ਨਜ਼ਮ
ਅਸੀਂ – ਜਿਨ੍ਹਾਂ ਦੇ
ਵਾਲ਼ ਬੇਤਰਤੀਬੇ ਹਨ
ਮੂੰਹ ਰੰਗੇ ਹੋਏ
ਮੋਢਿਆਂ ਬਾਹਵਾਂ ਪਿੱਠਾਂ ਉਤੇ
ਚਿੱਤਰ ਉੱਕਰੇ ਹੋਏ
ਕਦੇ ਇਕੱਲੇ ਕਦੇ ਭੀੜ ਬਣਾ
ਉੱਚੀ ਉੱਚੀ ਹੱਸਦੇ
ਬੇਸਮਝ ਬੇਪਛਾਣ ਬੇਮਕਸਦ ਜਾਪਦੇ
....................
ਅਸੀਂ ਸਾਰੇ
ਜਦੋਂ ਆਪੋ ਆਪਣੀ ਪਛਾਣ
ਘਰੋਂ ਨਾ ਲੱਭ ਸਕੇ
ਤਾਂ ਆਪ ਹੀ ਨਿੱਕਲ਼ ਗਏ ਸਾਂ
ਉਸ ਇੱਟ ਦੀ ਭਾਲ਼ ਵਿੱਚ
ਜਿਸਨੂੰ ਆਪਣੀ ਨੀਂਹ ਵਿੱਚ
ਰੱਖ ਸਕੀਏ
ਆਪਣੀ ਪਛਾਣ ਦੇ ਲੱਭ ਪੈਣ ਤੀਕ
ਅਸੀਂ ਇਹ ਪਛਾਣ ਘੜ ਰੱਖੀ ਹੈ
.................
ਤੁਸੀਂ ਸਾਡੇ
ਕੰਨਾਂ ਨੱਕ ਤੇ ਬੁੱਲ੍ਹਾਂ ਵਿੱਚ ਪਈਆਂ
ਮੁੰਦਰਾਂ ਹੀ ਗਿਣੀਆਂ ਨੇ
ਤੁਹਾਨੂੰ ਸਾਡੇ ਵਿੱਚੋਂ
ਕੋਈ ਬੇਚੈਨ ਯਾਤਰੀ
ਕੋਈ ਸਿਰਫਿਰਿਆ ਖੋਜੀ
ਨਜ਼ਰ ਨਹੀਂ ਆਉਂਦਾ ?
1 comment:
ਮਿਥਾਂ ਨੂੰ ਤੋੜਦੀ ਹੋਈ ਕਵਿਤਾ ਹੈ ...
Post a Comment