸਭ ਦਾ ਭਲਾ ਹੈ ਕਰਨਾ, ਸਭ ਦੀ ਤੂੰ ਖੈਰ ਮੰਗੀਂ,
ਜ਼ਿੰਦਗੀ ਦਾ ਕਰਜ਼ ਏਦਾਂ, ਸਿਰ ਤੋਂ ਉਤਾਰ ਦੇ ।
----
ਮੁਲਕਾਂ ਦੇ ਛੱਡ ਬਖੇੜੇ, ਧਰਮਾਂ ਦੇ ਛੱਡ ਝੇੜੇ,
‘ਬੇਗਮਪੁਰਾ’ ਦੀ ਜੱਗ ਤੇ, ਜੱਨਤ ਉਸਾਰ ਦੇ ।
No comments:
Post a Comment