ਨਾ ਜਾਣਾ ਅਜ ਕਿੱਥੇ ਗੁੰਮੇ, ਸੁੱਖਾਂ ਦੇ ਸਿਰਨਾਵੇਂ।
ਨਾਗਾਂ ਵਾਗੂੰ ਡੰਗਣ ਜਿੰਦ ਨੂੰ, ਰੁੱਖਾਂ ਦੇ ਪਰਛਾਵੇਂ।
----
ਅੰਬਰ ਰੋਇਆ ਮੇਰਾ ਤਾਂ ਚੰਨ ਚੋਰੀ ਹੋਇਆ ਰਾਤੀਂ,
ਦਸ ਮਨਾ ਤੂੰ ਕਿਸ ਅੰਬਰ ਤੋਂ, ਚਾਨਣ ਲੱਭਣ ਜਾਵੇਂ?
----
ਜਦ ਕਿ ਅੱਖਾਂ ਦੇ ਖੂਹ ਸੁੱਕੇ, ਆਉਂਣ ਨਾ ‘ਹੰਝੂ-ਪੰਛੀ’,
ਤੂੰ ਕਿਉਂ ਉੱਡਦੇ ਪੰਛੀ ਦਸ ਫਿਰ, ਆਪਣੇ ਕੋਲ਼ ਬੁਲਾਵੇਂ?
----
ਤੂੰ ਬੁੱਢਾ-ਰੁਖ, ਤੇਰਾ ਸਾਥ, ਗਏ ਛੱਡ ਸਾਵੇ ਪੱਤੇ,
ਤੂੰ ਤਾਂ ‘ਰੁੰਡ-ਮੁੰਡ ਉਜਾੜੀਂ’, ਰੋਵੇਂ ਤੇ ਕੁਰਲਾਵੇਂ।
----
ਜੋਬਨ ਦਾ ਦਰਿਆ ਸੁਕਿਆ ਹੈ, ਨਾ ਹੁਣ ਮਸਤ-ਬਹਾਰਾਂ,
ਐਵੇਂ ਰੇਤ ‘ਚ ਦੱਸ ਤੂੰ ਕਾਹਤੇ, ਕਿਸ਼ਤੀ ਯਾਰ ਤਰਾਵੇਂ?
----
ਜਾ ਗੋਰਖ ਦੇ ਡੇਰੇ, ਤੇਰੀ ‘ਹੀਰ’ ਪਰਾਈ ਹੋਈ,
ਕਿਉਂ ਤੂੰ ਬੈਠਾ ਹੁਣ ਵੀ ਵੰਝਲੀ, ਬੇਲੇ ਵਿਚ ਵਜਾਵੇਂ?
----
ਮੈਂ ‘ਕੁਕਨੂਸ’ ਕਦੇ ਨਾ ਮਰਦਾ, ਮੁੜ ਮੁੜ ਕੇ ਮੈਂ ਜਨਮਾਂ,
‘ਮਾਂਗਟ’ ਨੂੰ ਤੂੰ ਮਾਰ ਲਿਆ ਹੈ, ਝੂਠਾ ਮਨ-ਪਰਚਾਵੇਂ।
No comments:
Post a Comment