ਇਸ਼ਕ ਨੇ ਬੰਨ੍ਹੀ ਮੇਰੀ ਪਰਵਾਜ਼ ਹੈ।
ਕਤਲ ਦਾ ਕਿਤਨਾ ਹਸੀਨ ਅੰਦਾਜ਼ ਹੈ।
----
ਜ਼ਹਿਰ ਪੀਣਾ, ਵੰਡਣਾ ਅੰਮ੍ਰਿਤ ਸਦਾ,
ਤਲਖ਼ੀਆਂ ਵਿਚ ਮੁਸਕਣੀ ਦਾ ਰਾਜ਼ ਹੈ।
----
ਉਮਰ ਦਾ ਜੋ ਦਰਦ ਦੇ ਕੇ ਤੁਰ ਗਿਆ,
ਗ਼ਜ਼ਲ ਉਸਦੀ ਹੈ, ਮਿਰੀ ਆਵਾਜ਼ ਹੈ।
----
ਗੀਤ ਗਾਉਂਨਾਂ ਜ਼ਿੰਦਗੀ ਦੇ ਏਸ ‘ਤੇ,
ਮੇਰੀ ਧੜਕਣ ਹੀ ਮਿਰਾ ਤਾਂ ਸਾਜ਼ ਹੈ।
----
ਨ੍ਹੇਰਿਆਂ ਨੂੰ ਮੂੰਹ ਚਿੜਾਉਂਦੇ ਫਿਰਨ ਜੋ,
ਜੁਗਨੂੰਆਂ ਨੂੰ ਆਪਣੇ ‘ਤੇ ਨਾਜ਼ ਹੈ।
----
ਜੋ ਛੁਪਾਉਂਦਾ ਜੱਗ ਤੋਂ ਹਰਦਮ ਰਿਹਾ,
ਅੱਖਰੋ, ਦੱਸਿਆ ਤੁਹਾਨੂੰ ਰਾਜ਼ ਹੈ।
No comments:
Post a Comment