ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, February 19, 2009

ਕੰਵਰ ਇਮਤਿਆਜ਼ - ਨਜ਼ਮ

ਸਾਹਿਤਕ ਨਾਮ - ਕੰਵਰ ਇਮਤਿਆਜ਼

ਪਿੰਡ - ਸਿੱਧਵਾਂ (ਕਪੂਰਥਲਾ)

ਕਿਤਾਬਾਂ - ਲਿਖਤੁਮ ਸ਼ਹਿਰ ਭੰਬੋਰ (ਕਾਵਿ-ਸੰਗ੍ਰਹਿ), ਆ ਪੰਜਾਬ ਮੁੜ ਆ (ਸੰਪਾਦਨ-ਪੰਜਾਬ ਨਾਲ ਸੰਬੰਧਤ ਕਵਿਤਾਵਾਂ)

ਇਮਤਿਆਜ਼ ਪਿੰਡ ਦੇ ਸਕੂਲ ਵਿਚ ਅਧਿਆਪਕ ਰਿਹਾਰਿਟਾਇਰਮੈਂਟ ਵਾਲੇ ਦਿਨ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਸਾਹਮਣੇ ਬਣੀਆਂ ਕਬਰਾਂ ਵੱਲ ਇਸ਼ਾਰਾ ਕਰਕੇ ਬੋਲਿਆ,‘ਮੇਰੇ ਬੱਚਿਓ ਮੈਂ ਤੁਹਾਡੇ ਤੋਂ ਦੂਰ ਨਹੀਂ ਜਾਵਾਂਗਾਬਸ ਔਸ ਜਗ੍ਹਾ ਤੇ ਆਰਾਮ ਨਾਲ ਲੇਟ ਜਾਵਾਂਗਾਤੁਹਾਨੂੰ ਸਕੂਲੇ ਆਉਂਦੇ ਤੇ ਵਾਪਸ ਜਾਂਦੇ ਦੇਖ ਕੇ ਮੁਸਕਰਾਉਂਦਾ ਰਹਾਂਗਾ

ਰਿਟਾਇਰ ਹੋਣ ਤੋਂ ਚਾਰ ਪੰਜ ਮਹੀਨੇ ਬਾਅਦ-5 ਜਨਵਰੀ 2009 ਨੂੰ ਕੰਵਰ ਇਮਤਿਆਜ਼ ਤੁਰ ਗਿਆ

ਕੰਵਰ ਇਮਤਿਆਜ਼ ਦੀ ਸ਼ਾਇਰੀ ਸਥਾਪਤ ਹੋਈਆਂ ਗ਼ਲਤ ਕਦਰਾਂ-ਕੀਮਤਾਂ ਨਾਲ ਲੋਹਾ ਲੈਂਦੀ, ਹਨੇਰੀਆਂ ਤਾਕਤਾਂ ਨਾਲ ਖਹਿੰਦੀ, ਰੌਸ਼ਨ ਭਵਿੱਖ ਦੇ ਚਿਰਾਗ਼ ਬਾਲਦੀ ਪਾਠਕ ਨੂੰ ਮੋਹ ਲੈਣ ਦੀ ਸਮਰੱਥਾ ਰੱਖਦੀ ਹੈਉਸਦੀ ਇਹ ਪ੍ਰਗੀਤਕ ਰਚਨਾ ਅੱਖਰਮੈਗਜ਼ੀਨ ਦੇ ਜਨਵਰੀ 2009 ਅੰਕ ਵਿਚੋਂ ਲਈ ਗਈ ਹੈ

ਸੁਰਿੰਦਰ ਸੋਹਲ

ਯੂ.ਐੱਸ.ਏ.

------------

ਦੋਸਤੋ! ਮੈਂ ਸੋਹਲ ਸਾਹਿਬ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮਰਹੂਮ ਕੰਵਰ ਇਮਤਿਆਜ਼ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਲਈ ਭੇਜੀ ਹੈ। ਅੱਜ ਇਮਤਿਆਜ਼ ਸਾਹਿਬ ਨੂੰ ਯਾਦ ਕਰਦਿਆਂ ਇਹ ਨਜ਼ਮ ਤੁਹਾਡੇ ਸਭ ਨਾਲ਼ ਸਾਂਝੀ ਕਰ ਰਹੀ ਹਾਂ।

ਵੇਦਨ ਕਿਸ ਨੂੰ ਕਹੀਏ!

ਨਜ਼ਮ

ਹੇ ਮਨ! ਵੇਦਨ ਕਿਸ ਨੂੰ ਕਹੀਏ

ਜੇਕਰ ਸਿਤਮੀਂ ਸਿਤਮ ਕਰੇਸੀ

ਹੋ ਦਿਲਗੀਰ ਨਾ ਬਹੀਏ

ਹੇ ਮਨ...

----

ਤਖ਼ਤਾਂ ਦੇ ਸੰਗ ਹੇਤ ਨਾ ਕਰੀਏ

ਸਿਤਮੀਂ ਦਾ ਨਾ ਪਾਣੀ ਭਰੀਏ

ਕਵਿਤਾ ਦੇ ਵਿਚ ਗੌਂਦੇ ਰਹੀਏ

ਚੁੱਪ ਕਰਕੇ ਨਾ ਬਹੀਏ

ਹੇ ਮਨ...

----

ਆਪਣਾ ਦੀਵਾ ਬਾਲ ਕੇ ਰੱਖੀਏ

ਨੀ ਸੁਣ ਮੇਰੇ ਮਨ ਦੀਏ ਸਖੀਏ

ਅੱਖਰਾਂ ਦੇ ਤੇਲ ਦਾ ਦੀਵਾ

ਸਦਾ ਸੀਖਦੇ ਰਹੀਏ

ਹੇ ਮਨ...

----

ਜੇਕਰ ਮੁਨਸਿਫ਼ ਢੌਂਗ ਰਚਾਵੇ

ਸੂਰਜ ਮੁੱਠੀ ਵਿਚ ਲੁਕਾਵੇ

ਫਿਰ ਵੀ ਕਾਲੇ ਸਮਿਆਂ ਦੇ ਵਿਚ

ਜੁਗਨੂੰ ਬਣ ਕੇ ਰਹੀਏ

ਹੇ ਮਨ...

----

ਸੋਚ ਦੀ ਬਰਛੀ ਸਾਣ ਤੇ ਲਾ ਕੇ

ਮੱਥੇ ਅੰਦਰ ਦੀਪ ਜਗਾ ਕੇ

ਤੁਰਦੇ ਰਹਿਣਾ ਹੋਕਾ ਦੇਣਾ

ਨ੍ਹੇਰੇ ਦੇ ਸੰਗ ਖਹੀਏ

ਹੇ ਮਨ...

----

ਬੀਤੇ ਅੰਦਰ ਗੁੰਮ-ਸੁੰਮ ਰਹਿ ਕੇ

ਕੀ ਪਾਏਂਗਾ ਕਵਿਤਾ ਕਹਿ ਕੇ

ਤਨ ਦਾ ਹੁਜਰਾ, ਹੱਕ ਦਾ ਨਾਅਰਾ

ਗੂੰਜ ਪਿਆ ਨੀ ਸਈਏ!

ਹੇ ਮਨ! ਵੇਦਨ ਕਿਸ ਨੂੰ ਕਹੀਏ!


No comments: