ਨਜ਼ਮ
ਮਾਏ ਨੀ! ਤੈਂ
ਕਿਸ ਬਿਧ ਲੇਖ ਲਿਖੇ?...
ਫੁੱਲਾਂ ਦੀ ਅਸਾਂ ਲੋਚਾਂ ਕੀਤੀ
ਲੰਘਣੇ ਪਏ ਸਿਵੇ।
ਮਾਏ ਨੀ! ਤੈਂ ਕਿਸ ਬਿਧ....
----
ਤ੍ਰੇਲ ਨਾਲ਼ ਜੋ ਠਰ ਜਾਂਦਾ ਸੀ
ਇਸ ਧਰਤੀ ਦਾ ਪਿੰਡਾ
ਸੈ ਜਿੰਦਾਂ ਦੀ ਰੱਤ ਪੀ ਕੇ ਵੀ
ਕਿਉਂ ਨਾ ਅਜੇ ਠਰੇ?
ਮਾਏ ਨੀ! ਤੈਂ ਕਿਸ ਬਿਧ....
----
ਰੁੱਖੜਿਆ, ਤੈਨੂੰ ਕਦੋਂ ਪਵੇਗਾ
ਮੋਹ, ਸਨੇਹ ਦਾ ਬੂਰ
ਬੂਟੜਿਓ, ਤੁਸੀਂ ਕਦ ਉੱਗੋਂ ਗੇ
ਲੈ ਕੇ ਪੱਤ ਹਰੇ?
ਮਾਏ ਨੀ! ਤੈਂ ਕਿਸ ਬਿਧ....
----
ਮੇਘਲਿਆ, ਤੇਰੀ ਕੁੱਖ ਵਿਚ ਕਿੰਝ ਦੀ
ਕਣੀਆਂ ਦੀ ਤਾਸੀਰ
ਧਰਤੀ ਵਿਚੋਂ ਲਾਟਾਂ ਉੱਠਣ
ਜਿਉਂ ਜਿਉਂ ਕਣੀ ਵਰ੍ਹੇ?
ਮਾਏ ਨੀ! ਤੈਂ ਕਿਸ ਬਿਧ....
----
ਲੋਹੇ ਦੀ ਪੂਜਾ ਤੋਂ ਹਟ ਕੇ
ਸ਼ਬਦ-ਸ਼ਕਤੀ ਵੱਲ ਆਈਏ
ਕੀ ਮੁਹਤਾਜੀ ਲੋਹੇ ਦੀ ਜੇ
ਸ਼ਬਦਾਂ ਨਾਲ਼ ਸਰੇ।
ਮਾਏ ਨੀ! ਤੈਂ ਕਿਸ ਬਿਧ....
----
ਮਾਏ ਨੀ! ਤੈਂ
ਕਿਸ ਬਿਧ ਲੇਖ ਲਿਖੇ?...
ਫੁੱਲਾਂ ਦੀ ਅਸਾਂ ਲੋਚਾਂ ਕੀਤੀ
ਲੰਘਣੇ ਪਏ ਸਿਵੇ।
ਮਾਏ ਨੀ! ਤੈਂ ਕਿਸ ਬਿਧ....
No comments:
Post a Comment